Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੁੱਖ ਮੰਤਰੀ ਕ੍ਰਿਸਟੀ ਕਲਾਰਕ ਵੱਲੋਂ ਨਵੀਂ ਵਜ਼ਾਰਤ ਦਾ ਐਲਾਨ- ਅਮਰੀਕ ਸਿੰਘ ਵਿਰਕ ਬਣੇ ਉੱਚ ਸਿੱਖਿਆ ਮੰਤਰੀ

Posted on June 8th, 2013

<p>ਉੱਚ ਸਿੱਖਿਆ ਮੰਤਰੀ ਅਮਰੀਕ ਸਿੰਘ ਵਿਰਕ<br></p>

ਵੈਨਕੂਵਰ, 8 ਜੂਨ (ਗੁਰਪ੍ਰੀਤ ਸਿੰਘ ਸਹੋਤਾ)- ਵੈਨਕੂਵਰ ਡਾਊਨ-ਟਾਊਨ ਵਿਖੇ ਸਥਿਤ ਕਨਵੈਨਸ਼ਨ ਸੈਂਟਰ ਦੇ ਬਾਹਰ ਪਾਣੀ ਕੰਢੇ ਇੱਕ ਵੱਡੇ ਅਤੇ ਪ੍ਰਭਾਵਸ਼ਾਲੀ ਇਕੱਠ ਵਿੱਚ ਮੁੱਖ ਮੰਤਰੀ ਕ੍ਰਿਸਟੀ ਕਲਾਰਕ ਨੇ ਸ਼ੁੱਕਰਵਾਰ ਬਾਅਦ ਦੁਪਹਿਰ ਸੂਬੇ ਦੀ ਸਰਕਾਰ ਚਲਾਉਣ ਲਈ 19 ਮੈਂਬਰੀ ਵਜ਼ਾਰਤ ਦਾ ਐਲਾਨ ਕਰ ਦਿੱਤਾ। ਸਮਾਗਮ ਦੀ ਆਰੰਭਤਾ ਮੂਲ ਨਿਵਾਸੀ ਲੋਕਾਂ ਦੀ ਮੁਖੀ ਨੇ ਅਰਦਾਸ ਕਰਕੇ ਅਤੇ ਇੱਕ 11 ਸਾਲਾ ਬੱਚੀ ਨੇ ਕੈਨੇਡਾ ਦੇ ਰਾਸ਼ਟਰੀ ਗੀਤ 'ਓ ਕੈਨੇਡਾ' ਦਾ ਗਾਇਨ ਕਰਕੇ ਕੀਤੀ। 

ਇਸ ਵਜ਼ਾਰਤ ਵਿਚ ਪੰਜਾਬੀਆਂ ਨੂੰ ਬਣਦੀ ਨੁਮਾਇੰਦਗੀ ਦੇਣ ਲਈ ਸਰੀ ਤੋਂ ਲਿਬਰਲ ਪਾਰਟੀ ਦੀ ਤਰਫੋਂ ਜਿੱਤੇ ਇੱਕੋ-ਇੱਕ ਪੰਜਾਬੀ ਵਿਧਾਇਕ ਅਮਰੀਕ ਸਿੰਘ ਵਿਰਕ ਨੂੰ ਉੱਚ ਸਿੱਖਿਆ ਦਾ ਮਹਿਕਮਾ ਦਿੱਤਾ ਗਿਆ। ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਪਿੰਡ ਬਜਰੂੜ (ਨੂਰਪੁਰ ਬੇਦੀ) ਤੋਂ 5 ਸਾਲ ਦੀ ਉਮਰ 'ਚ ਪਰਿਵਾਰ ਨਾਲ ਕੈਨੇਡਾ ਆਏ ਅਮਰੀਕ ਸਿੰਘ ਵਿਰਕ ਨੇ ਆਪਣੀ ਮੁਢਲੀ ਪੜ੍ਹਾਈ ਬੀ. ਸੀ. ਦੇ ਸ਼ਹਿਰ ਵਿਲੀਅਮਜ਼ ਲੇਕ ਤੋਂ ਅਤੇ ਉੱਚ ਵਿੱਦਿਆ ਵੈਨਕੂਵਰ ਦੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ ਹਾਸਲ ਕਰਨ ਉਪਰੰਤ 25 ਸਾਲ ਪੁਲਿਸ 'ਚ ਸੇਵਾ ਨਿਭਾਈ। 

ਪਾਰਟੀ ਦੇ ਪੁਰਾਣੇ ਆਗੂਆਂ ਵਿੱਚੋਂ ਰਿੱਚ ਕੋਲਮੈਨ ਨੂੰ ਉੱਪ ਮੁੱਖ ਮੰਤਰੀ ਬਣਾਉਣ ਦੇ ਨਾਲ-ਨਾਲ ਕੁਦਰਤੀ ਗੈਸ ਬਾਰੇ ਬਣਾਇਆ ਨਵਾਂ ਮਹਿਕਮਾ ਦਿੱਤਾ ਗਿਆ ਹੈ। ਵਿੱਤ ਮੰਤਰੀ ਮਾਈਕ ਡੀ. ਜੌਂਗ ਹੋਣਗੇ ਤੇ ਸਰਕਾਰ ਦੇ ਹਾਊਸ ਲੀਡਰ ਵੀ ਹੋਣਗੇ। ਟੈਰੀ ਲੇਕ ਨੂੰ ਸਿਹਤ ਵਿਭਾਗ ਅਤੇ ਟੌਡ ਸਟੋਨ ਨੂੰ ਆਵਾਜਾਈ ਮਹਿਕਮਾ ਦਿੱਤਾ ਗਿਆ ਹੈ। ਪੀਟਰ ਫਾਸਬੈਂਡਰ ਨੂੰ ਸਿੱਖਿਆ ਮੰਤਰੀ ਬਣਾਇਆ ਗਿਆ ਹੈ ਅਤੇ ਸਟੈਫਨੀ ਕਡਿਊ ਨੂੰ ਬੱਚਿਆਂ ਦੇ ਵਿਕਾਸ ਸਬੰਧੀ ਮਹਿਕਮਾ ਸੌਂਪਿਆ ਗਿਆ ਹੈ। ਅੰਤਰਰਾਸ਼ਟਰੀ ਵਪਾਰ ਅਤੇ ਬਹੁ-ਸੱਭਿਆਚਾਰ ਸਬੰਧੀ ਮਹਿਕਮੇ ਲਈ ਟਰੀਸਾ ਵਾਟ ਨੂੰ ਨਾਮਜ਼ਦ ਕੀਤਾ ਗਿਆ ਹੈ। ਸਿਟੀ ਕੌਂਸਲਰ ਸੁਜ਼ੈਨ ਐਨਟਨ ਨੂੰ ਸੂਬੇ ਦੀ ਅਟਾਰਨੀ ਜਨਰਲ ਬਣਾਇਆ ਗਿਆ ਹੈ। 

ਕ੍ਰਿਸਟੀ ਕਲਾਰਕ, ਜੋ ਕਿ ਇਨ੍ਹਾਂ ਚੋਣਾਂ ਵਿੱਚ ਆਪਣੀ ਨਿੱਜੀ ਸੀਟ ਤੋਂ ਚੋਣ ਹਾਰ ਗਏ ਸਨ, ਦਾ ਕਹਿਣਾ ਹੈ ਕਿ ਉਹ ਵੈਸਟਸਾਈਡ- ਕਿਲੋਨਾ ਤੋਂ ਜ਼ਿਮਨੀ ਚੋਣ ਜਿੱਤ ਕੇ ਵਿਧਾਨ ਸਭਾ 'ਚ ਪੁੱਜਣਗੇ। ਇਸ ਹਲਕੇ ਦੇ ਲੋਕਾਂ ਦਾ ਮੰਨਣਾ ਹੈ ਕਿ ਕਲਾਰਕ ਨੂੰ ਜਿਤਾਉਣਾ ਹੀ ਇਸ ਹਲਕੇ ਦੇ ਭਲੇ ਵਿਚ ਹੈ।


ਵਿਰਕ ਦੇ ਪਰਿਵਾਰਕ ਮੈਂਬਰਾਂ ਨੇ ਵੰਡੇ ਖੁਸ਼ੀ ਦੇ ਲੱਡੂ
ਨੂਰਪੁਰ ਬੇਦੀ, (ਹਰਦੀਪ ਸਿੰਘ ਢੀਂਡਸਾ)-ਰੋਪੜ ਜ਼ਿਲ੍ਹੇ ਦੇ ਬਜਰੂੜ ਪਿੰਡ 'ਚ ਜਨਮਿਆ ਸੀ ਅਮਰੀਕ ਸਿੰਘ ਵਿਰਕ ਆਪਣੀ ਪਤਨੀ ਜਤਿੰਦਰ ਤੇ ਤਿੰਨ ਧੀਆਂ ਨਾਲ ਬੀ.ਸੀ.ਰਾਜ ਦੇ ਸ਼ਹਿਰ ਸਰੀ ਵਿਚ ਬੀਤੇ ਕਈ ਸਾਲਾਂ ਤੋਂ ਰਹਿ ਰਹੇ ਹਨ। ਅਮਰੀਕ ਸਿੰਘ ਵਿਰਕ ਦਾ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦਾ ਸਿੱਖਿਆ ਮੰਤਰੀ ਬਣਨ ਨਾਲ ਉਹਨਾਂ ਦੇ ਪਿੰਡ ਬਜਰੂੜ ਅਤੇ ਸਕੇ ਸਬੰਧੀਆਂ 'ਚ ਖੁਸ਼ੀ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਖੁਸ਼ੀ ਵਿਚ ਲੱਡੂ ਵੰਡੇ। ਅਮਰੀਕ ਸਿੰਘ ਵਿਰਕ ਦੇ ਮਾਸੜ ਚਰਨ ਸਿੰਘ ਕੰਗ, ਮਾਸੀ ਦੇ ਲੜਕੇ ਨਰਿੰਦਰ ਸਿੰਘ ਕੰਗ ਤੇ ਮਨਜਿੰਦਰ ਸਿੰਘ ਕੰਗ ਨੇ ਦੱਸਿਆ ਕਿ ਉਹਨਾਂ ਨੂੰ ਇਹ ਖਬਰ ਮਿਲਣ ਤੇ ਉਹ ਖੁਸ਼ੀ ਵਿਚ ਖੀਵੇ ਹੋ ਗਏ ਹਨ। ਉਹਨਾਂ ਦੱਸਿਆ ਕਿ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਇਕ ਪਿਛੜੇ ਪਿੰਡ ਦੇ ਨੌਜਵਾਨ ਦਾ ਕੈਨੇਡਾ ਦੇ ਇਕ ਸੂਬੇ ਵਿਚ ਮੰਤਰੀ ਬਣਨਾ ਪੂਰਾ ਪੰਜਾਬ ਹੀ ਨਹੀਂ ਬਲਕਿ ਦੇਸ਼ ਲਈ ਗੌਰਵ ਦੀ ਗੱਲ ਹੈ। ਉਨ੍ਹਾਂ ਦੇ ਪਰਿਵਾਰ ਨੇ ਖੁਸ਼ੀ ਵਿਚ ਲੱਡੂ ਵੰਡੇ।



Archive

RECENT STORIES