Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਆਰਥਿਕ ਤੰਗੀਆਂ ਨਾਲ ਜੂਝਦਾ ਸ਼ਹੀਦ ਸ੍ਰ. ਕੇਹਰ ਸਿੰਘ ਦਾ ਪਰਵਾਰ ਹਸਪਤਾਲ ਦਾ ਖਰਚਾ ਝੱਲਣ ਤੋਂ ਅਸਮਰੱਥ ਹੋਇਆ

Posted on June 5th, 2013

ਬਰਨਾਲਾ (ਜਗਸੀਰ ਸਿੰਘ ਸੰਧੂ)- ਇੱਕ ਪਾਸੇ ਜਿਥੇ ਅੱਜ ਸਿੱਖ ਕੌਮ ਜੂਨ ਚੌਰਾਸੀ ਦੇ ਸਾਕਾ ਦਰਬਾਰ ਸਾਹਿਬ ਦੀ ਦੁਖਦਾਈ ਯਾਦ ਨੂੰ ਚੇਤੇ ਕਰ ਰਹੀ ਹੈ ਅਤੇ ਉਥੇ ਦੂਸਰੇ ਪਾਸੇ ਸਾਕਾ ਦਰਬਾਰ ਸਾਹਿਬ ਕਰਵਾਉਣ ਲਈ ਮੁੱਖ ਜਿੰਮੇਵਾਰ ਭਾਰਤੀ ਹਕੂਮਤ ਦੀ ਮੁੱਖੀ ਇੰਦਰਾ ਗਾਂਧੀ ਨੂੰ ਸੋਧਣ ਦੇ ਦੋਸ਼ ਵਿੱਚ ਹਿੰਦ ਹਕ੍ਰੂਮਤ ਵੱਲੋਂ ਫਾਂਸੀ ਚੜਾਏ ਗਏ ਸ਼ਹੀਦ ਸ੍ਰ. ਕੇਹਰ ਸਿੰਘ ਦੀ ਜੀਵਨ ਸਾਥਣ ਆਰਥਿਕ ਤੰਗੀ ਦਾ ਸਿਕਾਰ ਹੋਈ ਅੱਜ ਵੈਟੀਨੈਟਰ ਜਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ, ਪਰ ਸਭ ਤੋਂ ਵੱਡੇ ਦੁੱਖ ਦੀ ਗੱਲ ਇਹ ਹੈ ਕਿ ਸਿੱਖ ਕੌਮ ਵੱਲੋਂ ਸ੍ਰ: ਕੇਹਰ ਸਿੰਘ ਦੇ ਪਰਵਾਰ ਨੂੰ ਬਿਲਕੁਲ ਹੀ ਵਿਸਾਰ ਦਿੱਤਾ ਗਿਆ ਹੈ।

ਸਿੱਖ ਪੰਥ ਲਈ ਬਹੁਤ ਹੀ ਦੁਖਦਾਈ ਖਬਰ ਹੈ ਕਿ ਸ੍ਰ. ਕੇਹਰ ਸਿੰਘ ਦੀ ਜੀਵਨ ਸਾਥਣ ਸਰਦਾਰਨੀ ਜਸਵੀਰ ਕੌਰ ਦਿਲ ਦੀ ਬਿਮਾਰੀ ਕਾਰਨ ਦਿੱਲੀ ਦੇ ਮਾਤਾ ਜੈ ਕੌਰ ਹਸਪਤਾਲ ਵਿੱਚ ਵੈਟੀਲੇਟਰ ‘ਤੇ ਪਈ ਜਿੰਦਗੀ ਮੌਤ ਦੀ ਜੰਗ ਲੜ ਰਹੀ ਹੈ, ਜਦੋਂਕਿ ਸ੍ਰ. ਕੇਹਰ ਸਿੰਘ ਦਾ ਪਰਵਾਰ ਆਰਥਿਕ ਤੰਗੀਆਂ ਕਾਰਨ ਹਸਪਤਾਲ ਦਾ ਖਰਚਾ ਝੱਲਣ ਤੋਂ ਵੀ ਅਸਮਰੱਥ ਹੋ ਚੁਕਿਆ ਹੈ। ਦਿੱਲੀ ਤੋਂ ‘ਪਹਿਰੇਦਾਰ’ ਦੇ ਇਸ ਪ੍ਰਤੀਨਿਧ ਨਾਲ ਟੈਲੀਫੋਨ ‘ਤੇ ਗੱਲ ਕਰਦਿਆਂ ਭਾਈ ਚਰਨਜੀਤ ਸਿੰਘ (ਸਪੁੱਤਰ ਸ਼ਹੀਦ ਸ੍ਰ: ਕੇਹਰ ਸਿੰਘ ) ਨੇ ਦੱਸਿਆ ਹੈ ਕਿ ਉਹਨਾਂ ਦਾ ਪਰਵਾਰ ਪਹਿਲਾਂ ਹੀ ਬਹੁਤ ਆਰਥਿਕ ਤੰਗੀਆਂ ਤੁਰਸੀਆਂ ਵਿੱਚ ਗੁਜਾਰਾ ਕਰ ਰਿਹਾ ਹੈ, ਪਰ ਪਿਛਲੇ ਚਾਰ ਮਹੀਨੇ ਤੋਂ ਉਹਨਾਂ ਦੀ ਮਾਤਾ ਜਸਵੀਰ ਕੌਰ ਦਿਲ ਦੀ ਬਿਮਾਰੀ ਕਾਰਨ ਦਿੱਲੀ ਦੇ ਮਾਤਾ ਜੈ ਕੌਰ ਹਸਪਤਾਲ ਵਿੱਚ ਦਾਖਲ ਹੈ, ਜਿਥੇ ਰੋਜ਼ਾਨਾ ਦਾ ਤਿੰਨ ਚਾਰ ਹਜ਼ਾਰ ਰੁਪਏ ਖਰਚਾ ਹੋ ਰਿਹਾ ਹੈ। ਇੱਕ ਪ੍ਰਾਈਵੇਟ ਸਕੂਲ ਵਿੱਚ ਟੀਚਰ ਦੀ ਨੌਕਰੀ ਕਰਦੇ ਭਾਈ ਚਰਨਜੀਤ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦਾ ਪਰਵਾਰ ਇਹ ਖਰਚ; ਝੱਲਣ ਦੇ ਸਮੱਰਥ ਨਹੀਂ ਹੈ ਅਤੇ ਕਿਸੇ ਵੀ ਸਿੱਖ ਜਥੇਬੰਦੀ ਵੱਲੋਂ ਕੋਈ ਸਾਰ ਨਹੀਂ ਲਈ ਜਾ ਰਹੀ। ਉਹਨਾਂ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਕਿਸੇ ਵੀ ਤਖਤ ਸਾਹਿਬਾਨ ਵੱਲੋਂ ਜਾਂ ਕਿਸੇ ਹੋਰ ਸਿੱਖ ਜਥੇਬੰਦੀ ਵੱਲੋਂ ਉਹਨਾਂ ਦੇ ਪਰਵਾਰ ਦੀ ਕਦੇ ਵੀ ਕੋਈ ਸਾਰ ਨਹੀਂ ਲਈ ਗਈ। ਉਹਨਾਂ ਕਿਹਾ ਕਿ ਭਾਵੇਂ ਉਹਨਾਂ ਦੇ ਪਿਤਾ ਸ੍ਰ: ਕੇਹਰ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੌਮੀ ਸ਼ਹੀਦ ਤਾਂ ਐਲਾਨ ਕੀਤਾ ਗਿਆ ਹੈ, ਪਰ ਉਹਨਾਂ ਦੇ ਪਰਵਾਰ ਨੂੰ ਕਦੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਬੁਲਾਇਆ ਵੀ ਨਹੀਂ ਗਿਆ। ਉਹਨਾਂ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਅੱਜ ਜਦੋਂ ਖਾਲਸਾ ਪੰਥ ਆਪਣੇ ਕੌਮੀ ਸ਼ਹੀਦਾਂ ਨੂੰ ਯਾਦ ਕਰ ਰਿਹਾ ਹੈ ਤਾਂ ਉਹਨਾਂ ਦੇ ਪਿਤਾ ਸ਼੍ਰ: ਕੇਹਰ ਸਿੰਘ ਦੀ ਸ਼ਹੀਦੀ ਨੂੰ ਵੀ ਯਾਦ ਕਰਨਾ ਚਾਹੀਦਾ ਹੈ ਅਤੇ ਆਰਥਿਕ ਤੰਗੀ ਨਾਲ ਜੂਝਦੇ ਉਹਨਾਂ ਦੇ ਪਰਵਾਰ ਦੀ ਵੀ ਸਾਰ ਲੈਣੀ ਚਾਹੀਦੀ ਹੈ। 

ਚਰਨਜੀਤ ਸਿੰਘ ਨਾਲ ਫੋਨ ਨੰਬਰ 097179-70696 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।



Archive

RECENT STORIES