Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

12 ਕੈਨੇਡੀਅਨ ਦੂਤਘਰਾਂ ਦੇ ਕਰਮਚਾਰੀ ਹੜਤਾਲ 'ਤੇ

Posted on June 7th, 2013

ਸਰੀ, 7 ਜੂਨ (ਗੁਰਪ੍ਰੀਤ ਸਿੰਘ ਸਹੋਤਾ)- ਇੱਕ ਹੈਰਾਨੀਜਨਕ ਅਤੇ ਦਲੇਰਾਨਾ ਕਾਰਵਾਈ ਕਰਦਿਆਂ 12 ਕੈਨੇਡੀਅਨ ਦੂਤਘਰਾਂ 'ਚ ਕੰਮ ਕਰਦੇ ਕੈਨੇਡੀਅਨ ਸਫੀਰ ਹੜਤਾਲ 'ਤੇ ਚਲੇ ਗਏ ਹਨ, ਜਿਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਕੈਨੇਡਾ 'ਚ ਹੀ ਕੰਮ ਕਰਦੇ ਸਰਕਾਰੀ ਅਧਿਕਾਰੀਆਂ ਨਾਲੋਂ ਘੱਟ ਤਨਖਾਹ ਦਿੱਤੀ ਜਾਂਦੀ ਹੈ ਹਾਲਾਂਕਿ ਉਹ ਘਰ-ਬਾਰ ਛੱਡ ਕੇ ਦੂਸਰੇ ਮੁਲਕਾਂ 'ਚ ਰਹਿ ਕੇ ਕੈਨੇਡਾ ਲਈ ਕੰਮ ਕਰ ਰਹੇ ਹਨ | ਇਸ ਮੰਗ ਨੂੰ ਲੈ ਕੇ ਹੜਤਾਲ 'ਤੇ ਜਾਣ ਵਾਲੇ ਦੂਤਘਰ ਕਰਮਚਾਰੀਆਂ 'ਚ ਲੰਡਨ, ਟੋਕੀਓ, ਪੈਰਿਸ, ਵਾਸ਼ਿੰਗਟਨ ਤੇ ਹਾਂਗਕਾਂਗ ਦੀਆਂ ਕੈਨੇਡੀਅਨ ਅੰਬੈਸੀਆਂ 'ਚ ਕੰਮ ਕਰਨ ਵਾਲੇ ਅਧਿਕਾਰੀ ਸ਼ਾਮਿਲ ਹਨ | ਭਾਰਤ, ਅਫਰੀਕਾ ਤੇ ਚੀਨ ਦੇ ਕੁਝ ਦੂਤਘਰਾਂ 'ਚ ਵੀ ਵੀਰਵਾਰ ਵਾਲੇ ਦਿਨ ਅਧਿਕਾਰੀਆਂ ਨੇ ਕੰਮ ਛੱਡ ਕੇ ਰੋਸ ਪ੍ਰਗਟਾਇਆ | 


ਇਨ੍ਹਾਂ ਕਰਮਚਾਰੀਆਂ ਵਲੋਂ ਬਣਾਈ ਯੂਨੀਅਨ 'ਪ੍ਰੋਫੈਸ਼ਨਲ ਐਸੋਸੀਏਸ਼ਨ ਆਫ ਫੌਰਨ ਸਰਵਿਸਿਜ਼ ਆਫੀਸਰਜ਼' ਦੇ ਪ੍ਰਧਾਨ ਟਿਮ ਐਡਵਰਡਜ਼ ਦਾ ਕਹਿਣਾ ਹੈ ਕਿ ਤਨਖਾਹਾਂ 'ਚ ਵਾਧੇ ਨੂੰ ਲੈ ਕੇ ਬੀਤੇ ਦੋ ਹਫਤਿਆਂ ਦੌਰਾਨ ਉਹ ਗੱਲਬਾਤ ਲਈ ਸਬੰਧਿਤ ਮੰਤਰਾਲੇ ਨਾਲ ਬੈਠੇ ਹਨ ਪਰ ਮਸਲਾ ਕਿਸੇ ਸਿਰੇ ਨਹੀਂ ਲੱਗਿਆ | ਉਨ੍ਹਾਂ ਕਿਹਾ ਕਿ ਦੂਤਘਰਾਂ 'ਚ ਕੰਮ ਕਰਦੇ ਅਧਿਕਾਰੀਆਂ ਨੂੰ 3000 ਡਾਲਰ ਤੋਂ ਲੈ ਕੇ 14,000 ਡਾਲਰ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ ਜਦਕਿ ਕੈਨੇਡਾ 'ਚ ਰਹਿ ਰਹੇ ਸਰਕਾਰੀ ਅਧਿਕਾਰੀ ਆਪਣੇ ਘਰ ਵੀ ਰਹਿ ਰਹੇ ਹਨ ਤੇ ਉਨ੍ਹਾਂ ਨੂੰ ਤਨਖਾਹ ਵੀ ਇਸ ਤੋਂ ਵੱਧ ਮਿਲ ਰਹੀ ਹੈ | ਜ਼ਿਕਰਯੋਗ ਹੈ ਕਿ ਕੈਨੇਡੀਅਨ ਦੂਤਘਰਾਂ 'ਚ ਕੰਮ ਕਰਨ ਵਾਲੇ 'ਲੈਵਲ-2' ਅਧਿਕਾਰੀਆਂ ਨੂੰ ਹਾਲ ਦੀ ਘੜੀ 83,000 ਡਾਲਰ ਸਾਲਾਨਾ ਤਨਖਾਹ ਵਜੋਂ ਮਿਲਦੇ ਹਨ ਤੇ ਸਰਕਾਰ ਇਹ ਤਨਖਾਹ ਵਧਾ ਕੇ 87,000 ਡਾਲਰ ਤੱਕ ਲਿਜਾਣ ਲਈ ਰਾਜ਼ੀ ਹੈ | ਜਦਕਿ ਇਸ ਹੀ ਪੱਧਰ ਦੇ ਕੈਨੇਡਾ 'ਚ ਰਹਿ ਕੇ ਕੰਮ ਕਰਦੇ ਸਰਕਾਰੀ ਅਧਿਕਾਰੀਆਂ ਨੂੰ 98,000 ਡਾਲਰ ਸਾਲਾਨਾ ਮਿਲ ਰਹੇ ਹਨ | ਕੈਨੇਡੀਅਨ ਦੂਤਘਰਾਂ ਦੇ ਕਰਮਚਾਰੀਆਂ ਵਲੋਂ ਹੜਤਾਲ 'ਤੇ ਜਾਣ ਨਾਲ ਜਿੱਥੇ ਇਨ੍ਹਾਂ ਅੰਬੈਸੀਆਂ ਦਾ ਕੰਮ-ਕਾਜ ਪ੍ਰਭਾਵਿਤ ਹੋ ਸਕਦਾ ਹੈ, ਉੱਥੇ ਨਾਲ ਹੀ ਕੈਨੇਡਾ ਦੇ ਅਕਸ ਨੂੰ ਵੀ ਧੱਕਾ ਲੱਗ ਸਕਦਾ ਹੈ |



Archive

RECENT STORIES