Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੱਤਾਧਾਰੀ ਧਿਰ ਦੇ ਆਗੂਆਂ ਵਲੋਂ ਅਫਸਰਾਂ ਤੋਂ ਤੰਗ ਪ੍ਰੇਸ਼ਾਨ ਕਰਵਾਏ ਜਾਣ ‘ਤੇ ਸਰਪੰਚ ਨੇ ਖੁਦਕੁਸ਼ੀ ਕੀਤੀ

Posted on June 5th, 2013

ਨਵਾਂਸ਼ਹਿਰ- ਤਹਿਸੀਲ ਬਲਾਚੌਰ ਦੇ ਬਲਾਕ ਸੜੋਆ ਦੇ ਪਿੰਡ ਸ਼ੁਸੇਵਾਲ ਦੇ ਸਰਪੰਚ ਵਲੋਂ ਸੱਤਾਧਾਰੀ ਧਿਰ ਦੇ ਆਗੂਆਂ ਵਲੋਂ ਅਫਸਰਾਂ ਤੋਂ ਤੰਗ ਪ੍ਰੇਸ਼ਾਨ ਕਰਵਾਏ ਜਾਣ ‘ਤੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਸਰਪੰਚ ਚਮਲ ਲਾਲ (45) ਦੀ ਲਾਸ਼ ਪੋਸਟ ਮਾਰਟਮ ਲਈ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਲਿਆਂਦੀ ਗਈ ਹੈ।

ਇਸ ਮੌਕੇ ਸਾਂਝੇ ਮੋਰਚੇ ਦੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਬੀਤੇ ਮਹੀਨੇ ਹੋਈਆਂ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਪਿੰਡ ਸ਼ੁਸੇਵਾਲ ਦਾ ਮ੍ਰਿਤਕ ਸਰਪੰਚ ਚਮਨ ਲਾਲ ਸਾਂਝੇ ਮੋਰਚੇ ਦੀ ਸਹਾਇਤਾ ਕਰਦਾ ਰਿਹਾ ਸੀ। ਇਸ ਕਰਕੇ ਪਿੰਡ ਵਿੱਚੋਂ ਸਾਂਝੇ ਮੋਰਚੇ ਦੇ ਉਮੀਦਵਾਰ ਨੂੰ ਸੱਤਾਧਾਰੀ ਧਿਰ ਦੇ ਮੁਕਾਬਲੇ 65 ਵੋਟਾਂ ਵੱਧ ਮਿਲ ਗਈਆਂ ਸਨ। ਉਨ੍ਹਾਂ ਦੱਸਿਆ ਕਿ ਤਹਿਸੀਲ ਬਲਾਚੌਰ ਦੀਆਂ 3 ਜ਼ਿਲਾ ਪ੍ਰੀਸ਼ਦ ਸੀਟਾਂ ਵਿੱਚੋਂ 2 ਉੱਤੇ ਸਾਂਝਾ ਮੋਰਚਾ ਉਮੀਦਵਾਰ ਸਫਲ ਰਹੇ ਸਨ, ਜਦੋਂ ਕਿ ਬਲਾਕ ਸੰਮਤੀ ਦੀਆਂ 31 ਸੀਟਾਂ ਵਿੱਚੋਂ 18 ਉੱਤੇ ਸਾਂਝੇ ਮੋਰਚੇ ਦੇ ਉਮੀਦਵਾਰ ਸਫਲ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਹਾਰ ਤੋਂ ਖਿਝ ਗਏ ਸੱਤਾਧਾਰੀ ਪਾਰਟੀ ਦੇ ਆਗੂ ਉਸ ਸਰਪੰਚ ਨੂੰ ਪਿਛਲੇ ਕਈ ਦਿਨਾਂ ਤੋਂ ਤੰਗ ਪ੍ਰੇਸ਼ਾਨ ਕਰ ਰਹੇ ਸਨ। ਵਿਭਾਗ ਦੇ ਅਧਿਕਾਰੀਆਂ ਉੱਤੇ ਦਬਾਅ ਪਾ ਕੇ ਸਰਪੰਚ ਚਮਨ ਲਾਲ ਦਾ ਵਾਰ-ਵਾਰ ਰਿਕਾਰਡ ਦਫਤਰਾਂ ਵਿੱਚ ਮੰਗਵਾਇਆ ਜਾ ਰਿਹਾ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਸਰਪੰਚ ਚਮਨ ਲਾਲ ਨੇ ਖੁਦਕੁਸ਼ੀ ਕਰ ਲਈ।

ਇਸ ਮੌਕੇ ਸਾਬਕਾ ਵਿਧਾਇਕ ਰਾਮ ਕ੍ਰਿਸ਼ਨ ਕਟਾਰੀਆ ਨੇ ਜ਼ਿਲਾ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਮ੍ਰਿਤਕ ਦਾ ਪੋਸਟ ਮਾਰਟਮ ਵੀਡੀਓਗ੍ਰਾਫੀ ਹੇਠ ਕੀਤਾ ਜਾਵੇ। ਮ੍ਰਿਤਕ ਦੀ ਜੇਬ ਵਿੱਚ ਸੋਸਾਇਡ ਨੋਟ ਵੀ ਹੋ ਸਕਦਾ ਹੈ, ਉਸ ਨੂੰ ਵੀਡੀਓਗ੍ਰਾਫੀ ਦੇ ਰਿਕਾਰਡ ਵਿੱਚ ਲਿਆਂਦਾ ਜਾਵੇ ਤੇ ਦੋਸ਼ੀਆਂ ਦਾ ਚਾਹੇ ਕੋਈ ਰੁਤਬਾ ਕਿੁਉਂ ਨਾ ਹੋਵੇ, ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਮ੍ਰਿਤਕ ਸਰਪੰਚ ਦੇ ਪੁੱਤਰ ਚੰਦਨ ਨੇ ਦੱਸਿਆ ਕਿ ਉਸਦੇ ਪਿਤਾ ਨੂੰ ਵੋਟਾਂ ਵਿੱਚ ਹੋਈ ਹਾਰ ਕਾਰਨ ਸੱਤਾਧਾਰੀ ਲੋਕਾਂ ਵਲੋਂ ਤੰਗ ਕੀਤਾ ਜਾ ਰਿਹਾ ਸੀ, ਜਿਸ ਕਰਕੇ ਉਸਦੇ ਪਿਤਾ ਕਾਫੀ ਪ੍ਰੇਸ਼ਾਨ ਸਨ ਤੇ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ। ਉਸਨੇ ਦੱਸਿਆ ਕਿ ਮਰਨ ਤੋਂ ਪਹਿਲਾਂ ਉਹ ਕਿਸੇ ਕਾਗਜ਼ ਉੱਤੇ ਕੁਝ ਲਿਖ ਰਹੇ ਸਨ। ਥਾਣਾ ਪੋਜੇਵਾਲ ਦੇ ਐੱਸ ਐੱਚ ਓ ਸਤੀਸ਼ ਕੁਮਾਰ ਨੇ ਚਮਨ ਲਾਲ ਦੀ ਜੇਬ ਵਿੱਚੋਂ ਮਿਲੇ ਸੁਸਾਈਡ ਨੋਟ ਦੇ ਆਧਾਰ ਉੱਤੇ 9 ਦੋਸ਼ੀਆਂ ਦੇ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ।



Archive

RECENT STORIES