Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡਾ ਦੀ ਪ੍ਰਮੁੱਖ ਵਿਰੋਧੀ ਧਿਰ ਦੇ ਮੁਖੀ ਵਲੋਂ ਜੂਨ '84 ਦੇ ਮੁੱਦੇ 'ਤੇ ਸਿੱਖ ਕੌਮ ਨਾਲ ਹਮਦਰਦੀ ਦਾ ਪ੍ਰਗਟਾਵਾ

Posted on June 4th, 2013

<h3> ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੁਖੀ ਥੌਮਸ ਮਲਕੇਅਰ</h3>

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਕੈਨੇਡਾ ਦੀ ਪ੍ਰਮੁੱਖ ਵਿਰੋਧੀ ਧਿਰ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੁਖੀ ਥੌਮਸ ਮਲਕੇਅਰ ਨੇ ਜੂਨ '84 ਦੇ ਘੱਲੂਘਾਰੇ ਦੀ 29ਵੀਂ ਵਰ੍ਹੇਗੰਢ 'ਤੇ ਬਿਆਨ ਜਾਰੀ ਕਰਕੇ ਸਿੱਖਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

ਕੈਨੇਡੀਅਨ ਮੀਡੀਏ ਨੂੰ ਭੇਜੀ ਈਮੇਲ 'ਚ ਥੌਮਸ ਮਲਕੇਆਰ ਨੇ ਕਿਹਾ, ''ਮੈਂ ਸ੍ਰੀ ਦਰਬਾਰ ਸਾਹਿਬ ਤੇ ਪੰਜਾਬ ਦੇ ਦਰਜਨਾਂ ਹੋਰ ਗੁਰਦੁਆਰਿਆਂ 'ਤੇ ਕੀਤੇ ਹਮਲੇ ਦੀ 29ਵੀਂ ਵਰ੍ਹੇਗੰਢ 'ਤੇ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕਰਦਾ ਹਾਂ। ਜੂਨ 1984 ਤੇ ਉਸਤੋਂ ਬਾਅਦ ਵਾਪਰੀਆਂ ਦੁਖਦ ਘਟਨਾਵਾਂ ਨੇ ਭਾਰਤ 'ਚ ਤੇ ਬਾਹਰ ਵਸਦੇ ਸਿੱਖ ਭਾਈਚਾਰੇ ਤੇ ਸਮੂਹ ਭਾਰਤੀ ਲੋਕਾਂ 'ਤੇ ਗਹਿਰੇ ਨਿਸ਼ਾਨ ਛੱਡੇ ਹਨ। ਸਾਡੀ ਪਾਰਟੀ ਦੇ ਪਿਛਲੇ ਮੁਖੀ ਜੈਕ ਲੇਟਨ ਵਾਂਗ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਮਨੁੱਖੀ ਅਧਿਕਾਰ ਜਥੇਬੰਦੀਆਂ ਤੇ ਜਾਗਦੀ ਜ਼ਮੀਰ ਵਾਲੇ ਲੋਕਾਂ ਨਾਲ ਖੜ੍ਹੇ ਹਨ ਕਿ ਅਜਿਹੇ ਦੁਖਦ ਦਿਨਾਂ 'ਚ ਵਾਪਰੀਆਂ ਘਟਨਾਵਾਂ ਦਾ ਪੂਰਾ ਲੇਖਾ-ਜੋਖਾ ਹੋਣਾ ਚਾਹੀਦਾ ਹੈ।"

ਮਲਕੇਅਰ ਨੇ ਅਗਾਂਹ ਚੱਲ ਕੇ ਕਿਹਾ, ''ਜਦੋਂ ਬੇਗੁਨਾਹਾਂ ਦੀਆਂ ਜਾਨਾਂ ਲਈਆਂ ਗਈਆਂ ਹੋਣ ਤਾਂ ਇੱਕ ਲੋਕਤੰਤਰ ਦੀ ਦੂਜੇ ਲੋਕਤੰਤਰ ਨੂੰ ਪੁੱਛਣ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਬਾਰੇ ਸਵਾਲ ਪੁੱਛੀਏ ਤੇ ਆਪਣੇ ਨਾਗਰਿਕਾਂ ਦੀ ਤਰਫੋਂ ਇਮਾਨਦਾਰ ਜਵਾਬਾਂ ਦੀ ਭਾਲ ਕਰੀਏ। ਜਿਨ੍ਹਾਂ ਜਾਨਾਂ ਗਵਾਈਆਂ ਅਸੀਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਆਓ! ਦੁਨੀਆਂ ਦੇ ਸਾਰੇ ਕੋਨਿਆਂ 'ਚ ਮਨੁੱਖੀ ਅਧਿਕਾਰਾਂ ਤੇ ਜ਼ਮਹੂਰੀਅਤ ਦੀ ਰਾਖੀ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈਏ।" 

ਆਪਣੇ ਬਿਆਨ ਦੇ ਅੰਤ 'ਚ ਉਨ੍ਹਾਂ ਕਿਹਾ, ''ਦੇਖਿਓ ਕਿਤੇ ਅਸੀਂ ਭੁੱਲ ਨਾ ਜਾਈਏ।"

ਮਲਕੇਅਰ ਦੇ ਇਸ ਬਿਆਨ 'ਤੇ ਸਥਾਨਕ ਸਿੱਖ ਜਥੇਬੰਦੀਆਂ ਨੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ 'ਹਾਅ ਦਾ ਨਾਅਰਾ' ਦੱਸਿਆ ਹੈ ਤੇ ਮਲਕੇਅਰ ਦੇ ਇਸ ਉੱਦਮ ਦੀ ਪੁਰਜ਼ੋਰ ਸ਼ਲਾਘਾ ਕਰਦਿਆਂ ਹਮਦਰਦੀ ਪ੍ਰਗਟਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।



Archive

RECENT STORIES