Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੀ. ਸੀ. 'ਚ ਆਈ ਖ਼ੂਨ ਦੀ ਭਾਰੀ ਕਮੀ 'ਤੇ 'ਕੈਨੇਡੀਅਨ ਬਲੱਡ ਸਰਵਿਸਿਜ਼' ਵਲੋਂ ਚਿੰਤਾ ਦਾ ਪ੍ਰਗਟਾਵਾ

Posted on June 4th, 2013

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਕੈਨੇਡਾ ਦੇ ਸੂਬੇ ਬਿ੍ਟਿਸ਼ ਕੋਲੰਬੀਆ 'ਚ ਆਈ ਖ਼ੂਨ ਦੀ ਭਾਰੀ ਕਮੀ 'ਤੇ 'ਕੈਨੇਡੀਅਨ ਬਲੱਡ ਸਰਵਿਸਿਜ਼' ਵਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ | ਇੱਕ ਜਨਤਕ ਸੁਨੇਹੇ 'ਚ ਕੈਨੇਡਾ ਪੱਧਰ 'ਤੇ ਖ਼ੂਨ ਦਾ ਪ੍ਰਬੰਧ ਕਰਨ ਵਾਲੀ ਸੰਸਥਾ 'ਕੈਨੇਡੀਅਨ ਬਲੱਡ ਸਰਵਿਸਿਜ਼' ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ 'ਚ 6000 ਨਵੇਂ ਖ਼ੂਨਦਾਨੀਆਂ ਦੀ ਤੁਰੰਤ ਲੋੜ ਹੈ ਤਾਂ ਕਿ ਇਸ ਪੈਦਾ ਹੋਈ ਘਾਟ ਨੂੰ ਪੂਰਾ ਕੀਤਾ ਜਾ ਸਕੇ | ਸੰਸਥਾ ਦੇ ਬੁਲਾਰੇ ਮਰਸੈਲੋ ਡੋਮੀਗੇਜ਼ ਨੇ ਕਿਹਾ ਕਿ ਜੂਨ ਤੇ ਜੁਲਾਈ ਦੇ ਮਹੀਨੇ ਬਹੁਤ ਸਾਰੇ ਪੱਕੇ ਖ਼ੂਨਦਾਨੀ ਛੁੱਟੀਆਂ 'ਤੇ ਬਾਹਰ ਚਲੇ ਜਾਂਦੇ ਹਨ, ਇਸ ਕਾਰਨ ਖ਼ੂਨ ਦੀ ਘਾਟ ਮਹਿਸੂਸ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਗੱਲ ਸਮਝਣ ਵਾਲੀ ਹੈ ਕਿ ਦੁੱਧ ਵਾਂਗ ਖੂਨ ਵੀ ਕੁਝ ਸਮਾਂ ਪਾ ਕੇ ਖਰਾਬ ਹੋ ਜਾਂਦਾ ਹੈ ਜਦਕਿ ਹਸਪਤਾਲਾਂ 'ਚ ਹਰ ਰੋਜ਼ ਹੁੰਦੇ ਅਪਰੇਸ਼ਨਾਂ ਤੇ ਕਈ ਕੈਂਸਰ ਜਾਂ ਗੁਰਦਿਆਂ ਦੇ ਮਰੀਜ਼ਾਂ ਦਾ ਖੂਨ ਬਦਲਣ ਲਈ ਹਜ਼ਾਰਾਂ ਲਿਟਰ ਖੂਨ ਦੀ ਲੋੜ ਪੈਂਦੀ ਹੈ | ਅਜਿਹੇ ਵਿੱਚ ਪੱਕੇ ਖ਼ੂਨਦਾਨੀਆਂ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਖ਼ੂਨ ਦਾਨ ਕਰਨ ਦੀ ਆਦਤ ਪਾ ਲੈਣੀ ਚਾਹੀਦੀ ਹੈ, ਜੋ ਕਿ ਇੱਕ ਮਨੁੱਖਤਾਵਾਦੀ ਕਾਰਜ ਹੈ | 

ਦੱਸਣਯੋਗ ਹੈ ਕਿ ਬੀ. ਸੀ. 'ਚ ਸਿੱਖ ਭਾਈਚਾਰਾ ਖ਼ੂਨਦਾਨੀਆਂ ਦਾ ਇੱਕ ਵੱਡਾ ਤੇ ਮਹੱਤਵਪੂਰਨ ਗਰੁੱਪ ਹੈ | ਹਰ ਸਾਲ ਸੈਂਕੜੇ ਸਿੱਖ ਪੂਰਾ ਸਾਲ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ 'ਚ ਜਗ੍ਹਾ-ਜਗ੍ਹਾ ਹਜ਼ਾਰਾਂ ਲਿਟਰ ਖ਼ੂਨ ਦਾਨ ਕਰਦੇ ਹਨ | ਇਨ੍ਹਾਂ ਖ਼ੂਨਦਾਨ ਕੈਂਪਾਂ ਦਾ ਪ੍ਰਬੰਧ ਕਰਦੇ ਵਲੰਟੀਅਰਾਂ 'ਚੋਂ ਇੱਕ ਸ਼੍ਰੀ ਸੁਨੀਲ ਕੁਮਾਰ ਨੇ ਦੱਸਿਆ ਕਿ ਹੁਣ ਜਦਕਿ ਬੀ. ਸੀ. 'ਚ ਖੂਨ ਦੀ ਭਾਰੀ ਕਮੀ ਕਾਰਨ 'ਕੈਨੇਡੀਅਨ ਬਲੱਡ ਸਰਵਿਸਿਜ਼' ਵਲੋਂ ਜਨਤਕ ਅਪੀਲ ਕੀਤੀ ਜਾ ਰਹੀ ਹੈ ਤਾਂ ਸਥਾਨਕ ਸਿੱਖ ਖ਼ੂਨਦਾਨੀਆਂ ਨੂੰ ਵੀ ਇਸ ਘਾਟ ਨੂੰ ਪੂਰਾ ਕਰਨ ਲਈ ਖੂਨ ਦਾਨ ਕਰਕੇ ਇੱਕ ਚੰਗੇ ਸ਼ਹਿਰੀ ਹੋਣ ਦਾ ਫਰਜ਼ ਨਿਭਾਉਣਾ ਚਾਹੀਦਾ ਹੈ | ਉਨ੍ਹਾਂ ਨਵੰਬਰ 1984 ਦੀ ਯਾਦ 'ਚ ਖ਼ੂਨ ਦਾਨ ਕਰਨ ਵਾਲੇ ਬੀ. ਸੀ. ਵਾਸੀਆਂ ਨੂੰ ਅਪੀਲ ਕੀਤੀ ਕਿ ਜੋ-ਜੋ ਖ਼ੂਨਦਾਨੀ ਇਸ ਵਕਤ ਖ਼ੂਨ ਦਾਨ ਕਰਨ ਦੇ ਯੋਗ ਹਨ, ਉਹ ਜਲਦ ਹੀ ਖ਼ੂਨਦਾਨ ਕਰਕੇ ਆਈ ਇਸ ਘਾਟ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੋਣ |



Archive

RECENT STORIES