Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦਮਦਮੀ ਟਕਸਾਲ (ਸੰਗਰਾਵਾਂ) ਬਣਾਏਗੀ ਸਿੱਖ ਸੰਘਰਸ਼ ਦੀ ਦਸਤਾਵੇਜ਼ੀ ਫ਼ਿਲਮ

Posted on June 7th, 2013

<p>ਦਮਦਮੀ ਟਕਸਾਲ (ਸੰਗਰਾਵਾਂ) ਦੇ ਮੁਖੀ ਰਾਮ ਸਿੰਘ ਸ਼ੁੱਕਰਵਾਰ ਨੂੰ ਸੰਗਰਾਵਾਂ ਵਿੱਚ ਸ਼ਹੀਦੀ ਦਿਹਾੜਾ ਮਨਾਏ ਜਾਣ ਮੌਕੇ ਹੋਏ ਸਮਾਗਮ ਵਿੱਚ ਸ਼ਮੂਲੀਅਤ ਕਰਦੇ ਹੋਏ<br></p>

ਅੰਮ੍ਰਿਤਸਰ- ਦਮਦਮੀ ਟਕਸਾਲ ਸੰਗਰਾਵਾਂ ਵੱਲੋਂ ਸਾਕਾ ਨੀਲਾ ਤਾਰਾ ਦੀ 29ਵੀਂ ਵਰ੍ਹੇਗੰਢ ਮੌਕੇ ਅੱਜ ਸੰਗਰਾਵਾਂ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਗਿਆ। ਜਥੇਬੰਦੀ ਵੱਲੋਂ 1978 ਤੋਂ ਲੈ ਕੇ ਹੁਣ ਤੱਕ ਦੇ ਸਿੱਖ ਸੰਘਰਸ਼ ਦੀ ਦਸਤਾਵੇਜ਼ੀ ਫ਼ਿਲਮ ਤਿਆਰ ਕਰਵਾਉਣ, ਖ਼ਾਲਸਾ ਪਬਲਿਕ ਸਕੂਲਾਂ ਦੀ ਲੜੀ ਸ਼ੁਰੂ ਕਰਨ ਅਤੇ ਸਿੱਖ ਧਰਮ ਦੇ ਪ੍ਰਚਾਰ ਤੇ ਪਸਾਰ ਲਈ ਸਿੱਖ ਰੀਲੀਜਸ ਐਜੂਕੇਸ਼ਨ ਟਰਸੱਟ ਸਥਾਪਤ ਕਰਨ ਦੇ ਫ਼ੈਸਲੇ ਲਏ ਗਏ।

ਇਸ ਸਬੰਧੀ ਸੰਗਰਾਵਾਂ ਵਿਖੇ ਰੱਖੇ ਗਏ ਅਖੰਡ ਪਾਠ ਦੇ ਭੋਗ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਹੋਰ ਪਤਵੰਤੇ ਸ਼ਾਮਲ ਹੋਏ। ਜਥੇਬੰਦੀ ਦੇ ਮੁਖੀ ਬਾਬਾ ਰਾਮ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਸਾਕਾ ਨੀਲਾ ਤਾਰਾ ਘਟਨਾ ਦਾ ਜ਼ਿਕਰ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਸਾਕਾ ਨੀਲਾ ਤਾਰਾ ਸਮੇਂ ਸ੍ਰੀ ਦਰਬਾਰ ਸਾਹਿਬ ਸਮੇਤ 37 ਹੋਰ ਗੁਰਧਾਮਾਂ ’ਤੇ ਕੀਤਾ ਗਿਆ ਹਮਲਾ ਸੋਚੀ ਸਮਝੀ ਸਾਜ਼ਿਸ਼ ਸੀ, ਜਿਸਦਾ ਮੰਤਵ ਸਿੱਖ ਕੌਮ ਦੀ ਹੋਂਦ ਹਸਤੀ ਖ਼ਤਮ ਕਰਨਾ ਸੀ। ਹਰ ਸਾਲ ਇਹ ਦਿਨ ਸਿੱਖ ਜਗਤ ਨੂੰ ਕੌਮੀ ਭਾਵਨਾ ਨਾਲ ਜੁੜਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਆਖਿਆ ਕਿ ਇਸ ਵੇਲੇ ਬਹੁਗਿਣਤੀ ਸਿੱਖ ਲੀਡਰਸ਼ਿਪ ਇਸ ਕੌਮੀ ਭਾਵਨਾ ਤੋਂ ਥਿੜ੍ਹਕ ਚੁੱਕੀ ਹੈ ਅਤੇ ਨਿੱਜੀ ਸਵਾਰਥਾਂ ਦੀ ਭੇਟ ਚੜ੍ਹ ਚੁੱਕੀ ਹੈ। ਇਸੇ ਲਈ ਜੇਲ੍ਹਾਂ ਵਿੱਚ ਬੰਦ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਾਉਣ ਲਈ ਕੋਈ ਯਤਨ ਨਹੀਂ ਹੋ ਰਿਹਾ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਜੇਲ੍ਹਾਂ ਵਿੱਚ ਲੰਮੇ ਸਮੇਂ ਤੋਂ ਬੰਦ ਸਿੱਖਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਨੂੰ ਅਧੂਰੀ ਯਾਦਗਾਰ ਕਰਾਰ ਦਿੰਦਿਆਂ ਉਨ੍ਹਾਂ ਆਖਿਆ ਕਿ ਇੱਥੇ 1978 ਤੋਂ ਲੈ ਕੇ ਹੁਣ ਤੱਕ ਦੇ ਸਿੱਖ ਸੰਘਰਸ਼ ਨੂੰ ਰੂਪਮਾਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਦਮਦਮੀ ਟਕਸਾਲ ਸੰਗਰਾਵਾਂ ਵੱਲੋਂ ਸਿੱਖ ਸੰਘਰਸ਼ ਦੀ ਦਸਤਾਵੇਜ਼ੀ ਫ਼ਿਲਮ ਤਿਆਰ ਕਰਵਾਈ ਜਾਵੇਗੀ ਅਤੇ ਇਸ ਬਾਰੇ ਵੱਖ-ਵੱਖ ਭਾਸ਼ਾਵਾਂ ਵਿੱਚ ਕਿਤਾਬਚੇ ਛਪਵਾ ਕੇ ਦੁਨੀਆ ਭਰ ’ਚ ਵੰਡੇ ਜਾਣਗੇ ਤਾਂ ਜੋ ਸਿੱਖਾਂ ਦਾ ਸਹੀ ਅਕਸ ਦੁਨੀਆਂ ਸਾਹਮਣੇ ਰੱਖਿਆ ਜਾ ਸਕੇ।

ਟਕਸਾਲ ਨੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਸਤੀ ਤੇ ਮਿਆਰੀ ਸਿੱਖਿਆ ਦੇਣ ਦੇ ਮੰਤਵ ਨਾਲ ਖ਼ਾਲਸਾ ਪਬਲਿਕ ਸਕੂਲਾਂ ਦੀ ਲੜੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਜਿਸਦਾ ਪਹਿਲਾ ਸਕੂਲ ਬਲਾਚੌਰ ਨੇੜੇ ਮੋਜੋਮਾਜਰਾ ਵਿੱਚ ਸ਼ੁਰੂ ਕੀਤਾ ਜਾਵੇਗਾ। ਨੌਜਵਾਨ ਪੀੜ੍ਹੀ ਵਿੱਚੋਂ ਪਤਿਤਪੁਣੇ ਅਤੇ ਹੋਰ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਪਿੰਡ ਪੱਧਰ ’ਤੇ ਗੁਰਮਤਿ ਪ੍ਰਚਾਰ ਲਹਿਰ ਅਤੇ ਅੰਮ੍ਰਿਤ ਸੰਚਾਰ ਲਹਿਰ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਅਣਗੌਲੇ ਹੋਏ ਸਿਕਲੀਗਰ ਅਤੇ ਵਣਜਾਰਾ ਭਾਈਚਾਰੇ ਦੇ ਲੋਕਾਂ ਲਈ ਜਥੇਬੰਦੀ ਵੱਲੋਂ ਨੰਦੇੜ ਸਾਹਿਬ ਨੇੜੇ ਇੱਕ ਭਵਨ ਦਾ ਨਿਰਮਾਣ ਕਰਵਾਇਆ ਜਾਵੇਗਾ।



Archive

RECENT STORIES