Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਣਪਛਾਤੇ ਨੌਜਵਾਨ ਵੱਲੋਂ ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰ ਦੀ ਚਾਕੂ ਮਾਰ ਕੇ ਹੱਤਿਆ

Posted on June 8th, 2013

ਚੰਡੀਗੜ੍ਹ - ਤੜਕੇ ਸਵਾ ਦੋ ਵਜੇ ਇੱਥੇ ਅਵਾਰਾ ਘੁੰਮ ਰਹੇ ਮੁੰਡੇ ਅਤੇ ਕੁੜੀ ਨੇ ਰਾਤ ਦੀ ਗਸ਼ਤ ਕਰ ਰਹੇ ਚੰਡੀਗੜ੍ਹ ਟਰੈਫਿਕ ਪੁਲੀਸ ਦੇ ਇੰਸਪੈਕਟਰ ਸੁੱਚਾ ਸਿੰਘ ਨੂੰ ਸੈਕਟਰ-17 ਥਾਣੇ ਤੋਂ ਮਸਾਂ 100 ਫੁੱਟ ਦੂਰ ਚਾਕੂ ਮਾਰ ਮਾਰ ਕੇ  ਕਤਲ ਕਰ ਦਿੱਤਾ ਅਤੇ ਉਸ ਦੇ ਡਰਾਈਵਰ ਜਤਿੰਦਰ ਸਿੰਘ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਇਹ ਜੋੜੀ ਇਹ ਕਾਰਾ ਕਰਨ ਤੋਂ ਬਾਅਦ ਸਰਕਾਰੀ ਜਿਪਸੀ ਲੈ ਕੇ ਫ਼ਰਾਰ ਹੋ ਗਈ।  ਜ਼ਿਕਰਯੋਗ ਹੈ ਕਿ ਇੰਸਪੈਕਟਰ ਸੁੱਚਾ ਸਿੰਘ ਨੇ ਕੱਲ੍ਹ ਹੀ ਆਪਣੇ ਪੁੱਤਰ ਪਰਮਿੰਦਰ ਸਿੰਘ (ਪ੍ਰਿੰਸ) ਨੂੰ ਕੈਨੇਡਾ ਲਈ ਰਵਾਨਾ ਕੀਤਾ ਸੀ ਅਤੇ ਉਸ ਨੂੰ ਇਸ ਘਟਨਾ ਦੀ ਇਤਲਾਹ ਦੇ ਦਿੱਤੀ ਹੈ, ਉਹ ਰਸਤੇ ਵਿਚੋਂ ਵਾਪਸ ਚੰਡੀਗੜ੍ਹ ਆ ਰਿਹਾ ਹੈ।

ਚੰਡੀਗੜ੍ਹ ਪੁਲੀਸ ਦੀ ਮੁੱਢਲੀ ਪੜਤਾਲ ਤੋਂ ਸੰਕੇਤ ਮਿਲੇ ਹਨ ਕਿ ਇਹ ਕਤਲ ਚੰਡੀਗੜ੍ਹ ਪੁਲੀਸ ਦੇ ਇਕ ਮੁਅੱਤਲ ਕੀਤੇ ਸਿਪਾਹੀ ਬਸੰਤ ਉਰਫ ਬੰਟੀ ਅਤੇ ਉਸ ਦੀ ਪ੍ਰੇਮਿਕਾ ਸਰਿਤਾ ਵੱਲੋਂ ਕੀਤਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਸਿਪਾਹੀ ਬੰਟੀ ਨੇ ਚੰਡੀਗੜ੍ਹ ਪੁਲੀਸ ਦੇ ਅਸਲਾਖਾਨੇ ਵਿਚੋਂ ਧੋਖੇ ਨਾਲ ਆਪਣੇ ਨਾਂ ਸੈਲਫ ਲੋਡਿਡ ਰਾਈਫਲ (ਐਸਐਲਆਰ) ਰਿਲੀਜ਼ ਕਰਵਾ ਕੇ ਸੋਨੀਪਤ ਵਿਖੇ ਆਪਣੀ ਪ੍ਰੇਮਿਕਾ ਸਰਿਤਾ ਦੇ ਸਹੁਰੇ ਘਰ ਉਪਰ ਹਮਲਾ ਕਰਕੇ ਉਸ ਦੇ ਪਤੀ ਤੇ ਸੱਸ ਦੀ ਹੱਤਿਆ ਕਰ ਦਿੱਤੀ ਸੀ ਅਤੇ ਉਸ ਦੀ ਭੂਆ ਨੂੰ ਗੰਭੀਰ ਜ਼ਖਮੀ ਕਰਨ ਉਪਰੰਤ ਸਰਿਤਾ ਨੂੰ ਆਪਣੇ ਨਾਲ ਲੈ ਕੇ ਫ਼ਰਾਰ ਹੋ ਗਿਆ ਸੀ। ਹਰਿਆਣਾ ਪੁਲੀਸ ਵੱਲੋਂ ਬੰਟੀ ਉਪਰ ਇਕ ਲੱਖ ਰੁਪਏ ਦਾ ਇਨਾਮ ਰੱਖ ਕੇ ਉਸ ਦੀ ਭਾਲ ਕੀਤੀ ਜਾ ਰਹੀ ਸੀ ਜਦਕਿ ਦੂਸਰੇ ਪਾਸੇ ਚੰਡੀਗੜ੍ਹ ਪੁਲੀਸ ਵੱਲੋਂ ਵੀ ਇਸ ਸਿਪਾਹੀ ਵਿਰੁੱਧ ਧੋਖਾਧੜੀ ਆਦਿ ਦਾ ਕੇਸ ਦਰਜ ਕਰਕੇ ਉਸ ਦੀ ਤਲਾਸ਼ ਕੀਤੀ ਜਾ ਰਹੀ ਸੀ। ਭਾਵੇਂ ਚੰਡੀਗੜ੍ਹ ਪੁਲੀਸ ਨੇ ਫਿਲਹਾਲ ਇੰਸਪੈਕਟਰ ਦੇ ਕਤਲ ਅਤੇ ਉਸ ਦੇ ਡਰਾਈਵਰ ਨੂੰ ਜ਼ਖਮੀ ਕਰਨ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਵਿਰੁੱਧ ਹੀ ਐਫਆਈਆਰ ਦਰਜ ਕੀਤੀ ਹੈ ਪਰ ਪੁਲੀਸ ਸ਼ੱਕ ਆਪਣੇ ਸਿਪਾਹੀ ਬੰਟੀ ਅਤੇ ਉਸ ਦੀ ਪ੍ਰੇਮਿਕਾ ਉਪਰ ਹੀ ਕਰ ਰਹੀ ਹੈ। ਇਸ ਘਟਨਾ ਦੌਰਾਨ ਇੰਸਪੈਕਟਰ ਸੁੱਚਾ ਸਿੰਘ ਦੇ ਡਰਾਈਵਰ ਜਤਿੰਦਰ ਸਿੰਘ ਨੇ ਜ਼ਖਮੀ ਹਾਲਤ ਵਿਚ ਘਟਨਾ ਤੋਂ ਕੁੱਝ ਪਲਾਂ ਬਾਅਦ ਹੀ ਪੁਲੀਸ ਕੰਟਰੋਲ ਰੂਮ (100) ਨੂੰ ਸੂਚਿਤ ਕਰ ਦਿੱਤਾ ਸੀ ਅਤੇ ਕਈ ਜਿਪਸੀਆਂ ਵੱਲੋਂ ਮੁਲਜ਼ਮਾਂ ਦਾ ਪਿੱਛਾ ਕਰਨ ਦੇ ਬਾਵਜੂਦ ਮੁਲਜ਼ਮਾਂ ਨੂੰ ਫੜਨ ਵਿੱਚ ਅਸਫਲ ਰਹੀਆਂ।

ਪ੍ਰਾਪਤ ਜਾਣਕਾਰੀ ਅਨੁਸਾਰ ਇੰਸਪੈਕਟਰ ਸੁੱਚਾ ਸਿੰਘ ਦੀ ਰਾਤ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ‘ਨਾਈਟ ਚੈਕਿੰਗ’ ਦੀ ਡਿਊਟੀ ਸੀ। ਸੁੱਚਾ ਸਿੰਘ ਆਪਣੇ ਡਰਾਈਵਰ (ਹੋਮਗਾਰਡ ਜਵਾਨ) ਜਤਿੰਦਰ ਸਿੰਘ ਨਾਲ ਜਿਪਸੀ ਰਾਹੀਂ ਗਸ਼ਤ ਕਰ ਰਿਹਾ ਸੀ। ਇਸੇ ਦੌਰਾਨ ਜਦੋਂ ਉਹ ਸੈਕਟਰ-17 ਸਥਿਤ ਅੰਤਰਰਾਜੀ ਬੱਸ ਅੱਡੇ ਤੋਂ ਜਿਲ੍ਹਾ ਅਦਾਲਤੀ ਕੰਪਲੈਕਸ ਵੱਲ੍ਹ ਆ ਰਹੇ ਸਨ ਤਾਂ ਉਨ੍ਹਾਂ ਨੂੰ ਇਸ ਕੰਪਲੈਕਸ ਦੀ ਮੂਹਰਲੀ ਪਾਰਕਿੰਗ ਵਿਚ ਇੱਕ ਮੁੰਡਾ ਅਤੇ ਕੁੜੀ ਆਵਾਰਾ ਢੰਗ ਨਾਲ ਘੁੰਮਦੇ ਦਿਸੇ। ਇੰਸਪੈਕਟਰ ਨੇ ਜਿਪਸੀ ਵਿਚੋਂ ਉੱਤਰ ਕੇ ਇਸ ਮੁੰਡੇ-ਕੁੜੀ  ਤੋਂ ਪੁੱਛ-ਪੜਤਾਲ ਕੀਤੀ ਅਤੇ ਉਨ੍ਹਾਂ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਾ ਦੇਣ ਕਾਰਨ  ਇਸ ਜੋੜੀ ਨੂੰ ਨਾਲ ਲੱਗਦੇ ਸੈਕਟਰ-17 ਦੇ ਥਾਣੇ ਲਿਜਾਣ ਦਾ ਫੈਸਲਾ ਕੀਤਾ ਅਤੇ ਜਿਪਸੀ ਦੀਆਂ ਪਿਛਲੀਆਂ ਸੀਟਾਂ ’ਤੇ ਬਿਠਾ ਲਿਆ।। ਪਤਾ ਲੱਗਾ ਹੈ ਕਿ ਜਿਉਂ ਹੀ ਡਰਾਈਵਰ ਤੇ ਇੰਸਪੈਕਟਰ ਅਗਲੀਆਂ ਸੀਟਾਂ ’ਤੇ ਬੈਠ ਕੇ ਥਾਣੇ ਵੱਲ ਚੱਲਣ ਲੱਗੇ ਤਾਂ ਮੁੰਡੇ ਨੇ ਕਿਹਾ ਕਿ ਉਨ੍ਹਾਂ ਦਾ ਸਾਮਾਨ ਬੱਸ ਅੱਡੇ ਵਿੱਚ ਪਿਆ ਹੈ। ਇਸੇ ਦੌਰਾਨ ਮੁੰਡੇ ਨੇ ਇੰਸਪੈਕਟਰ ਨੂੰ ਗੱਲਾਂ ਵਿੱਚ ਉਲਝਾ ਕੇ ਪਿਛੋਂ ਚਾਕੂ ਨਾਲ ਉਸ ਦੀ ਗਰਦਨ ਉਪਰ ਵਾਰ ਕੀਤਾ। ਲੱਗਦੇ ਹੱਥ ਹੀ ਹਤਿਆਰੇ ਨੇ ਇੰਸਪੈਕਟਰ ਦੀ ਵੱਖੀ ਵਿੱਚ ਦੋ ਵਾਰ ਕਰ ਦਿੱਤੇ। ਇਸ ਦੌਰਾਨ ਹਮਲਾਵਰ ਨੇ ਡਰਾਈਵਰ ਜਤਿੰਦਰ ਉਪਰ ਵੀ ਚਾਕੂ ਨਾਲ ਵਾਰ ਕੀਤੇ ਅਤੇ ਉਸ ਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਦੋਵਾਂ ਨੂੰ ਜਿਪਸੀ ਵਿਚੋਂ ਸੁੱਟ ਕੇ ਇਸੇ ਵਾਹਨ ਰਾਹੀਂ ਫ਼ਰਾਰ ਹੋ ਗਏ।

ਮੁੱਢਲੀ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਜ਼ਖਮੀ ਹਾਲਤ ਵਿਚ ਵੀ ਸੁੱਚਾ ਸਿੰਘ ਨੇ ਹਤਿਆਰਿਆਂ ਨੂੰ ਘੇਰਨ ਦਾ ਬੜਾ ਯਤਨ ਕੀਤਾ ਅਤੇ ਨਾਲ ਅਦਾਲਤੀ ਕੰਪਲੈਕਸ ਵਿੱਚ ਤਾਇਨਾਤ ਹਥਿਆਰਬੰਦ ਸੰਤਰੀ ਨੂੰ ਹਮਲਾਵਰਾਂ ਉਪਰ ਗੋਲੀ ਚਲਾਉਣ ਲਈ ਚੀਕ-ਚਿਹਾੜਾ ਪਾਇਆ ਪਰ ਸੰਤਰੀ ਵੱਲੋਂ ਇਹ ਕਹਿ ਕੇ ਟਾਲਾ ਵੱਟ ਦਿੱਤਾ ਕਿ ਉਸ ਦੀ ਡਿਊਟੀ ਤਾਂ ਅਦਾਲਤੀ ਕੰਪਲੈਕਸ ਦੇ ਅੰਦਰ ਹੀ ਹੈ। ਪੁਲੀਸ ਇਸ ਸੰਤਰੀ ਦੀ ਭੂਮਿਕਾ ਨੂੰ ਵੀ ਸ਼ੱਕੀ ਮੰਨ ਕੇ ਪੜਤਾਲ ਕਰ ਰਹੀ ਹੈ। ਮੌਕੇ ’ਤੇ ਦੇਖਣ ਅਨੁਸਾਰ ਅਦਾਲਤੀ ਕੰਪਲੈਕਸ ਦੀ ਅਗਲੀ ਸੜਕ ਉਪਰ ਦੂਰ ਤੱਕ ਖੂਨ ਦੇ ਨਿਸ਼ਾਨ ਹਨ ਅਤੇ ਇਸ ਤੋਂ ਬਾਅਦ ਖੂਨ ਦੀਆਂ ਬੂੰਦਾਂ ਅਦਾਲਤੀ ਕੰਪਲੈਕਸ ਦੇ ਮੁੱਖ ਗੇਟ ਤੱਕ ਵੀ ਗਈਆਂ ਹਨ। ਇਸੇ ਦੌਰਾਨ ਡਰਾਈਵਰ ਨੇ 100 ਨੰਬਰ ’ਤੇ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਪੀਸੀਆਰ ਦੀਆਂ ਕਈ ਜਿਪਸੀਆਂ ਨੇ ਮੁਲਜ਼ਮਾਂ ਵੱਲੋਂ ਇੰਸਪੈਕਟਰ ਦੀ ਖੋਹੀ ਜਿਪਸੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। 

ਸੂਤਰਾਂ ਅਨੁਸਾਰ ਜਦੋਂ ਹਤਿਆਰੇ ਜਿਪਸੀ ਲੈ ਕੇ ਪਿੰਡ ਧਨਾਸ ਦੀ ਅੰਬੇਦਕਰ ਕਲੋਨੀ ਤੱਕ ਪੁੱਜ ਗਏ ਤਾਂ ਪੀਸੀਆਰ ਦੀ ਇੱਕ ਜਿਪਸੀ ਨੇ ਉਸ ਨੂੰ ਘੇਰ ਲਿਆ ਅਤੇ ਇਸ ਵਿੱਚ ਸਵਾਰ ਪੁਲੀਸ ਮੁਲਾਜ਼ਮਾਂ ਵੱਲੋਂ ਵਾਰ-ਵਾਰ ਉਚ ਅਧਿਕਾਰੀਆਂ ਨੂੰ ਫੋਨ ਕਰਕੇ ਗੋਲੀ ਚਲਾਉਣ ਦੀ ਇਜਾਜ਼ਤ ਮੰਗੀ ਗਈ। ਸੂਤਰਾਂ ਅਨੁਸਾਰ ਭਾਵੇਂ ਇਨ੍ਹਾਂ ਨੂੰ ਜਿਪਸੀ ਦੇ ਟਾਇਰਾਂ ’ਤੇ ਗੋਲੀਆਂ ਮਾਰਨ ਦੀ ਇਜਾਜ਼ਤ ਮਿਲ ਗਈ ਸੀ ਪਰ ਇਸੇ ਦੌਰਾਨ ਹਤਿਆਰਾ ਮੁੰਡਾ-ਕੁੜੀ ਉਥੇ ਹੀ ਜਿਪਸੀ ਛੱਡ ਕੇ ਨਾਲ ਲੱਗਦੇ ਜੰਗਲੀ ਖੇਤਰ ਵਿਚ ਵੜ ਕੇ ਫ਼ਰਾਰ ਹੋ ਗਏ। ਉਧਰ ਇੰਸਪੈਕਟਰ ਸੁੱਚਾ ਨੂੰ ਪਹਿਲਾਂ ਸੈਕਟਰ-16 ਦੇ ਹਸਪਤਾਲ ਅਤੇ ਬਾਅਦ ਵਿਚ ਪੀਜੀਆਈ ਵਿਖੇ ਦਾਖਲ ਕਰਵਾਇਆ ਗਿਆ। ਚੰਡੀਗੜ੍ਹ ਪੁਲੀਸ ਦੇ ਸੀਨੀਅਰ ਅਧਿਕਾਰੀ ਪੀਜੀਆਈ ਪੁੱਜ ਕੇ ਆਪਣੇ ਇੰਸਪੈਕਟਰ ਨੂੰ ਬਚਾਉਣ ਲਈ ਯਤਨਸ਼ੀਲ ਰਹੇ ਪਰ ਸਵੇਰੇ ਸੁੱਚਾ ਸਿੰਘ ਜ਼ਖ਼ਮਾਂ ਅੱਗੇ ਹਾਰ ਕੇ ਦਮ ਤੋੜ ਗਿਆ।

ਸੂਤਰਾਂ ਅਨੁਸਾਰ ਸੈਕਟਰ-16 ਦੇ ਹਸਪਤਾਲ ਵਿਚ ਦਾਖਲ ਜ਼ਖਮੀ ਜਤਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਹੈ ਕਿ ਜਦੋਂ ਹਤਿਆਰਾ ਉਨ੍ਹਾਂ ਉਪਰ ਵਾਰ ਕਰ ਰਿਹਾ ਸੀ ਤਾਂ ਉਸ ਦੀ ਸਾਥਣ ਉਸ ਨੂੰ ਵਾਰ-ਵਾਰ ਕਹਿ ਰਹੀ ਸੀ, ‘ਬੰਟੀ ਇੰਜ ਨਾ ਕਰ।’ ਬੰਟੀ ਦਾ ਨਾਂ ਸੁਣਦਿਆਂ ਹੀ ਪੁਲੀਸ ਅਧਿਕਾਰੀਆਂ ਦੇ ਕੰਨ ਖੜ੍ਹੇ ਹੋ ਗਏ ਕਿਉਂਕਿ ਇਹ ਭਗੌੜਾ ਸਿਪਾਹੀ ਹੈ । ਅੱਜ ਸਵੇਰੇ ਐਸਐਸਪੀ ਨੌਨਿਹਾਲ ਸਿੰਘ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀਐਸਪੀ ਅਪਰਾਧ ਸਤਬੀਰ ਸਿੰਘ ਦੀ ਅਗਵਾਈ ਅਤੇ ਸੈਕਟਰ-17 ਥਾਣੇ ਦੇ ਐਸ ਐਚ ਓ ਰਾਮ ਗੋਪਾਲ ਆਦਿ ’ਤੇ ਅਧਾਰਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਬਣਾ ਕੇ ਇਹ ਮਾਮਲਾ ਅਪਰਾਧ ਸ਼ਾਖਾ ਦੇ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੰਸਪੈਕਟਰ ਅਤੇ ਡਰਾਈਵਰ ਕੋਲ ਰਾਤ ਦੀ ਗਸ਼ਤ ਮੌਕੇ ਆਪਣੇ ਸਰਵਿਸ ਰਿਵਾਲਵਰ ਨਹੀਂ ਸਨ।

ਆਪਣੀ ਹਲੀਮੀ ਕਰਕੇ ਜਾਣਿਆ ਜਾਂਦਾ ਸੀ ਸੁੱਚਾ ਸਿੰਘ

ਪਿੰਡ ਪੜਛ (ਮੁਹਾਲੀ) ਦੇ 30 ਅਪਰੈਲ 1976 ਨੂੰ ਚੰਡੀਗੜ੍ਹ ਪੁਲੀਸ ਵਿੱਚ ਬਤੌਰ ਸਿਪਾਹੀ ਭਰਤੀ ਹੋਏ ਸੁੱਚਾ ਸਿੰਘ ਨੂੰ ਅਕਸਰ ਉਸ ਦੇ ਜਾਣਕਾਰ ‘ਮਿੱਠਾ ਭਰਾ’ ਵਜੋਂ ਸੰਬੋਧਨ ਹੁੰਦੇ ਸਨ ਕਿਉਂਕਿ ਸੁੱਚਾ ਸਿੰਘ ਹਰੇਕ ਨੂੰ ਵੀਰ ਜੀ ਕਹਿ ਕੇ ਮਿਲਦਾ ਸੀ ਅਤੇ ਟ੍ਰੈਫਿਕ ਦੀ ਡਿਊਟੀ ਦੌਰਾਨ ਚਲਾਨ ਕੱਟਣ ਲੱਗਿਆਂ ਵੀ ਵਾਹਨਾਂ ਚਾਲਕਾਂ ਨਾਲ ਪਰਿਵਾਰ ਦੇ ਮੁਖੀ ਵਾਂਗ ਪੇਸ਼ ਆਉਂਦਾ ਸੀ। ਸੁੱਚਾ ਸਿੰਘ 19 ਨਵੰਬਰ 1981 ਨੂੰ ਹੌਲਦਾਰ, 1 ਜੂਨ 1988 ਨੂੰ ਸਹਾਇਕ ਸਬ ਇੰਸਪੈਕਟਰ, 24 ਦਸੰਬਰ 1991 ਨੂੰ ਸਬ ਇੰਸਪੈਕਟਰ ਅਤੇ 31 ਅਕਤੂਬਰ 2008 ਨੂੰ ਇੰਸਪੈਕਟਰ ਪਰੋਮੋਟ ਹੋਇਆ ਸੀ। ਉਸ ਨੇ 31 ਜਨਵਰੀ 2014 ਨੂੰ ਰਿਟਾਇਰ ਹੋਣਾ ਸੀ।  ਆਪਣੀ ਸੇਵਾ ਦੌਰਾਨ ਇਸ ਇੰਸਪੈਕਟਰ ਨੇ ਕੁੱਲ 37 ਸ਼ਲਾਘਾ ਸਰਟੀਫਿਕੇਟ ਹਾਸਲ ਕਰਕੇ 10,160 ਰੁਪਏ ਦੇ ਨਗਦ ਇਨਾਮ ਲੈਣ ਦਾ ਮਾਣ ਹਾਸਲ ਕੀਤਾ ਸੀ। ਇਸ ਤੋਂ ਇਲਾਵਾ 26 ਜਨਵਰੀ 2006 ਨੂੰ ਉਸ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਆ ਗਿਆ ਸੀ ਅਤੇ 15 ਅਗਸਤ 2011 ਨੂੰ ਪੁਲੀਸ ਮੈਡਲ ਨਾਲ ਨਿਵਾਜ਼ਿਆ ਸੀ। ਉਹ ਆਪਣੇ ਪਿਛੇ ਪਤਨੀ ਰਣਜੀਤ ਕੌਰ, ਧੀ ਰੁਪਿੰਦਰ ਕੌਰ (ਰੂਪਾ) ਤੇ ਪੁੱਤਰ ਪਰਮਿੰਦਰ ਸਿੰਘ (ਪ੍ਰਿੰਸ) ਛੱਡ ਗਿਆ ਹੈ।

ਇਸ ਘਟਨਾ ਤੋਂ ਬਾਅਦ ਕਈ ਵਾਰ ਬੇਹੋਸ਼ ਹੋ ਚੁੱਕੀ ਇੰਸਪੈਕਟਰ ਦੀ ਪਤਨੀ ਰਣਜੀਤ ਕੌਰ ਨੇ ਧਾਹਾਂ ਮਾਰਦਿਆਂ ਦੱਸਿਆ ਕਿ ਉਸ ਦੇ ਪਤੀ ਨੇ ਆਖਰੀ ਸਾਹ ਆਪਣੀ ਧੀ ਦਾ ਨਾਂ ‘ਰੂਪਾ’ ਕਹਿ ਕੇ ਲਿਆ ਸੀ। ਮ੍ਰਿਤਕ ਦੇ ਰਿਸ਼ਤੇਦਾਰਾਂ ਅਨੁਸਾਰ ਸੁੱਚਾ ਸਿੰਘ ਉਨ੍ਹਾਂ ਦੇ ਪਰਿਵਾਰ ਦੀ ਇੱਕ ਨਿੱਘੀ ਕੜੀ ਸੀ।



Archive

RECENT STORIES