Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਾਦਲ ਤੇ ਸੁਖਬੀਰ ਤੋਂ ਜ਼ਿਆਦਾ ਭਾਜਪਾ ਦੇ ਸੀਨੀਅਰ ਆਗੂ ਰਾਜਨਾਥ ਅਤੇ ਸੁਸ਼ਵਾ ਸਵਰਾਜ ਨੂੰ ਅਹਿਮੀਅਤ - ਟਕਸਾਲੀ ਅਕਾਲੀ ਆਗੂ ਤੇ ਵਰਕਰ ਨਾਰਾਜ਼

Posted on June 6th, 2013

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸਾਰੀ ਜਾਣ ਵਾਲੀ 1984-ਯਾਦਗਾਰ ਦਾ ਨੀਂਹ ਪੱਥਰ ਪ੍ਰੋਗਰਾਮ ਲਈ ਛਪਵਾ ਕੇ ਵੰਡੇ ਜਾ ਰਹੇ ਸੱਦਾ-ਪੱਤਰ 'ਚ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਤੋਂ ਜ਼ਿਆਦਾ ਭਾਜਪਾ ਦੇ ਸੀਨੀਅਰ ਆਗੂ ਰਾਜਨਾਥ ਅਤੇ ਸੁਸ਼ਵਾ ਸਵਰਾਜ ਨੂੰ ਅਹਿਮੀਅਤ ਦਿੱਤੇ ਜਾਣ ਕਾਰਨ ਦਿੱਲੀ ਦੇ ਟਕਸਾਲੀ ਅਕਾਲੀ ਆਗੂਆਂ ਤੇ ਵਰਕਰਾਂ ਵੱਲੋਂ ਨਾਰਾਜ਼ਗੀ ਜਾਹਿਰ ਕਰਦਿਆਂ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਜਾ ਰਿਹਾ ਹੈ | 

ਉਕਤ ਸੱਦਾ ਪੱਤਰ 'ਚ ਛਪੇ ਮਜ਼ਮੂਨ 'ਤੇ ਸਵਾਲ ਖੜ੍ਹੇ ਕਰਦਿਆਂ ਟਕਸਾਲੀ ਆਗੂਆਂ ਤੇ ਵਰਕਰਾਂ ਨੇ ਹੈਰਾਨੀ ਜਤਾਈ ਕਿ ਇਕ ਆਮ ਵਿਅਕਤੀ ਵੀ ਇਹ ਜਾਣਦਾ ਹੈ ਕਿ ਸਿੱਖ ਰਾਜਨੀਤੀ ਦੇ ਪਿਤਾਮਾ ਤੇ ਪੰਜਵੀ ਵਾਰੀ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸੇਵਾ ਨਿਭਾਉਣ ਵਾਲੇ ਸ: ਪ੍ਰਕਾਸ਼ ਸਿੰਘ ਬਾਦਲ ਦੀ ਸ਼ਖਸੀਅਤ ਅਜਿਹੇ ਆਗੂਆਂ ਨਾਲੋਂ ਬਹੁਤ ਜ਼ਿਆਦਾ ਵੱਡੀ ਹੈ,ਜਿਨ੍ਹਾਂ ਦਾ ਨਾਂਅ ਉਕਤ ਸੱਦਾ-ਪੱਤਰ ਵਿਚ ਵਿਸ਼ੇਸ਼ ਮਹਿਮਾਨ ਦੇ ਰੂਪ 'ਚ ਸ: ਪ੍ਰਕਾਸ਼ ਸਿੰਘ ਬਾਦਲ ਤੋਂ ਪਹਿਲਾਂ ਛਾਪਿਆ ਗਿਆ ਹੈ ਤੇ ਇਸੇ ਤਰ੍ਹਾਂ ਹੀ ਸ. ਸੁਖਬੀਰ ਸਿੰਘ ਬਾਦਲ ਦਾ ਨਾਂਅ ਵੀ ਬਾਅਦ 'ਚ ਲਿਖਿਆ ਗਿਆ ਹੈ | ਟਕਸਾਲੀ ਅਕਾਲੀ ਆਗੂਆਂ ਸਮੇਤ ਸਿੱਖ ਹਲਕਿਆਂ ਦਾ ਵੀ ਮੰਨਣਾ ਹੈ ਕਿ ਉਕਤ ਸੱਦਾ ਪੱਤਰ 'ਚ ਛਪੇ ਮਜ਼ਮੂਨ ਨੂੰ ਪ੍ਰਵਾਨਗੀ ਦੇਣ ਵਾਲੇ ਪ੍ਰਬੰਧਕਾਂ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਆਪਣੀ ਟਿਕਟ ਪੱਕੀ ਕਰਨ ਲਈ ਭਾਜਪਾ ਨੂੰ ਖੁਸ਼ ਕਰਨ ਵੱਲ ਵਧੇਰੇ ਤਵੱਜੋ ਦਿੱਤੀ ਹੈ, ਜਿਸ ਤੋਂ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਟਿਕਟ ਦੀ ਲਾਲਸਾ ਰੱਖਣ ਵਾਲੇ ਅਜਿਹੇ ਆਗੂ ਅਕਾਲੀ ਦਲ ਦੀ ਬਜਾਏ ਦੂਜੀ ਪਾਰਟੀ ਨੂੰ ਵਧੇਰੇ ਸਮਰਪਿਤ ਹਨ | ਕਈ ਅਕਾਲੀ ਵਰਕਰਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਕਿ ਅਕਾਲੀਆਂ ਦੇ ਹੀ ਪ੍ਰੋਗਰਾਮ'ਚ ਅਕਾਲੀ ਦਲ ਦੇ ਮੁਖੀਆਂ ਦੇ ਨਾਂਅ ਪਿਛੇ ਕਰਨ 'ਚ ਅਸਲ ਕਸੂਰਵਾਰ ਕੌਣ ਹੈ |



Archive

RECENT STORIES