Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਾਕਾ ਨੀਲਾ ਤਾਰਾ ਦੀ 29ਵੀਂ ਵਰ੍ਹੇਗੰਢ —-ਮੌਕੇ ਲੰਡਨ ਵਿਖੇ ਸਿੱਖਾਂ ਵੱਲੋਂ ਜ਼ਬਰਦਸਤ ਰੋਸ ਮੁਜ਼ਾਹਰਾ

Posted on June 9th, 2013

ਲੰਡਨ, 9 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਕਾ ਨੀਲਾ ਤਾਰਾ ਦੀ 29ਵੀਂ ਵਰ੍ਹੇਗੰਢ ਮੌਕੇ ਲੰਡਨ ਵਿਖੇ ਸਿੱਖਾਂ ਵੱਲੋਂ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਸ਼ਾਮਿਲ ਹੋਈਆਂ | ਇਸ ਰੋਸ ਮੁਜ਼ਾਹਰੇ 'ਚ ਸਾਊਥਾਲ, ਗ੍ਰੇਵਜ਼ੈਂਡ, ਲੈਸਟਰ, ਬਰਮਿੰਘਮ, ਸਾਊਥਹੈਂਪਟਨ, ਨਿਊਕਾਸਲ, ਕਵੈਂਟਰੀ, ਵੁਲਵਰਹੈਂਪਟਨ, ਹੇਜ਼, ਹੰਸਲੋ, ਸਲੋਹ ਆਦਿ ਸਮੇਤ ਇੰਗਲੈਂਡ ਭਰ 'ਚੋਂ ਹਜ਼ਾਰਾਂ ਸਿੱਖ ਪਹੁੰਚੇ ਹੋਏ ਸਨ, ਇਸ ਤੋਂ ਇਲਾਵਾ ਯੂਰਪ, ਯੂ. ਐਸ. ਏ., ਕੈਨੇਡਾ ਆਦਿ ਤੋਂ ਵੀ ਸਿੱਖ ਆਗੂ ਪਹੁੰਚੇ ਹੋਏ ਸਨ | 

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂ. ਕੇ. ਦੇ ਬੈਨਰ ਹੇਠ ਕੀਤੇ ਗਏ ਇਸ ਰੋਸ ਮਾਰਚ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ, ਭਾਰਤੀ ਹਾਈ ਕਮਿਸ਼ਨ ਲੰਡਨ ਦੇ ਨੇੜਿਓਾ ਸ਼ੁਰੂ ਹੋਇਆ ਇਹ ਰੋਸ ਮਾਰਚ ਪ੍ਰਧਾਨ ਮੰਤਰੀ ਨਿਵਾਸ ਅਸਥਾਨ ਅੱਗੋਂ ਲੰਘਦਾ ਹੋਇਆ ਟਰੈਫਗਲਰ ਸੁਕੇਅਰ ਕੋਲੋਂ ਹੁੰਦਾ ਹੋਇਆ ਮਿਲਬੈਂਕ ਵਿਖੇ ਪਹੁੰਚਿਆ, ਜਿੱਥੇ ਪੰਥਕ ਆਗੂਆਂ ਵੱਲੋਂ ਸਿੱਖਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਸਰਕਾਰ ਦੀ ਬੇਰਹਿਮੀ ਦਾ ਵਿਸਥਾਰ ਸਹਿਤ ਜ਼ਿਕਰ ਕੀਤਾ | ਉਨ੍ਹਾਂ ਕਿਹਾ ਕਿ 29 ਸਾਲ ਬਾਅਦ ਵੀ ਸਿੱਖ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਨ ਦੀਆਂ ਘਟਨਾਵਾਂ ਨੂੰ ਭੁੱਲ ਨਹੀਂ ਸਕੇ | ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸ਼ਰੇਆਮ ਭਾਰਤ ਸਰਕਾਰ ਤੇ ਭਾਰਤੀ ਨਿਆਂ ਪ੍ਰਣਾਲੀ ਵੱਲੋਂ ਬਚਾਇਆ ਗਿਆ ਹੈ, ਜਿਸ ਦੀ ਤਾਜ਼ਾ ਮਿਸਾਲ ਸੱਜਣ ਕੁਮਾਰ ਨੂੰ ਬਰੀ ਕਰਨਾ ਹੈ | 

ਇਸ ਮੌਕੇ ਭਾਈ ਜੋਗਾ ਸਿੰਘ, ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਦਬਿੰਦਰਜੀਤ ਸਿੰਘ, ਭਾਈ ਅਮਰੀਕ ਸਿੰਘ ਗਿੱਲ, ਭਾਈ ਮਨਮੋਹਨ ਸਿੰਘ ਖਾਲਸਾ, ਲਵਸ਼ਿੰਦਰ ਸਿੰਘ ਡੱਲੇਵਾਲ, ਬਲਬੀਰ ਸਿੰਘ ਅਖੰਡ ਕੀਰਤਨੀ ਜੱਥਾ, ਗੁਰਦਿਆਲ ਸਿੰਘ ਅਟਵਾਲ ਅਕਾਲੀ ਦਲ ਅੰਮਿ੍ਤਸਰ, ਪਿਆਰਾ ਸਿੰਘ ਭੋਗਲ, ਭਾਈ ਮੰਗਲ ਸਿੰਘ, ਸ. ਹਰਜੀਤ ਸਿੰਘ ਸਰਪੰਚ, ਭਾਈ ਹਰਦੀਸ਼ ਸਿੰਘ, ਭਾਈ ਗੁਰਮੇਜ ਸਿੰਘ ਗਿੱਲ ਆਦਿ ਸਮੇਤ ਮਨੁੱਖੀ ਅਧਿਕਾਰ ਸੰਗਠਨਾਂ, ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ | ਇਸ ਮੌਕੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੂੰ ਸਿੱਖਾਂ ਵੱਲੋਂ ਇੱਕ ਯਾਦ ਪੱਤਰ ਵੀ ਦਿੱਤਾ ਗਿਆ | ਜੇਲ੍ਹਾਂ 'ਚ ਬੰਦ ਸਿੱਖਾਂ ਦੀ ਰਿਹਾਈ, ਨਵੰਬਰ '84 ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਭਾਰਤ 'ਚੋਂ ਫਾਂਸੀ ਦੀ ਸਜ਼ਾ ਖ਼ਤਮ ਕਰਨ ਦੀਆਂ ਮੰਗਾਂ ਕੀਤੀਆਂ ਗਈਆਂ |

ਰੋਸ ਮੁਜ਼ਾਹਰੇ 'ਚ ਸ਼ਾਮਿਲ ਹੋਣ ਲਈ ਇੰਗਲੈਂਡ ਦੇ ਸ਼ਹਿਰ ਲੈਸਟਰ, ਡਰਬੀ, ਬਰਮਿੰਘਮ, ਨੋਟਿੰਗਮ, ਇਲਫੋਰਟ, ਕੁਵੈਂਟਰੀ, ਸਾਊਥਹਾਲ ਸਮੇਤ ਯੂਰਪ ਦੇ ਵੱਖ-ਵੱਖ ਦੇਸ਼ਾਂ 'ਚੋਂ ਵੱਡੀ ਗਿਣਤੀ 'ਚ ਸ਼ਿਰਕਤ ਕਰਨ ਲਈ ਸੰਗਤਾਂ ਬੱਸਾਂ, ਕਾਰਾਂ ਅਤੇ ਹੋਰ ਵਾਹਨਾਂ 'ਚ ਸਵਾਰ ਹੋ ਕੇ ਲੰਡਨ ਲਈ ਰਵਾਨਾ ਹੋਈਆਂ | ਲੈਸਟਰ ਤੋਂ ਸ: ਮੰਗਲ ਸਿੰਘ, ਕੁਲਦੀਪ ਸਿੰਘ ਚਹੇੜੂ ਅਤੇ ਹੋਰ ਸਿੱਖ ਆਗੂਆਂ ਦੀ ਅਗਵਾਈ 'ਚ 15 ਦੇ ਕਰੀਬ ਬੱਸਾਂ ਲੰਡਨ ਪੁੱਜੀਆਂ | 



Archive

RECENT STORIES