Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡਾ 'ਚ ਜ਼ਮੀਨਦੋਜ਼ ਬੰਕਰ ਅੰਦਰ ਭੰਗ ਉਗਾਉਣ ਦੀ ਯੋਜਨਾ ਦਾ ਭਾਂਡਾ ਭੱਜਿਆ

Posted on June 6th, 2013

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਨਸ਼ਿਆਂ ਦੇ ਉਤਪਾਦਨ, ਤਸਕਰੀ ਅਤੇ ਵਿਕਰੀ ਨੂੰ ਰੋਕਣ ਲਈ ਯਤਨਸ਼ੀਲ ਕੈਨੇਡੀਅਨ ਮਹਿਕਮੇ ਦੇ ਅਧਿਕਾਰੀਆਂ ਨੇ ਨਜ਼ਦੀਕੀ ਸ਼ਹਿਰ ਐਲਡਰਗਰੋਵ ਦੇ ਇੱਕ ਫਾਰਮ 'ਤੇ ਛਾਪਾ ਮਾਰ ਕੇ ਵੱਡੀ ਪੱਧਰ 'ਤੇ ਉਗਾਈ ਜਾ ਰਹੀ ਭੰਗ ਫੜੀ ਹੈ | ਇਸ ਫਾਰਮ 'ਤੇ ਮਾਰੇ ਗਏ ਛਾਪੇ ਦੌਰਾਨ ਪਤਾ ਲੱਗਿਆ ਹੈ ਕਿ ਇੱਥੇ ਬੰਕਰ ਬਣਾ ਕੇ ਭੰਗ ਦੀ ਜਮੀਨਦੋਜ਼ ਖੇਤੀ ਕੀਤੀ ਜਾ ਰਹੀ ਸੀ | 

ਇਸ ਵਿਸ਼ੇਸ਼ ਮਹਿਕਮੇ ਦੀ ਅਧਿਕਾਰੀ ਸਾਰਜੈਂਟ ਲਿੰਡਸੇ ਹੌਟਨ ਅਨੁਸਾਰ ਇਸ ਜਗ੍ਹਾ ਤੋਂ 5 ਵੱਡੇ ਕੰਟੇਨਰ ਜ਼ਮੀਨ 'ਚ ਦੱਬੇ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਆਪਸ ਵਿਚ ਜੋੜ ਕੇ ਅਤੇ ਫਿਰ ਵਿਚਾਲਿਓਾ ਦਰਵਾਜ਼ੇ ਕੱਢ ਕੇ ਜ਼ਮੀਨਦੋਜ਼ ਕਮਰਿਆਂ ਦਾ ਰੂਪ ਦਿੱਤਾ ਗਿਆ ਸੀ | ਇਹ ਕੰਟੇਨਰ ਉੱਪਰੋਂ ਮਿੱਟੀ ਅਤੇ ਘਾਹ ਫੂਸ ਨਾਲ ਢਕੇ ਹੋਣ ਕਾਰਨ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਹੇਠਾਂ ਕੰਟੇਨਰਾਂ 'ਚ ਭੰਗ ਉਗਾਈ ਜਾ ਰਹੀ ਹੈ | ਬਾਹਰੋਂ ਇਨ੍ਹਾਂ ਕੰਟੇਨਰਾਂ ਦੇ ਅੰਦਰ ਵੜਨ ਲਈ ਗੁਪਤ ਰਸਤੇ ਬਣਾਏ ਗਏ ਸਨ, ਜਿਨ੍ਹਾਂ ਰਾਹੀਂ ਇੱਥੇ ਕੰਮ ਕਰਨ ਵਾਲੇ ਲੋਕ ਆਪ ਅੰਦਰ-ਬਾਹਰ ਜਾਂਦੇ ਸਨ ਅਤੇ ਸਾਮਾਨ ਦੀ ਢੋਆ-ਢੁਆਈ ਵੀ ਇਨ੍ਹਾਂ ਰਸਤਿਆਂ ਰਾਹੀਂ ਹੀ ਕੀਤੀ ਜਾਂਦੀ ਸੀ | ਬੰਕਰ ਵਿੱਚ ਗਰਮੀ ਅਤੇ ਰੌਸ਼ਨੀ ਦਾ ਪ੍ਰਬੰਧ ਕਰਨ ਲਈ ਇੱਕ ਵੱਡਾ ਸਨਅਤੀ ਗੈਸ ਜਨਰੇਟਰ ਵਰਤਿਆ ਜਾ ਰਿਹਾ ਸੀ, ਜਿਸ ਨੂੰ ਗੈਸ ਦੀ ਸਪਲਾਈ ਪਹੁੰਚਾਉਣ ਲਈ ਗੈਰਕਾਨੂੰਨੀ ਤਰੀਕੇ ਨਾਲ ਇੱਕ ਕੁਦਰਤੀ ਗੈਸ ਵਾਲੀ ਪਾਈਪਲਾਈਨ ਨੂੰ ਕੱਟ ਕੇ ਬੰਕਰ 'ਚ ਲਿਜਾਇਆ ਗਿਆ ਸੀ, ਜੋ ਕਿ ਬੇਹੱਦ ਖਤਰਨਾਕ ਕਦਮ ਸੀ | ਹੁਣ ਕਰੇਨਾਂ ਦੀ ਮੱਦਦ ਨਾਲ ਪਾਸਿਆਂ ਤੋਂ ਮਿੱਟੀ ਪੁੱਟ ਕੇ ਇਨ੍ਹਾਂ ਜ਼ਮੀਨਦੋਜ਼ ਕੰਟੇਨਰਾਂ ਨੂੰ ਨੰਗਾ ਕੀਤਾ ਗਿਆ ਹੈ ਅਤੇ ਅੰਦਰੋਂ ਭੰਗ ਦੇ ਹਜ਼ਾਰਾਂ ਬੂਟੇ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੀ ਬਾਜ਼ਾਰ 'ਚ ਕੀਮਤ ਕਰੋੜਾਂ ਡਾਲਰ ਬਣਦੀ ਹੈ | 

56 ਐਵੇਨਿਊ ਅਤੇ 27000 ਬਲਾਕ 'ਤੇ ਸਥਿਤ ਇਸ ਫਾਰਮ ਤੋਂ ਪੁਲਿਸ ਨੇ ਤਿੰਨ ਮਰਦਾਂ ਅਤੇ ਇੱਕ ਔਰਤ ਨੂੰ ਗਿ੍ਫਤਾਰ ਕੀਤਾ ਸੀ ਪਰ ਉਨ੍ਹਾਂ ਨੂੰ ਮੁਢਲੀ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ | ਬੰਕਰ ਦੇ ਇੱਕ ਕਮਰੇ 'ਚੋਂ ਇਕ ਭਰੀ ਹੋਈ ਬੰਦੂਕ ਵੀ ਬਰਾਮਦ ਹੋਈ ਹੈ | ਇੰਝ ਪ੍ਰਤੀਤ ਹੁੰਦਾ ਹੈ ਕਿ ਇੱਥੇ ਭੰਗ ਉਤਪਾਦਨ ਦਾ ਇਹ ਕੰਮ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਸੀ | 

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਹਿਕਮੇ ਨੇ ਨਜ਼ਦੀਕੀ ਸ਼ਹਿਰ ਮਿਸ਼ਨ ਤੋਂ ਵੀ ਅਜਿਹਾ ਹੀ ਜ਼ਮੀਨਦੋਜ਼ ਬੰਕਰ ਫੜਿਆ ਸੀ, ਜਿੱਥੇ ਇਸ ਤਰਾਂ ਹੀ ਭੰਗ ਦਾ ਉਤਪਾਦਨ ਕੀਤਾ ਜਾ ਰਿਹਾ ਸੀ | ਸਬੰਧਿਤ ਮਹਿਕਮੇ ਵਲੋਂ ਪੁਲਿਸ ਦੇ ਸਹਿਯੋਗ ਨਾਲ ਹੋਰ ਜਾਂਚ ਕੀਤੀ ਜਾ ਰਹੀ ਹੈ | ਆਉਣ ਵਾਲੇ ਦਿਨਾ 'ਚ ਇਸ ਸਬੰਧੀ ਹੋਰ ਗਿ੍ਫਤਾਰੀਆਂ ਹੋ ਸਕਦੀਆਂ ਹਨ |



Archive

RECENT STORIES