Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੀ. ਸੀ. ਦੀ ਮੁੱਖ ਮੰਤਰੀ ਵਲੋਂ ਵਿਧਾਨ ਸਭਾ 'ਚ ਪਹੁੰਚਣ ਲਈ ਕਿਲੋਨਾ ਤੋਂ ਜ਼ਿਮਨੀ ਚੋਣ ਲੜਨ ਦਾ ਐਲਾਨ

Posted on June 6th, 2013

<p>ਮੁੱਖ ਮੰਤਰੀ ਕ੍ਰਿਸਟੀ ਕਲਾਰਕ<br></p>

ਵੈਨਕੂਵਰ (ਗੁਰਪ੍ਰੀਤ ਸਿੰਘ ਸਹੋਤਾ)- ਬੀਤੀ 14 ਮਈ ਨੂੰ ਬ੍ਰਿਟਿਸ਼ ਕੋਲੰਬੀਆ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਕ੍ਰਿਸਟੀ ਕਲਾਰਕ ਦੀ ਅਗਵਾਈ 'ਚ ਲਿਬਰਲ ਪਾਰਟੀ ਨੂੰ ਬਹੁਮਤ ਹਾਸਲ ਹੋਇਆ ਸੀ ਪਰ ਕ੍ਰਿਸਟੀ ਕਲਾਰਕ ਆਪਣੇ ਨਿੱਜੀ ਹਲਕੇ ਤੋਂ ਖੁਦ ਚੋਣ ਹਾਰ ਗਏ ਸਨ। ਨਿਯਮ ਅਨੁਸਾਰ ਵਿਧਾਨ ਸਭਾ 'ਚ ਪੁੱਜਣ ਲਈ ਉਨ੍ਹਾਂ ਨੂੰ ਸੂਬੇ 'ਚ ਕਿਤਿਓਂ ਵੀ ਹਰ ਹਾਲ ਇੱਕ ਜ਼ਿਮਨੀ ਚੋਣ ਜਿੱਤਣਾ ਜ਼ਰੂਰੀ ਹੈ। ਹੁਣ ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਵੈਸਟਸਾਈਡ-ਕਿਲੋਨਾ ਹਲਕੇ ਤੋਂ ਜ਼ਿਮਨੀ ਚੋਣ ਲੜਨਗੇ, ਜਿੱਥੋਂ ਕਿ ਲਿਬਰਲ ਉਮੀਦਵਾਰ ਤੇ ਬਹੁਤ ਹੀ ਵੱਡੀ ਵਾਈਨ ਕੰਪਨੀ ਦੇ ਮਾਲਕ ਬੈੱਨ ਸਟੂਅਰਟ ਨੇ ਐਨ. ਡੀ. ਪੀ. ਉਮੀਦਵਾਰ ਕੈਰੋਲ ਗੌਰਡਨ ਨੂੰ 6000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਲਿਬਰਲ ਪਾਰਟੀ ਨੂੰ ਜਾਪਦਾ ਹੈ ਕਿ ਵੈਸਟਸਾਈਡ-ਕਿਲੋਨਾ ਦਾ ਇਹ ਹਲਕਾ ਲਿਬਰਲਾਂ ਦਾ ਗੜ੍ਹ ਹੋਣ ਕਾਰਨ ਚੋਣ ਜਿੱਤਣ ਲਈ ਸੁਰੱਖਿਅਤ ਹਲਕਾ ਹੈ। 


ਮੁੱਖ ਮੰਤਰੀ ਦੇ ਇਸ ਤੋਂ ਐਲਾਨ ਤੋਂ ਬਾਅਦ 3 ਜੁਲਾਈ ਨੂੰ ਇਸ ਹਲਕੇ 'ਚ ਦੁਬਾਰਾ ਵੋਟਾਂ ਪੈਣਗੀਆਂ। ਲਿਬਰਲ ਪਾਰਟੀ ਨੂੰ ਪੂਰਨ ਆਸ ਹੈ ਕਿ ਬੈੱਨ ਸਟੂਅਰਟ ਵਲੋਂ ਆਪਣੀ ਵਿਧਾਇਕੀ ਦੀ ਦਿੱਤੀ ਕੁਰਬਾਨੀ ਰੰਗ ਲਿਆਏਗੀ ਤੇ ਮੁੱਖ ਮੰਤਰੀ ਕ੍ਰਿਸਟੀ ਕਲਾਰਕ ਵੈਸਟ ਕਿਲੋਨਾ ਹਲਕੇ ਤੋਂ ਜਿੱਤ ਕੇ ਵਿਧਾਨ ਸਭਾ 'ਚ ਪੁੱਜ ਜਾਣਗੇ। ਇਸ ਕੁਰਬਾਨੀ ਬਦਲੇ ਵਿਧਾਇਕ ਤੋਂ ਸਾਬਕਾ ਵਿਧਾਇਕ ਬਣੇ ਬੈੱਨ ਸਟੂਅਰਟ ਨੂੰ ਕੀ ਮਿਲੇਗਾ, ਇਸ ਦਾ ਹਾਲ ਦੀ ਘੜੀ ਕੋਈ ਖੁਲਾਸਾ ਨਹੀਂ ਕੀਤਾ ਗਿਆ। ਸਟੂਅਰਟ ਦਾ ਆਖਣਾ ਹੈ ਕਿ ਉਹ ਖੁਸ਼ੀ ਨਾਲ ਆਪਣੀ ਵਿਧਾਇਕੀ ਛੱਡ ਰਹੇ ਹਨ।


ਮੁੱਖ ਮੰਤਰੀ ਕ੍ਰਿਸਟੀ ਕਲਾਰਕ ਹਾਲਾਂਕਿ ਵੈਨਕੂਵਰ ਦੇ ਰਹਿਣ ਵਾਲੇ ਹਨ ਪਰ ਉਨ੍ਹਾਂ ਵੈਨਕੂਵਰ ਤੋਂ 395 ਕਿਲੋਮੀਟਰ ਦੂਰ ਸਥਿਤ ਵੈਸਟਸਾਈਡ-ਕਿਲੋਨਾ ਹਲਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਉਹ ਇਸ ਹਲਕੇ 'ਚ ਜਲਦ ਹੀ ਆਪਣੀ ਰਿਹਾਇਸ਼ ਸਥਾਪਿਤ ਕਰਨਗੇ ਤਾਂ ਕਿ ਉਹ ਇਸ ਹਲਕੇ ਦੇ ਲੋਕਾਂ ਦੀ ਸਹੀ ਨੁਮਾਇੰਦਗੀ ਕਰਨ ਦੇ ਯੋਗ ਹੋ ਸਕਣ। ਦਿਲਚਸਪ ਗੱਲ ਇਹ ਹੈ ਕਿ ਬੀਤੇ 'ਚ ਇਸ ਹਲਕੇ ਤੋਂ ਜਿੱਤ ਕੇ ਪੁਰਾਣੇ ਸਿਆਸਤਦਾਨ ਸੀਨੀਅਰ ਬੈਨੇੱਟ ਤੇ ਜੂਨੀਅਰ ਬੈਨੇੱਟ (ਪਿਓ-ਪੁੱਤਰ) ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਜਿੱਤਣ ਦੀ ਸੂਰਤ 'ਚ ਕ੍ਰਿਸਟੀ ਕਲਾਰਕ ਅਜਿਹੀ ਤੀਸਰੀ ਸ਼ਖਸੀਅਤ ਹੋਣਗੇ, ਜੋ ਇਸ ਹਲਕੇ ਤੋਂ ਜਿੱਤ ਕੇ ਸੂਬੇ ਦੀ ਵਾਗਡੋਰ ਸੰਭਾਲਣਗੇ। 



Archive

RECENT STORIES