Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜਾਬ ’ਚ ਹਰ ਸਾਲ ਅੰਧਵਿਸ਼ਵਾਸ ਦੀ ਭੇਟ ਚੜ੍ਹਦੇ ਹਨ 14 ਕਰੋੜ ਦੇ ਨਿੰਬੂ ਤੇ ਮਿਰਚਾਂ

Posted on June 2nd, 2013

<p>ਇਕ ਦੁਕਾਨ ’ਤੇ ਲਟਕ ਰਹੀਆਂ ਤਾਜ਼ੀਆਂ ਮਿਰਚਾਂ ਤੇ ਨਿੰਬੂ<br></p>

ਮੁਹਾਲੀ- ਪੰਜਾਬ ਵਿੱਚ ਖਾਣ ਵਾਲੀਆਂ ਕੀਮਤੀ ਚੀਜ਼ਾਂ ਤੇਜ਼ੀ ਨਾਲ ਅੰਧਵਿਸ਼ਵਾਸ ਦੀ ਭੇਟ ਚੜ੍ਹ ਰਹੀਆਂ ਹਨ। ਕੇਵਲ ਪੰਜਾਬ ਵਿੱਚ ਹੀ ਹਰ ਸਾਲ ਕਰੀਬ 14 ਕਰੋੜ 1 ਲੱਖ 40 ਹਜ਼ਾਰ ਰੁਪਏ ਦੀਆਂ ਮਿਰਚਾਂ ਤੇ ਨਿੰਬੂ ਲੋਕ ਆਪਣੀਆਂ ਦੁਕਾਨਾਂ, ਘਰਾਂ ਅਤੇ  ਵਾਹਨਾਂ ਉੱਤੇ ਟੰਗ ਕੇ ਖ਼ਰਾਬ ਕਰ ਦਿੰਦੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਲੋਕ ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲੋਂ ਵੱਧ ਅਜਿਹੇ ਅੰਧਵਿਸ਼ਵਾਸਾਂ ਕਾਰਨ ਬਰਬਾਦ ਕਰਦੇ ਹਨ। ਇਨ੍ਹਾਂ ਅੰਧਵਿਸ਼ਵਾਸਾਂ ਕਾਰਨ ਹੀ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਅੱਜ ਅਸਮਾਨੀ ਚੜ੍ਹੀਆਂ ਹੋਈਆਂ ਹਨ। ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸੂਬੇ ’ਚ ਕੀਤੇ ਸਰਵੇ ਦੌਰਾਨ ਇਹ ਤੱਥ ਸਾਹਮਣੇ ਆਏ ਹਨ।

ਤਰਕਸ਼ੀਲ ਸੁਸਾਇਟੀ ਵੱਲੋਂ ਇਹ ਅੰਕੜੇ ਪੰਜਾਬ ਦੇ ਵੱਖ-ਵੱਖ ਵੱਡੇ ਤੇ ਛੋਟੇ ਸ਼ਹਿਰਾਂ, ਕਸਬਿਆਂ, ਵਾਹਨਾਂ, ਪਿੰਡਾਂ ਦੀਆਂ ਦੁਕਾਨਾਂ ਆਦਿ ਦੇ ਆਧਾਰ ’ਤੇ ਪੇਸ਼ ਕੀਤੇ ਗਏ ਹਨ। ਸੁਸਾਇਟੀ ਦੇ ਮੈਗਜ਼ੀਨ ਦੇ ਸਹਿ ਸੰਪਾਦਕ ਜਸਵੰਤ ਮੁਹਾਲੀ ਅਤੇ ਤਰਕਸ਼ੀਲ ਆਗੂ ਜਰਨੈਲ ਕ੍ਰਾਂਤੀ ਨੇ ਮੀਡੀਆ ਨੂੰ ਸਰਵੇ ਰਿਪੋਰਟ ਨਸ਼ਰ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਅੰਮ੍ਰਿਤਸਰ, ਜਲੰਧਰ ਸਮੇਤ ਅਜਿਹੇ ਕੁੱਲ 25 ਵੱਡੇ ਸ਼ਹਿਰ ਹਨ ਜਿਥੇ ਕਿ 25 ਹਜ਼ਾਰ ਦੁਕਾਨਾਂ ਹਨ ਜਿਨ੍ਹਾਂ ਦੇ ਵਰਾਂਡਿਆਂ ’ਚ ਇਹ ਨਿੰਬੂ ਮਿਰਚਾਂ ਦੇ ਸੈੱਟ ਬਣਾ ਕੇ ਟੰਗੇ ਹੋਏ ਹਨ ਤੇ ਇਨ੍ਹਾਂ ਨਿੰਬੂ-ਮਿਰਚਾਂ ਦੇ ਹਰ ਸੈਟ ਦੀ ਕੀਮਤ 10 ਰੁਪਏ ਹੈ। ਹਰ ਸ਼ਨਿੱਚਰਵਾਰ ਨੂੰ ਕਰੀਬ 2 ਲੱਖ 50 ਹਜ਼ਾਰ ਰੁਪਏ ਦੇ ਨਿੰਬੂ-ਮਿਰਚਾਂ ਟੰਗੇ ਜਾਂਦੇ ਹਨ। ਜੇ ਇਨ੍ਹਾਂ ਨੂੰ ਸਾਲ ਦੇ 52 ਹਫ਼ਤਿਆਂ ਦੇ ਆਧਾਰ ’ਤੇ ਗੁਣਾ ਕਰਕੇ ਦੇਖੀਏ ਤਾਂ ਇਹ ਰਕਮ 1 ਕਰੋੜ 30 ਲੱਖ ਰੁਪਏ ਦੀ ਬਣਦੀ ਹੈ।

ਇਸੇ ਤਰ੍ਹਾਂ ਸੂਬੇ ਵਿਚ ਕੁੱਲ ਛੋਟੇ 25 ਸ਼ਹਿਰ ਹਨ ਜਿਨ੍ਹਾਂ ’ਚ ਕਰੀਬ 500 ਦੇ ਕਰੀਬ ਦੁਕਾਨਾਂ ਹਨ। ਇਸ ਫ਼ਾਰਮੂਲੇ ਦੇ ਆਧਾਰ ’ਤੇ ਇਨ੍ਹਾਂ ਦੁਕਾਨਾਂ ’ਤੇ ਸਾਲਾਨਾ ਕੁੱਲ 65 ਲੱਖ ਰੁਪਏ ਦੇ ਨਿੰਬੂ-ਮਿਰਚਾਂ ਟੰਗ ਕੇ ਸੁਕਾ ਦਿੱਤੇ ਜਾਂਦੇ ਹਨ। ਇੰਝ ਹੀ ਪੰਜਾਬ ਵਿਚ ਕਰੀਬ 120 ਦੇ ਕਰੀਬ ਕਸਬੇ ਹਨ ਜਿਥੇ 100 ਦੇ ਕਰੀਬ ਦੁਕਾਨਾਂ ਹਨ ਜਿਨ੍ਹਾਂ ’ਤੇ ਹਰ ਹਫ਼ਤੇ 1 ਲੱਖ 20 ਹਜ਼ਾਰ ਅਤੇ ਸਾਲਾਨਾ 62 ਲੱਖ 40 ਹਜ਼ਾਰ ਰੁਪਏ ਦੀਆਂ ਦੋਵੇਂ ਖਾਣ ਵਾਲੀਆਂ ਚੀਜ਼ਾਂ ਭੰਗ ਦੇ ਭਾਣੇ ਗਵਾ ਦਿੱਤੀਆਂ ਜਾਂਦੀਆਂ ਹਨ। ਇਥੇ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਅੱਗਾਂ ਲੱਗਣ ਨਾਲ ਪੰਜਾਬ ਦੇ ਕਿੰਨੇ ਹੀ ਸ਼ਹਿਰ ਦੀਆਂ ਮਾਰਕੀਟਾਂ ਸਮੇਂ-ਸਮੇਂ ਤਬਾਹ ਹੋਈਆਂ ਹਨ ਅਤੇ ਕਿੰਨੀਆਂ ਹੀ ਦੁਕਾਨਾਂ ’ਚੋਂ ਰੋਜ਼ਾਨਾ ਚੋਰੀਆਂ ਹੋ ਰਹੀਆਂ ਹਨ ਜਿਨ੍ਹਾਂ ’ਤੇ ਨਿੰਬੂ ਮਿਰਚਾਂ ਟੰਗੇ ਹੁੰਦੇ ਹਨ ਪਰ  ‘ਨਿੰਬੂ ਮਿਰਚਾਂ’ ਕਿਸੇ ਦੀ ਕੋਈ ਸਹਾਇਤਾ ਨਹੀਂ ਕਰਦੀਆਂ। ਇਸ ਸਰਵੇ ਵਿੱਚ ਵਾਹਨਾਂ ’ਤੇ ਟੰਗੀਆਂ ਜਾਣ ਵਾਲੀਆਂ ਨਿੰਬੂ-ਮਿਰਚਾਂ ਨੂੰ ਵੀ ਸ਼ਾਮਲ ਕੀਤਾ ਗਿਆ। ਸੂਬੇ ਵਿਚ ਇਸ ਸਮੇਂ ਕਰੀਬ 10 ਲੱਖ ਵਾਹਨ ਹਨ।  ਜੇ ਇਹ ਮੰਨ ਲਿਆ ਜਾਵੇ ਕਿ ਇਨ੍ਹਾਂ ’ਚੋਂ ਸਿਰਫ਼ 10 ਫ਼ੀਸਦੀ ਭਾਵ 1 ਲੱਖ ਵਾਹਨਾਂ ਦੇ ਮਾਲਕ ਹੀ ਇਸ ਵਹਿਮ ਦਾ ਸ਼ਿਕਾਰ ਹਨ ਤਾਂ ਇਨ੍ਹਾਂ ’ਤੇ ਟੰਗੇ ਜਾਣ ਵਾਲੀਆਂ ਨਿੰਬੂ ਮਿਰਚਾਂ ਦੀ ਗਿਣਤੀ ਸਾਲਾਨਾ 5 ਕਰੋੜ 20 ਲੱਖ ਰੁਪਏ ਬਣਦੀ ਹੈ। ਸਰਵੇ ’ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸੂਬੇ ਦੇ 12 ਹਜ਼ਾਰ ਪਿੰਡਾਂ ’ਚੋਂ 7 ਹਜ਼ਾਰ ਪਿੰਡ ਅਜਿਹੇ ਹਨ ਜਿਥੇ ਔਸਤਨ 10 ਦੁਕਾਨਾਂ ਹਨ ਜਿਥੇ ਨਿੰਬੂ-ਮਿਰਚਾਂ ਦਾ ਵਹਿਮ ਪਾਇਆ ਜਾਂਦਾ ਹੈ। ਇਸ ਤਰ੍ਹਾਂ ਇਨ੍ਹਾਂ ਦੁਕਾਨਾਂ ’ਤੇ ਵੀ ਕੁੱਲ 3 ਕਰੋੜ 64 ਲੱਖ ਰੁਪਏ ਦੀਆਂ ਨਿੰਬੂ-ਮਿਰਚਾਂ ਨੂੰ ਸੁੱਕਣ ਲਈ ਛੱਡ ਦਿੱਤਾ ਜਾਂਦਾ ਹੈ।

ਇਸ ਤੋਂ ਇਲਾਵਾ ਪੰਜਾਬ ਵਿੱਚ ਲਗਪਗ 50 ਹਜ਼ਾਰ ਰੇਹੜੀਆਂ ਹਨ। ਜਿਨ੍ਹਾਂ ਦੇ ਮਾਲਕ ਆਪਣੇ ਕਾਰੋਬਾਰ ਨੂੰ ਵਧੀਆ ਚਲਾਉਣ ਦੀ ਮਨਸ਼ਾ ਨਾਲ ‘ਨਿੰਬੂ-ਮਿਰਚ’ ਟੋਟਕੇ ਦੀ ਵਰਤੋਂ ਕਰਦੇ ਹਨ। ਜਿਹੜੇ ਇਕ ਹਫ਼ਤੇ ਵਿੱਚ 5 ਲੱਖ ਅਤੇ ਇੱਕ ਸਾਲ ਵਿੱਚ 2 ਕਰੋੜ 60 ਲੱਖ ਰੁਪਏ ਦੇ ਨਿੰਬੂ ਮਿਰਚ ਅਜਾਈਂ ਗਵਾ ਦਿੰਦੇ ਹਨ। ਸਰਵੇ ਮੁਤਾਬਕ ਜੇ ਇਸ ਰਾਸ਼ੀ ਨੂੰ ਮਿਲਾ ਦਿੱਤਾ ਜਾਵੇ ਤਾਂ ਇਹ ਕੁੱਲ 14 ਕਰੋੜ 1 ਲੱਖ 40 ਹਜ਼ਾਰ ਰੁਪਏ ਬਣਦਾ ਹੈ।

ਇਥੇ ਜ਼ਿਕਰਯੋਗ ਹੈ ਕਿ ਲੋਕ ਆਮ ਤੌਰ ’ਤੇ ਵਹਿਮਾਂ ਨੂੰ ‘ਕੀ ਫ਼ਰਕ ਪੈਂਦਾ ਹੈ’ ਕਹਿ ਕੇ ਹੀ ਮੰਨੀ ਜਾਂਦੇ ਹਨ ਪਰ ਜਦੋਂ ਇਨ੍ਹਾਂ ਦੀ ਵਿਆਪਕ ਆਧਾਰ ’ਤੇ ਪੜਤਾਲ ਕੀਤੀ ਜਾਂਦੀ ਹੈ ਤਾਂ ਹੈਰਾਨੀਜਨਕ ਅੰਕੜੇ ਸਾਹਮਣੇ ਆਉਂਦੇ ਹਨ। ਵਹਿਮ-ਭਰਮ ਲੋਕਾਂ ਦਾ ਆਰਥਿਕ, ਮਾਨਸਿਕ ਤੇ ਸਰੀਰਕ ਤੌਰ ’ਤੇ ਨੁਕਸਾਨ ਤਾਂ ਕਰ ਹੀ ਰਹੇ ਹਨ ਸਗੋਂ ਇਨ੍ਹਾਂ ਰਾਹੀਂ ਦੇਸ਼ ਦੀ ਆਰਥਿਕਤਾ ਨੂੰ ਵੀ ਭਾਰੀ ਸੱਟ ਮਾਰੀ ਜਾ ਰਹੀ ਹੈ। ਤਰਕਸ਼ੀਲਾਂ ਨੇ ਸਰਕਾਰ ਕੋਲੋਂ ਇਸ ਵਹਿਮ ’ਤੇ ਪਾਬੰਦੀ ਲਗਾਉਣ ਦੀ ਮੰਗ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਉਹ ਆਪਣੀ ਹੱਕ-ਹਲਾਲ ਦੀ ਕਮਾਈ ਨੂੰ ਮੂਰਖਤਾ ਵੱਸ ਪੈ ਕੇ ਨਾ ਗੁਆਉਣ ਸਗੋਂ ਵਿਗਿਆਨਕ ਸੋਚ ਅਪਨਾ ਕੇ ਆਪਣਾ ਅਤੇ ਆਪਣੇ ਬੱਚਿਆਂ ਨੂੰ ਸਹੀ ਰਾਹ ਦਿਖਾਉਣ।



Archive

RECENT STORIES