Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

29 ਸਾਲ ਹੋ ਗਏ, ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਪਰ ਸਿੱਖਾਂ ਨੂੰ ਰੈਫ਼ਰੈਂਸ ਲਾਇਬਰੇਰੀ ਨਹੀਂ ਮਿਲੀ

Posted on June 3rd, 2013

ਅੰਮ੍ਰਿਤਸਰ- ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਦੌਰਾਨ ਸਿੱਖ ਰੈਫ਼ਰੈਂਸ ਲਾਇਬਰੇਰੀ ਨੂੰ ਭਾਰਤੀ ਫ਼ੌਜ ਨੇ ਨੁਕਸਾਨ ਪਹੁੰਚਾਇਆ। ਸਿੱਖ ਵਿਰਾਸਤ ਦਾ ਅਹਿਮ ਹਿੱਸਾ ਮਹਾਂ ਕਵੀ ਸੰਤੋਖ ਸਿੰਘ ਲਾਇਬਰੇਰੀ ਵਿਚਲੀਆਂ ਕਰੀਬ 15000 ਕਿਤਾਬਾਂ ਬਾਰੇ ਅੱਜ 29 ਸਾਲ ਬਾਅਦ ਵੀ ਕੋਈ ਉਘ-ਸੁਘ ਨਹੀਂ ਮਿਲ ਰਹੀ। ਇਸ ਬਾਰੇ ਸਾਰੇ ਹੀ ਕੇਂਦਰੀ ਅਦਾਰੇ ਖ਼ਾਮੋਸ਼ ਹਨ ਜਾਂ ਇਕ ਦੂਜੇ 'ਤੇ ਜ਼ਿੰਮੇਵਾਰੀ ਸੁੱਟ ਰਹੇ ਹਨ। 4-5 ਜੂਨ ਦੀ ਰਾਤ ਨੂੰ ਭਾਰਤੀ ਫ਼ੌਜ ਜਦ ਦਰਬਾਰ ਸਾਹਿਬ ਸਮੂਹ ਉਤੇ ਹਮਲਾਵਰ ਹੋ ਕੇ ਉਥੇ ਮੌਜੂਦ ਸਿੱਖ ਸ਼ਰਧਾਲੂਆਂ ਨੂੰ ਮੌਤ ਦੇ ਘਾਟ ਉਤਾਰ ਰਹੀ ਸੀ, ਉਸੇ ਮੌਕੇ ਸਿੱਖ ਵਿਰਾਸਤ ਦੇ ਗ਼ੌਰਵਮਈ ਖ਼ਜ਼ਾਨੇ ਨੂੰ ਵੀ ਲੁਟ ਕੇ ਇਕ ਨਿਵੇਕਲਾ ਇਤਿਹਾਸ ਸਿਰਜ ਰਹੀ ਸੀ। ਭਾਰਤੀ ਫ਼ੌਜ ਨੇ  ਦਰਬਾਰ ਸਾਹਿਬ ਦੀ ਆਟਾ ਮੰਡੀ ਵਾਲੀ ਬਾਹੀ 'ਤੇ ਸਥਿਤ ਮਹਾਂ ਕਵੀ ਸੰਤੋਖ ਸਿੰਘ ਰੈਫ਼ਰੈਂਸ ਲਾਇਬਰੇਰੀ ਵਿਚ ਮੌਜੂਦ ਦੁਰਲਭ ਕਿਤਾਬਾਂ, ਖਰੜੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 2500 ਦੇ ਕਰੀਬ ਹੱਥ ਲਿਖਤ ਸਰੂਪਾਂ ਦੀ ਕੋਈ ਉਘ ਸੁਘ ਹੀ ਨਹੀਂ ਨਿਕਲਣ ਦਿਤੀ। ਉਸ ਵੇਲੇ ਦੇ ਮਹਾਂ ਕਵੀ ਸੰਤੋਖ ਸਿੰਘ ਰੈਫ਼ਰੈਂਸ ਲਾਇਬਰੇਰੀ ਵਿਚ ਤੈਨਾਤ ਅਧਿਕਾਰੀ ਦਵਿੰਦਰ ਸਿੰਘ ਦੁਗਲ ਨੇ ''ਸਵਾਹ  ਦੇ ਢੇਰ ਦਾ ਚਾਰਜ ਲਿਆ।'' 

ਜੂਨ 1984 ਵਿਚ ਭਾਰਤੀ ਫ਼ੌਜ ਦੇ ਹਮਲੇ ਦੌਰਾਨ ਸਿੱਖ ਵਿਰਾਸਤ ਦਾ ਅਹਿਮ ਹਿੱਸਾ ਮਹਾਂ ਕਵੀ ਸੰਤੋਖ ਸਿੰਘ ਰੈਫ਼ਰੈਂਸ ਲਾਇਬਰੇਰੀ ਵਿਚਲੀਆਂ ਦੁਰਲਭ ਪੁਸਤਕਾਂ ਨੂੰ ਰੱਦੀ ਦੇ ਢੇਰ ਮੰਨ ਕੇ ਅੰਮ੍ਰਿਤਸਰ ਦੇ ਯੂਥ ਹੋਸਟਲ ਵਿਚ ਲੈ ਗਈ ਜਿਥੇ ਅੰਮ੍ਰਿਤਸਰ ਪੁਲਿਸ ਦੇ ਦੋ ਕਰਮਚਾਰੀਆਂ ਨਰਿੰਦਰਜੀਤ ਸਿੰਘ ਅਤੇ ਸ਼ਬਦਲ ਸਿੰਘ ਦੀ ਡਿਉਟੀ ਲਗਾ ਕੇ ਇਨ੍ਹਾਂ ਇਤਿਹਾਸਕ ਪੁਸਤਕਾਂ ਨੂੰ ਟਰੰਕਾਂ ਵਿਚ ਬੰਦ ਕਰਵਾਇਆ ਗਿਆ। ਇਸ ਸਬੰਧੀ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਨਾਲ ਲਿਖਾ ਪੜ੍ਹੀ ਕਰ ਰਹੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਿਲਮੇਘ ਸਿੰਘ ਨੇ ਦਸਿਆ ਕਿ ਫ਼ੌਜ ਨੇ ਇਹ ਪੁਸਤਕਾਂ ਦਰਬਾਰ ਸਾਹਿਬ ਵਿਚ ਸਥਿਤ ਮਹਾਂ ਕਵੀ ਸੰਤੋਖ ਸਿੰਘ ਰੈਫ਼ਰੈਂਸ ਲਾਇਬਰੇਰੀ ਵਿਚੋਂ ਬੋਰੀਆਂ ਵਿਚ ਭਰ ਕੇ ਲੈ ਕੇ ਗਈ ਤੇ ਕਬਾੜ ਵਿਚ ਖ਼ਰੀਦੀ ਰੱਦੀ ਵਾਂਗ ਯੂਥ ਹੋਸਟਲ ਵਿਚ ਸੁੱਟ ਦਿਤੀਆਂ। ਇਸ ਗੱਲ ਦੀ ਤਸਦੀਕ ਨਰਿੰਦਰਜੀਤ ਸਿੰਘ ਤੇ ਸ਼ਬਦਲ ਸਿੰਘ ਵੀ ਕਰਦੇ ਹਨ। ਉਨ੍ਹਾਂ ਦਸਿਆ ਕਿ ਇਸ ਦੁਰਲਭ ਵਿਰਾਸਤੀ ਖ਼ਜ਼ਾਨੇ ਨੂੰ ਮੁੜ ਹਾਸਲ ਕਰਨ ਦੀਆਂ ਕੋਸ਼ਿਸ਼ਾਂ 1984 ਤੋਂ ਹੀ ਜਾਰੀ ਹਨ ਪਰ ਕਿਸੇ ਨੇ ਵੀ ਉਨ੍ਹਾਂ ਨੂੰ ਇਨਸਾਫ਼ ਨਹੀਂ ਦਿਤਾ।  ਉਨ੍ਹਾਂ ਦਸਿਆ ਕਿ ਇਸ ਸਬੰਧੀ ਕੇਂਦਰ ਸਰਕਾਰ ਵੀ ਗੰਭੀਰ ਨਹੀਂ ਹੈ। ਉਨ੍ਹਾਂ ਦਸਿਆ ਕਿ ਇਕ ਮੀਟਿੰਗ ਜ਼ਰੂਰ ਹੋਈ ਸੀ। ਦਿੱਲੀ ਵਿਚ ਜਿਸ ਵਿਚ ਉਨ੍ਹਾਂ ਤੋਂ ਇਲਾਵਾ ਸਰਕਾਰੀ ਅਧਿਕਾਰੀ, ਫ਼ੌਜ ਦੇ ਨੁਮਾਇੰਦੇ, ਸੀ ਬੀ ਆਈ ਦੇ ਨੁਮਾਇੰਦੇ ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਾਜ਼ਰ ਸਨ। ਉਨ੍ਹਾਂ ਦਸਿਆ ਕਿ ਇਹ ਮੀਟਿੰਗ ਵੀ ਬੇਸਿੱਟਾ ਰਹੀ।  ਉਨ੍ਹਾਂ ਦਸਿਆ ਕਿ ਫ਼ੌਜੀ ਅਧਿਕਾਰੀ ਕਹਿੰਦੇ ਰਹੇ ਕਿ ਦਰਬਾਰ ਸਾਹਿਬ ਹਮਲੇ ਤੋਂ ਬਾਅਦ ਸਾਰਾ ਸਾਮਾਨ ਸੀ ਬੀ ਆਈ ਨੂੰ ਸੌਂਪ ਦਿਤਾ ਤੇ ਸੀ ਬੀ ਆਈ ਫ਼ੌਜ 'ਤੇ ਗੱਲ ਸੁਟਦੀ ਰਹੀ। ਉਨ੍ਹਾਂ ਦਸਿਆ ਕਿ ਸੀ ਬੀ ਆਈ ਦਾ ਇਕ ਇੰਸਪੈਕਟਰ ਕਾਫ਼ੀ ਸਾਲ ਪਹਿਲਾਂ ਉਨ੍ਹਾਂ ਕੋਲ ਜਾਂਚ ਦੇ ਨਾਮ 'ਤੇ ਗੱਲਬਾਤ ਕਰਨ ਆਇਆ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਲੋਂ ਇਕ ਟਰੰਕ ਦਰਬਾਰ ਸਾਹਿਬ ਭੇਜਿਆ ਗਿਆ ਜਿਸ ਵਿਚ ਇਕ ਸੜਿਆ ਹੋਇਆ ਰੀਵਾਲਵਰ ਤੇ ਕੁੱਝ ਕਰੰਸੀ ਦੇ ਨੋਟ ਸਨ। ਹੁਣ ਤਕ ਮਹਾਂ ਕਵੀ ਸੰਤੋਖ ਸਿੰਘ ਰੈਫ਼ਰੈਂਸ ਲਾਇਬਰੇਰੀ ਦੀਆਂ ਪੁਸਤਕਾਂ ਨੂੰ ਪ੍ਰਾਪਤ ਕਰਨ ਲਈ ਕੀਤੇ ਉਪਰਾਲਿਆਂ ਬਾਰੇ ਪੁੱਛੇ ਜਾਣ 'ਤੇ ਸ. ਦਿਲਮੇਘ ਸਿੰਘ ਨੇ ਦਸਿਆ ਕਿ ਹੁਣ ਤਕ ਕਮੇਟੀ ਹਰ ਅਧਿਕਾਰੀ ਤੇ ਮੰਤਰੀ ਨਾਲ ਇਸ ਮਾਮਲੇ 'ਤੇ ਗੱਲਬਾਤ ਕਰ ਚੁੱਕੀ ਹੈ। ਉਨ੍ਹਾਂ ਦਸਿਆ ਕਿ ਅੰਮ੍ਰਿਤਸਰ ਵਿਖੇ ਸਾਲ 2004 ਵਿਚ ਮਨਾਏ ਗਏ ਗੁਰੂ ਗ੍ਰੰਥ ਸਾਹਿਬ ਦੇ 400 ਸਾਲਾ ਪਦਿਹਲੇ ਪ੍ਰਕਾਸ਼ ਪੁਰਬ ਮੌਕੇ ਤਤਕਾਲੀ ਰਾਸ਼ਟਰਪਤੀ ਸ੍ਰੀ ਅਬਦੁਲ ਕਲਾਮ ਸ਼ਾਮਲ ਹੋਣ ਲਈ ਆਏ ਸਨ ਤਾਂ ਕਮੇਟੀ ਵਲੋਂ ਉਨ੍ਹਾਂ ਨੂੰ ਇਕ ਪੱਤਰ ਸੌਂਪ ਕੇ ਮਹਾਂ ਕਵੀ ਸੰਤੋਖ ਸਿੰਘ ਰੈਫ਼ਰੈਂਸ ਲਾਇਬਰੇਰੀ ਦੀਆਂ ਪੁਸਤਕਾਂ ਵਾਪਸ ਦੇਣ ਦੀ ਗੱਲ ਕੀਤੀ ਗਈ ਸੀ। ਉਨ੍ਹਾਂ ਦਸਿਆ ਕਿ ਜਾਰਜ ਫ਼ਰਨਾਡੇਜ਼ ਅਤੇ ਪੀ. ਚਿਦਾਂਬਰਮ ਤਕ ਕਮੇਟੀ ਹਰ ਗ੍ਰਹਿ ਮੰਤਰੀ, ਰਖਿਆ ਮੰਤਰੀ ਨੂੰ ਪੁਸਤਕਾਂ ਵਾਪਸ ਕਰਨ ਲਈ ਕਹਿ ਚੁਕੀ ਹੈ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦਸਿਆ ਕਿ ਮੌਜੂਦਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਕਈ ਵਾਰ ਪੱਤਰ ਲਿਖ ਕੇ ਜਾਂ ਨਿਜੀ ਤੌਰ 'ਤੇ ਮਿਲ ਕੇ ਮਹਾਂ ਕਵੀ ਸੰਤੋਖ ਸਿੰਘ ਰੈਫ਼ਰੈਂਸ ਲਾਇਬਰੇਰੀ ਦੀਆਂ ਪੁਸਤਕਾਂ ਵਾਪਸ ਦੇਣ ਬਾਰੇ ਅਪੀਲਾਂ ਕੀਤੀਆਂ ਪਰ ਹਰ ਵਾਰ ਉਨ੍ਹਾਂ ਦੀ ਸੁਣਵਾਈ ਕਰਨ ਦੀ ਬਜਾਏ ਮਿਠੀਆਂ ਗੋਲੀਆਂ ਦੇ ਕੇ ਪੁਚਕਾਰ ਲਿਆ ਜਾਂਦਾ ਹੈ। ਉਨ੍ਹਾਂ ਡਰ ਜ਼ਾਹਰ ਕੀਤਾ ਕਿ ਹੋ ਸਕਦਾ ਹੈ ਕਿ ਇਹ ਕਿਤਾਬਾਂ ਖ਼ਰਾਬ ਹੋ ਚੁਕੀਆਂ ਹੋਣ। ਉਨ੍ਹਾਂ ਕਿਹਾ ਕਿ ਇਹ ਕਿਤਾਬਾਂ ਮਨੁੱਖਤਾ ਦੀ ਭਲਾਈ ਲਈ ਹਨ ਤੇ ਮਨੁੱਖਤਾ ਨੂੰ ਗਿਆਨ ਵੰਡਣ ਦਾ ਕੰਮ ਕਰਦੀਆਂ ਹਨ, ਫਿਰ ਪਤਾ ਨਹੀਂ ਕਿਉਂ ਸਰਕਾਰ ਇਹ ਵਾਪਸ ਦੇਣ ਤੋਂ ਆਨਾ ਕਾਨੀ ਕਰ ਰਹੀ ਹੈ? ਇਸ ਸਬੰਧੀ ਕਮੇਟੀ ਦੇ ਸਕੱਤਰ ਸ. ਤਰਲੋਚਨ ਸਿੰਘ ਨੇ ਕਿਹਾ ਕਿ ਕਮੇਟੀ ਦੇ ਤਤਕਾਲੀ ਸਕੱਤਰ ਸ. ਅਵਿਨਾਸ਼ੀ ਸਿੰਘ ਤੋਂ ਲੈ ਕੇ ਅੱਜ ਤਕ ਸਾਡੀਆਂ ਕੋਸ਼ਿਸ਼ਾਂ ਜਾਰੀ ਹਨ ਪਰ ਸਰਕਾਰ ਦੀ ਨੀਅਤ ਸਾਫ਼ ਨਹੀਂ। ਉਨ੍ਹਾਂ ਦਸਿਆ ਕਿ ਫ਼ੌਜ ਨੇ ਮਹਾਂ ਕਵੀ ਸੰਤੋਖ ਸਿੰਘ ਰੈਫ਼ਰੈਂਸ ਲਾਇਬਰੇਰੀ ਦੇ ਨਾਲ ਨਾਲ ਕਮੇਟੀ ਦਾ ਰੀਕਾਰਡ ਵੀ ਸਾੜ ਦਿਤਾ ਸੀ ਜੋ ਬੱਚ ਗਿਆ, ਉਸ ਨੂੰ ਫ਼ੌਜ ਨਾਲ ਲੈ ਗਈ। ਉਨ੍ਹਾਂ ਦਸਿਆ ਕਿ ਕਮੇਟੀ ਦੇ ਕੁੱਝ ਕੁਆਰਟਰ ਦਰਬਾਰ ਸਾਹਿਬ ਵਿਚ ਸਨ। ਫ਼ੌਜੀਆਂ ਨੇ ਉਨ੍ਹਾਂ ਕੁਆਰਟਰਾਂ ਵਿਚ ਰਹਿਣ ਵਾਲੇ ਕਰਮਚਾਰੀਆਂ ਦੇ ਬੱਚਿਆਂ ਦੀਆਂ ਸਕੂਲੀ ਕਿਤਾਬਾਂ ਵੀ ਅਪਣੇ ਕਬਜ਼ੇ ਵਿਚ ਲੈ ਲਈਆਂ। ਉਨ੍ਹਾਂ ਦਸਿਆ ਕਿ ਇਕ ਮੀਟਿੰਗ ਵਿਚ ਉਨ੍ਹਾਂ ਨੂੰ ਕਾਫ਼ੀ ਲੰਮੀ ਚੌੜੀ ਇਕ ਸੂਚੀ ਵਿਖਾਈ ਗਈ ਸੀ ਜਿਸ ਵਿਚੋਂ ਅਸੀਂ ਕੁੱਝ 'ਤੇ ਨਿਸ਼ਾਨੀਆਂ ਲਗਾਈਆਂ ਸਨ ਪਰ ਫਿਰ ਮੁਕਰ ਗਏ ਕਿ ਇਹ ਸਾਮਾਨ ਸਾਨੂੰ ਲੱਭ ਨਹੀ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਹੁਣ ਤਕ ਦੇ ਵਤੀਰੇ ਤੋਂ ਨਹੀ ਲਗਦਾ ਕਿ ਸਾਨੂੰ ਇਨਸਾਫ਼ ਮਿਲੇਗਾ।  29 ਸਾਲ ਹੋ ਗਏ, ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਪਰ ਸਿੱਖਾਂ ਨੂੰ ਲਾਇਬਰੇਰੀ ਨਹੀਂ ਮਿਲੀ।



Archive

RECENT STORIES