Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਦੀ ਚੋਣ ਮੁਹਿੰਮ ਕਮੇਟੀ ਦਾ ਚੇਅਰਮੈਨ ਨਿਯੁਕਤ

Posted on June 9th, 2013

ਪਣਜੀ- ਐਲ ਕੇ ਅਡਵਾਨੀ ਤੇ ਕੁਝ ਹੋਰ ਸੀਨੀਅਰ ਆਗੂਆਂ ਦੇ ਇਤਰਾਜ ਨੂੰ ਅਣਡਿੱਠ ਕਰਦਿਆਂ ਭਾਰਤੀ ਜਨਤਾ ਪਾਰਟੀ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ 2014 ਵਿਚ ਹੋਣ ਵਾਲੀਆਂ ਆਮ ਚੋਣਾਂ ਲਈ ਪਾਰਟੀ ਦੀ ਚੋਣ ਮੁਹਿੰਮ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਸ ਸਬੰਧੀ ਐਲਾਨ ਅੱਜ ਇਥੇ ਖਤਮ ਹੋਈ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿਚ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਨੇ ਕੀਤਾ। ਮੀਟਿੰਗ ਵਿਚ ਇਕ ਰਾਜਸੀ ਮਤਾ ਵੀ ਪ੍ਰਵਾਨ ਕੀਤਾ ਗਿਆ ਜਿਸ ਵਿਚ ਸਾਂਝਾ ਪ੍ਰਗਤੀਸ਼ੀਲ ਗਠਜੋੜ ਸਰਕਾਰ-2 ਦੇ ਸਾਸ਼ਨ ਨੂੰ ਭਾਰਤੀ ਇਤਿਹਾਸ ਦਾ ਕਾਲਾ ਅਧਿਆਏ ਕਰਾਰ ਦਿੰਦਿਆਂ ਕਿਹਾ ਗਿਆ ਹੈ ਕਿ ਪਾਰਟੀ ਸਭ ਤੋਂ ਵਧ ਭ੍ਰਿਸ਼ਟ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਪ੍ਰਤੀ ਦ੍ਰਿੜ ਹੈ। ਪਾਰਟੀ ਨੇ ਸਾਂਝਾ ਪ੍ਰਗਤੀਸ਼ੀਲ ਗਠਜੋੜ ਸਰਕਾਰ ਵਿਰੁੱਧ 17 ਜੂਨ ਤੋਂ 22 ਜੂਨ ਤੱਕ ਜੇਲ੍ਹ ਭਰੋ ਅੰਦੋਲਨ ਚਲਾਉਣ ਦਾ ਵੀ ਐਲਾਨ ਕੀਤਾ ਹੈ। ਪਾਰਟੀ ਪ੍ਰਧਾਨ ਰਾਜਨਾਥ ਸਿੰਘ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਨਰਿੰਦਰ ਮੋਦੀ ਨੂੰ ਚੋਣ ਮੁਹਿੰਮ ਦਾ ਚੇਅਰਮੈਨ ਬਣਾਏ ਜਾਣ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ 2014 ਦੀਆਂ ਆਮ ਚੋਣਾਂ ਦੀ ਚੁਣੌਤੀ ਨੂੰ ਸਾਹਮਣੇ ਰਖਦਿਆਂ ਤੇ ਇਹ ਚੋਣਾਂ ਜਿੱਤਣ ਦੇ ਮਕਸਦ ਨਾਲ ਮੋਦੀ ਨੂੰ ਚੋਣ ਮੁਹਿੰਮ ਕਮੇਟੀ ਦੀ ਅਗਵਾਈ ਸੌਂਪੀ ਗਈ ਹੈ। ਲੋਕ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ, ਅਰੁਨ ਜੇਤਲੀ, ਸਾਬਕਾ ਪ੍ਰਧਾਨ ਵੈਂਕਈਆਹ ਨਾਇਡੂ, ਜਨਰਲ ਸਕੱਤਰ ਅਨੰਤ ਕੁਮਾਰ ਤੇ ਹੋਰ ਆਗੂਆਂ ਦੀ ਹਾਜਰੀ ਵਿਚ ਰਾਜਨਾਥ ਸਿੰਘ ਨੇ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਸਮਝਿਆ ਜਾਂਦਾ ਹੈ ਕਿ ਐਲ.ਕੇ ਅਡਵਾਨੀ, ਜਸਵੰਤ ਸਿੰਘ, ਯਸ਼ਵੰਤ ਸਿਨਹਾ, ਉਮਾ ਭਾਰਤੀ ਤੇ ਸ਼ਤਰੂਘਨ ਸਿਨਹਾ ਸਮੇਤ ਅਨੇਕਾਂ ਆਗੂ ਮੋਦੀ ਦੀ ਅਗਵਾਈ ਵਿਚ ਚੋਣਾਂ ਲੜਨ ਦਾ ਵਿਰੋਧ ਕਰ ਰਹੇ ਹਨ। ਇਸ ਕਾਰਨ ਹੀ ਉਹ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿਚ ਸ਼ਾਮਿਲ ਨਹੀਂ ਹੋਏ।

ਸਾਂਝਾ ਪ੍ਰਗਤੀਸ਼ੀਲ ਗਠਜੋੜ ਸਰਕਾਰ ਉਪਰ ਦੇਸ਼ ਨੂੰ ਵਧ ਤੋਂ ਵਧ ਨੁਕਸਾਨ ਪਹੁੰਚਾਉਣ ਦੇ ਦੋਸ਼ ਲਾਉਂਦਿਆਂ ਭਾਜਪਾ ਨੇ 17 ਜੂਨ ਤੋਂ 22 ਜੂਨ ਤੱਕ ਜੇਲ੍ਹ ਭਰੋ ਅੰਦੋਲਨ ਚਲਾਉਣ ਦਾ ਐਲਾਨ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਬੁਲਾਰੇ ਸ਼ਾਹਨਵਾਜ਼ ਹੁਸੈਨ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲਾਂ ਇਹ ਅੰਦੋਲਨ 27 ਮਈ ਤੋਂ 2 ਜੂਨ ਤੱਕ ਚਲਾਉਣ ਦਾ ਫੈਸਲਾ ਕੀਤਾ ਗਿਆ ਸੀ ਪਰ ਛੱਤੀਸਗੜ੍ਹ ਵਿਚ ਨਕਸਲੀ ਹਮਲੇ ਕਾਰਨ ਇਹ ਅੰਦੋਲਨ ਮੁਲਤਵੀ ਕਰ ਦਿੱਤਾ ਗਿਆ ਸੀ। ਹੁਸੈਨ ਨੇ ਦੱਸਿਆ ਕਿ ਇਹ ਅੰਦੋਲਨ ਮਹਿੰਗਾਈ ਤੇ ਭ੍ਰਿਸ਼ਟਾਚਾਰ ਵਿਰੁੱਧ ਵਿੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪ੍ਰਧਾਨ ਮਤੰਰੀ ਦੇ ਦਫਤਰ ਤੇ 10 ਜਨਪਥ (ਸੋਨੀਆ ਗਾਂਧੀ ਦੀ ਰਿਹਾਇਸ਼) ਵਿਚਾਲੇ ਵੰਡੀ ਗਈ ਹੈ ਜਿਸ ਕਾਰਨ ਦੇਸ਼ ਨੂੰ ਇਸ ਦੀ ਕੀਮਤ ਤਾਰਨੀ ਪਈ ਹੈ। ਪਾਰਟੀ ਨੇ ਮੋਦੀ ਨੂੰ ਚੇਅਰਮੈਨ ਬਣਾਕੇ ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ) ਦੇ ਇਕ ਭਾਈਵਾਲ ਜਨਤਾ ਦਲ (ਸੰਯੁਕਤ) ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਜੋ 2014 ਦੀਆਂ ਆਮ ਚੋਣਾਂ ਦੌਰਾਨ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁੱਦੇ ਲਈ ਉਮੀਦਵਾਰ ਵਜੋਂ ਪੇਸ਼ ਕਰਨ 'ਤੇ ਇਤਰਾਜ ਕਰ ਰਿਹਾ ਹੈ। ਸ਼ਾਹਨਵਾਜ਼ ਨੇ ਕਿਹਾ ਕਿ ਮੋਦੀ ਪਾਰਟੀ ਦੇ ਬਾਕੀ ਆਗੂਆਂ ਵਾਂਗ ਹੀ ਧਰਮ ਨਿਰਪੱਖ ਹਨ। ਜਨਤਾ ਦਲ (ਸੰਯੁਕਤ) ਵੱਲੋਂ ਮੋਦੀ ਦਾ ਵਿਰੋਧ ਕੀਤੇ ਜਾਣ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਕਿ ਕੌਣ ਧਰਮ ਨਿਰਪੱਖ ਹੈ ਤੇ ਕੌਣ ਨਹੀਂ।



Archive

RECENT STORIES