Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਐਬਟਸਫੋਰਡ ਵਿਖੇ ਹੋ ਰਹੇ ਟਰੱਕ ਸ਼ੋਅ ਲਈ ਤਿਆਰੀਆਂ ਮੁਕੰਮਲ

Posted on June 7th, 2013

<p>ਪਿਛਲੇ ਸਾਲ ਦੇ ਟਰੱਕ ਸ਼ੋਅ ਦੌਰਾਨ ਜੇਤੂ ਨੌਜਵਾਨ ਆਪਣਾ ਇਨਾਮ ਹਾਸਲ ਕਰਦਾ ਹੋਇਆ<br></p>


ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਨਜ਼ਦੀਕੀ ਸ਼ਹਿਰ ਐਬਟਸਫੋਰਡ ਵਿਖੇ ਸਥਿਤ ਟਰੇਡੈਕਸ ਦੇ ਖੁੱਲ੍ਹੇ ਮੈਦਾਨ 'ਚ 15 ਅਤੇ 16 ਜੂਨ ਨੂੰ ਕਰਵਾਏ ਜਾ ਰਹੇ 'ਆਪਣਾ ਟਰੱਕ ਸ਼ੋਅ' ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਟਰੱਕ ਸ਼ੋਅ ਦੇ ਪ੍ਰਬੰਧਕ ਟੋਨੀ ਸਿੰਘ ਨੇ ਦੱਸਿਆ ਕਿ ਇਸ ਵਾਰ ਵੀ  ਕੈਨੇਡਾ ਅਤੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਤੋਂ ਵੱਖਰੀ ਤਰਾਂ ਸਜਾਏ ਗਏ 100 ਤੋਂ ਵੱਧ ਟਰੱਕ ਇਸ ਸ਼ੋਅ ਦਾ ਸ਼ਿੰਗਾਰ ਬਣਨਗੇ। ਟਰੱਕਾਂ ਦੀ ਨੁਮਾਇਸ਼ ਤੋਂ ਇਲਾਵਾ ਦੋਵੇਂ ਦਿਨ ਮਨੋਰੰਜਨ ਤੇ ਖਾਣ-ਪੀਣ ਸਬੰਧੀ ਵੀ ਵਿਸ਼ੇਸ਼ ਇੰਤਜ਼ਾਮ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਦਾ ਸ਼ੋਅ 'ਪਿਤਾ ਦਿਵਸ' ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਟਰੱਕ ਸ਼ੋਅ ਦੌਰਾਨ ਜਿੱਥੇ ਬਹੁਤ ਹੀ ਪੈਸੇ ਖਰਚ ਕੇ ਸਜਾਏ ਟਰੱਕ ਦੇਖਣ ਨੂੰ ਮਿਲਣਗੇ, ਉੱਥੇ ਟਰੱਕਾਂ ਦੇ ਸਾਜ਼ੋ-ਸਮਾਨ, ਤਕਨਾਲੋਜੀ ਅਤੇ ਟਰੱਕਾਂ ਸਬੰਧੀ ਹੋਰ ਵੀ ਦਿਲਚਸਪ ਜਾਣਕਾਰੀ ਦਿੱਤੀ ਜਾਵੇਗੀ, ਜੋ ਇਸ ਪੇਸ਼ੇ ਵਿੱਚ ਪਏ ਨਵੇਂ ਲੋਕਾਂ ਲਈ ਬੇਹੱਦ ਸਹਾਈ ਹੋਵੇਗੀ। ਜਿਹੜੇ ਲੋਕ ਇਸ ਪੇਸ਼ੇ ਨੂੰ ਅਪਨਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਟਰੱਕ ਕੰਪਨੀਆਂ ਦੇ ਮਾਲਕਾਂ ਨੂੰ ਮਿਲਣ ਅਤੇ ਇਸ ਪੇਸ਼ੇ ਸਬੰਧੀ ਡੂੰਘਾਈ ਨਾਲ ਜਾਨਣ ਦਾ ਇਹ ਸੁਨਹਿਰੀ ਅਵਸਰ ਹੋਵੇਗਾ। 

ਟਰੱਕਾਂ ਦੀ ਸਜਾਵਟ ਦੇ ਮੁਕਾਬਲੇ 'ਚ ਜੇਤੂ ਬਣਨ ਵਾਲੇ ਮਾਲਕਾਂ ਨੂੰ ਇਨਾਮ ਤਕਸੀਮ ਕੀਤੇ ਜਾਣਗੇ। ਇਸ ਟਰੱਕ ਸ਼ੋਅ ਤੋਂ ਇਕੱਤਰ ਕੀਤੇ ਧਨ 'ਚੋਂ ਕੁਝ ਦਾਨ 'ਗੁਰੂ ਨਾਨਕ ਫਰੀ ਕਿਚਨ' ਅਤੇ 'ਚਿਲਡਰਨਜ਼ ਵਿਸ਼ ਫਾਊਂਡੇਸ਼ਨ' ਨੂੰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬੀ ਨੌਜਵਾਨ ਆਪਣੇ ਟਰੱਕਾਂ ਨੂੰ ਬੇਹੱਦ ਸਜਾ ਕੇ ਰੱਖਦੇ ਹਨ, ਜੋ ਕਿ ਸੜਕ 'ਤੇ ਇੱਕ ਕਿਸਮ ਦਾ ਉਨ੍ਹਾਂ ਦਾ ਘਰ ਹੀ ਹੁੰਦਾ ਹੈ। ਲੰਮੇ ਰੂਟ 'ਤੇ ਚੱਲਣ ਵਾਲੇ ਡਰਾਇਵਰ ਕਈ-ਕਈ ਦਿਨ ਟਰੱਕ ਵਿੱਚ ਹੀ ਖਾਂਦੇ-ਪੀਂਦੇ ਤੇ ਸੌਂਦੇ ਹਨ। ਇਨਾਮ ਜਿੱਤਣ ਲਈ ਬਹੁਤ ਸਾਰੇ ਸਥਾਨਕ ਟਰੱਕ ਮਾਲਕਾਂ ਨੇ ਟਰੱਕ ਸਜਾਉਣ 'ਤੇ ਪੂਰਾ ਤਾਣ ਲਾਇਆ ਹੋਇਆ ਹੈ। 





Archive

RECENT STORIES