Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਮਰੀਕਾ ਵਿੱਚ ਸਿੱਖਾਂ ’ਤੇ ਨਸਲੀ ਹਮਲਿਆਂ ਦੀ ਜਾਂਚ ਕਰੇਗੀ ਐਫ ਬੀ ਆਈ

Posted on June 6th, 2013

ਵਾਸ਼ਿੰਗਟਨ-ਅਮਰੀਕਾ ਵਿਚ ਸਿੱਖਾਂ, ਹਿੰਦੂਆਂ ਤੇ ਅਰਬ ਲੋਕਾਂ ਉਪਰ ਹੋਣ ਵਾਲੇ ਨਸਲੀ ਹਮਲਿਆਂ ਦੀ ਜਾਂਚ ਹੁਣ ਸੰਘੀ ਜਾਂਚ ਏਜੰਸੀ (ਐਫਬੀਆਈ) ਕਰੇਗੀ। ਸਿੱਖਾਂ ਵੱਲੋਂ ਕਾਫੀ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਤੇ ਉਨ੍ਹਾਂ ਵੱਲੋਂ ਇਸ ਬਾਰੇ ਕੀਤੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਗਿਆ ਹੈ। ਸਿੱਖਾਂ, ਹਿੰਦੂਆਂ ਤੇ ਅਰਬ ਲੋਕਾਂ ’ਤੇ ਨਸਲੀ ਹਮਲੇ ਕਾਫੀ ਸਾਲਾਂ ਤੋਂ ਹੋ ਰਹੇ ਹਨ ਪਰ 9/11 ਦੇ ਹਮਲੇ ਮਗਰੋਂ ਇਨ੍ਹਾਂ ਵਿਚ ਕਾਫੀ ਵਾਧਾ ਹੋ ਗਿਆ ਹੈ। ਮਨੁੱਖੀ ਅਧਿਕਾਰਾਂ ਬਾਰੇ ਸੰਗਠਨਾਂ ਤੇ ਸੰਸਦ ਮੈਂਬਰਾਂ ਵੱਲੋਂ ਚਲਾਈ ਲਗਾਤਾਰ ਮੁਹਿੰਮ ਦੇ ਦਬਾਅ ਮਗਰੋਂ ਐਫਬੀਆਈ ਸਲਾਹਕਾਰ ਨੀਤੀ ਬੋਰਡ ਨੇ ਬੀਤੇ ਦਿਨ ਇਹ ਗੱਲ ਮੰਨ ਲਈ ਕਿ ਸਿੱਖਾਂ, ਹਿੰਦੂਆਂ ਤੇ ਅਰਬ ਲੋਕਾਂ ਖਿਲਾਫ ਦੇਸ਼ ਵਿਚ ਹੋ ਰਹੇ ਨਸਲੀ ਹਮਲਿਆਂ ਦੀ ਜਾਂਚ ਐਫਬੀਆਈ ਕਰੇਗੀ। ਮੀਟਿੰਗ ਵਿਚ ਫੈਸਲਾ ਹੋਇਆ ਕਿ ਐਫਬੀਆਈ ਨਸਲੀ ਹਮਲਿਆਂ ਬਾਰੇ ਆਪਣੇ ਰਿਕਾਰਡ ਵਿਚ ਇਨ੍ਹਾਂ ਨੂੰ ਦਰਜ ਕਰੇਗੀ। ਹੁਣ ਤਕ ਐਫਬੀਆਈ ਆਪਣੇ ਰਿਕਾਰਡ ਵਿਚ ਇਨ੍ਹਾਂ ਫਿਰਕਿਆਂ ਦੇ ਲੋਕਾਂ ਉਪਰ ਹੋ ਰਹੇ ਨਸਲੀ ਹਮਲਿਆਂ ਦਾ ਰਿਕਾਰਡ ਨਹੀਂ ਸੀ ਰੱਖਦੀ।ਸਿੱਖਾਂ ਉਪਰ ਹਾਲ ਹੀ ਦੇ ਸਾਲਾਂ ਦੌਰਾਨ ਕੈਲੀਫੋਰਨੀਆ, ਫਲੋਰਿਡਾ, ਨਿਊਯਾਰਕ, ਵਾਸ਼ਿੰਗਟਨ ਦੇ ਨਾਲ-ਨਾਲ ਓਕ ਕਰੀਕ (ਵਿਸਕਾਨਸਿਨ) ਵਿਚ ਵੱਡੇ ਹਮਲੇ ਹੋਏ। ਬੀਤੇ ਸਾਲ ਅਗਸਤ ਵਿਚ ਤਾਂ ਇਕ ਹਮਲਾਵਰ ਨੇ ਓਕ ਕਰੀਕ ਦੇ ਗੁਰਦੁਆਰੇ ਵਿਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਛੇ ਸਿੱਖਾਂ ਨੂੰ ਮਾਰ ਦਿੱਤਾ ਸੀ। ਦਸੰਬਰ ਵਿਚ ਨਿਊਯਾਰਕ ਸਿਟੀ ਦੇ ਸਬਵੇਅ ਟਰੈਕ ’ਤੇ ਇਕ ਹਿੰਦੂ ਔਰਤ ਨੂੰ ਗੋਰੇ ਨੇ ਧੱਕਾ ਦੇ ਕੇ ਮਾਰ ਦਿੱਤਾ ਸੀ। ਇਸ ਵੇਲੇ ਅਮਰੀਕਾ ਵਿਚ ਪੰਜ ਲੱਖ ਸਿੱਖ, 23 ਲੱਖ ਹਿੰਦੂ ਤੇ 35 ਲੱਖ ਅਰਬ ਲੋਕ ਰਹਿ ਰਹੇ ਹਨ। ਐਫਬੀਆਈ ਸਲਾਹਕਾਰ ਬੋਰਡ ਦੇ ਫੈਸਲੇ ਦਾ ਅਮਰੀਕੀ ਸੰਸਦ ਮੈਂਬਰਾਂ ਨੇ ਸੁਆਗਤ ਕੀਤਾ ਹੈ। ਖਾਸ ਤੌਰ ’ਤੇ ਅਮੀਬੇਰਾ, ਤੁਲਸੀ ਗਬਾਰਡ, ਮਾਈਕ ਹਾਂਡਾ ਤੇ ਜੋਏ ਕਰਾਉਲ ਨੇ ਇਸ ਨੂੰ ਦੇਰ ਆਇਦ ਦਰੁਸਤ ਆਇਦ ਫੈਸਲਾ ਕਰਾਰ ਦਿੱਤਾ ਹੈ। ਇਨ੍ਹਾਂ ਨੇ ਇਸ ਲਈ ਕਾਫੀ ਜ਼ੋਰ ਲਗਾਇਆ ਹੋਇਆ ਸੀ। ਹਾਲ ਹੀ ਦੌਰਾਨ ਬਣੇ ਅਮਰੀਕੀ ਕਾਂਗਰਸ ਸਿੱਖ ਮਿੱਤਰ ਮੰਡਲ ਨੇ ਵੀ ਇਸ ਨੂੰ ਸਹੀ ਕਦਮ ਕਰਾਰ ਦਿੱਤਾ ਹੈ।




Archive

RECENT STORIES