Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸ਼ਹੀਦੀ ਯਾਦਗਾਰ ਦੀ ਉਸਾਰੀ ਸਾਡੇ ਲਈ ਫਖ਼ਰ ਦੀ ਗੱਲ - ਮੌਜੂਦਾ ਵਜੂਦ ਵਿਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦੀ ਕੋਈ ਗੁੰਜਾਇਸ਼ ਨਹੀਂ- ਜਥੇਦਾਰ ਸ੍ਰੀ ਅਕਾਲ ਤਖਤ

Posted on June 7th, 2013

ਚੌਂਕ ਮਹਿਤਾ- ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਬਣੀ ਸ਼ਹੀਦੀ ਯਾਦਗਾਰ ਬਾਰੇ ਕੋਈ ਵਾਦ-ਵਿਵਾਦ ਨਹੀਂ ਤੇ ਨਾ ਹੀ ਇਸ ਦੇ ਮੌਜੂਦਾ ਵਜੂਦ ਵਿਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦੀ ਕੋਈ ਗੁੰਜਾਇਸ਼ ਹੈ | ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ਼ਹੀਦੀ ਯਾਦਗਾਰ ਦੀ ਸਥਾਪਨਾ ਲਈ ਸਮੂਹ ਸਿੱਖ ਜਥੇਬੰਦੀਆਂ, ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਵਧਾਈ ਦੇ ਹੱਕਦਾਰ ਹਨ, ਜਿਨ੍ਹਾਂ ਇਸ ਮਹਾਨ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਪੂਰਨ ਸਹਿਯੋਗ ਦਿੱਤਾ | ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਦੀ ਭੂਮਿਕਾ ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ਜਥੇਦਾਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸ਼ਹੀਦੀ ਯਾਦਗਾਰ ਦੀ ਸਥਾਪਨਾ ਦਾ ਕਾਰਜ ਬਾਬਾ ਹਰਨਾਮ ਸਿੰਘ ਨੂੰ ਸੌਾਪਿਆ ਸੀ, ਜਿਨ੍ਹਾਂ ਨੇ ਬੜੀ ਮਿਹਨਤ ਤੇ ਸਭ ਦਾ ਸਹਿਯੋਗ ਲੈ ਕੇ ਇਕ ਸਾਲ ਵਿਚ ਹੀ ਇਹ ਇਤਿਹਾਸਿਕ ਕਾਰਜ ਪੂਰਾ ਕਰ ਦਿੱਤਾ | 

ਜਥੇਦਾਰ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ ਅਤੇ ਜਨਰਲ ਸੁਬੇਗ ਸਿੰਘ ਨੂੰ ਅਕਾਲ ਤਖਤ ਵੱਲੋਂ ਪਹਿਲਾਂ ਹੀ ਸ਼ਹੀਦ ਕਰਾਰ ਦਿੱਤਾ ਜਾ ਚੁੱਕਾ ਹੈ | ਉਨ੍ਹਾਂ ਕਿਹਾ ਕਿ ਇਹ ਕਿਸੇ ਇਕ ਵਰਗ ਜਾਂ ਸੰਸਥਾ ਦੇ ਸ਼ਹੀਦ ਨਹੀਂ ਸਗੋਂ ਧਰਮ ਹੇਤ ਜਾਨਾਂ ਵਾਰਨ ਵਾਲੇ ਸਮੂਹ ਸਿੱਖ ਪੰਥ ਦੇ ਸ਼ਹੀਦ ਹਨ | ਇਨ੍ਹਾਂ ਦੀ ਯਾਦ ‘ਚ ਸ਼ਹੀਦੀ ਯਾਦਗਾਰ ਦੀ ਉਸਾਰੀ ਸਾਡੇ ਲਈ ਫਖ਼ਰ ਦੀ ਗੱਲ ਹੈ | ਇਸ ਮੌਕੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਜਥੇਦਾਰ ਨੇ ਸਪੱਸ਼ਟ ਕੀਤਾ ਕਿ ਸ਼ਹੀਦੀ ਯਾਦਗਾਰ ਬਾਰੇ ਹੁਣ ਕੋਈ ਵਾਦ-ਵਿਵਾਦ ਨਹੀਂ ਤੇ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਤਬਦੀਲੀ ਨਹੀਂ ਹੋਵੇਗੀ | ਜਥੇਦਾਰ ਨੇ ਦਮਦਮੀ ਟਕਸਾਲ ਵੱਲੋਂ ਸਿੱਖ ਧਰਮ ਦੀ ਪ੍ਰੋਫੈਸ਼ਨਲ ਸਿੱਖਿਆ ਦੇ ਉਪਰਾਲੇ ਲਈ ਬਾਬਾ ਹਰਨਾਮ ਸਿੰਘ ਦੀ ਵਿਸ਼ੇਸ਼ ਤੌਰ ‘ਤੇ ਸਰਾਹਨਾ ਕੀਤੀ ਤੇ ਕਿਹਾ ਕਿ ਇਸ ਵੇਲੇ ਸਿੱਖੀ ਦੇ ਪ੍ਰਚਾਰ ਲਈ ਪ੍ਰੋਫੈਸ਼ਨਲ ਸਿੱਖਿਆ ਵਾਲੇ ਪ੍ਰਚਾਰਕਾਂ ਦੀ ਵੱਡੀ ਜ਼ਰੂਰਤ ਹੈ | ਲੰਬੇ ਸਮੇਂ ਬਾਅਦ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਮੁੜ ਕੇਸਰੀ ਦਸਤਾਰਾਂ ਤੇ ਦੁਪੱਟਿਆਂ ਦਾ ਹੜ੍ਹ ਵੇਖਣ ਨੂੰ ਮਿਲਿਆ |



Archive

RECENT STORIES