Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਜਪਾ ਦੀ ਫੁਟ : ਅਡਵਾਨੀ ਨੇ ਪਾਰਟੀ ਦੇ ਸਾਰੇ ਅਹੁਦੇ ਛੱਡੇ

Posted on June 10th, 2013

ਨਵੀਂ ਦਿੱਲੀ- ਪਿਛਲੇ ਲੰਮੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਨੇ ਅੱਜ ਉਸ ਵੇਲੇ ਵਿਸਫੋਟਕ ਰੂਪ ਅਖਤਿਆਰ ਕਰ ਲਿਆ ਜਦੋਂ ਸ੍ਰੀ ਅਟਲ ਬਿਹਾਰੀ ਵਾਜਪਾਈ ਤੋਂ ਬਾਅਦ ਪਾਰਟੀ ਦੇ ਸਭ ਤੋਂ ਵੱਡੇ ਥੰਮ ਮੰਨੇ ਜਾਂਦੇ ਸੀਨੀਅਰ ਆਗੂ ਐਲ.ਕੇ. ਅਡਵਾਨੀ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਪਰ ਉਨ੍ਹਾਂ ਨੇ ਐਨਡੀਏ ਦੀ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦਿੱਤਾ ਹੈ। ਭਾਜਪਾ ਦੇ ਸੰਸਦੀ ਬੋਰਡ ਦੀ ਦੇਰ ਰਾਤੀਂ ਹੋਈ ਮੀਟਿੰਗ ਦੌਰਾਨ ਸ੍ਰੀ ਅਡਵਾਨੀ ਦਾ ਅਸਤੀਫ਼ਾ ਰੱਦ ਕਰ ਦਿੱਤਾ ਗਿਆ ਹੈ। ਸ੍ਰੀ ਅਡਵਾਨੀ ਦੇ ਅਸਤੀਫੇ ਨਾਲ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਵੀ ਕਰਾਰਾ ਝਟਕਾ ਲੱਗਾ ਹੈ ਜਿਨ੍ਹਾਂ ਨੂੰ ਲੰਘੇ ਦਿਨ ਹੀ ਚੋਣ ਮੁਹਿੰਮ ਕਮੇਟੀ ਦਾ ਮੁਖੀ ਬਣਾਇਆ ਗਿਆ ਸੀ। ਸ੍ਰੀ ਅਡਵਾਨੀ  ਨੇ ਸ੍ਰੀ ਮੋਦੀ ਦੀ ਨਿਯੁਕਤੀ ਦੇ ਵਿਰੋਧ ਵਿਚ ਹੀ ਅਸਤੀਫਾ ਦਿੱਤਾ ਹੈ ਕਿਉਂਕਿ ਉਹ ਪਿਛਲੇ ਸਮੇਂ ਤੋਂ ਕੇਂਦਰੀ ਸਿਆਸਤ ਵਿਚ ਸ੍ਰੀ ਮੋਦੀ ਦੇ ਉਭਾਰ ਦਾ ਵਿਰੋਧ ਕਰ ਰਹੇ ਸਨ। ਅਸਤੀਫਾ ਦੇਣ ਦੇ ਨਾਲ ਹੀ ਸ੍ਰੀ ਅਡਵਾਨੀ ਨੇ ਪਾਰਟੀ ਆਗੂਆਂ ਦੀ ਕਾਰਜਸ਼ੈਲੀ ’ਤੇ ਗੰਭੀਰ ਸਵਾਲ ਉਠਾਏ। ਉਨ੍ਹਾਂ ਸਪਸ਼ਟ ਕਿਹਾ ਕਿ ਨਵੇਂ ਦੌਰ ਦੇ ਆਗੂ ਪਾਰਟੀ ਦੀ ਵਿਚਾਰਧਾਰਾ ਤੋਂ ਦੂਰ ਜਾ ਰਹੇ ਹਨ ਤੇ ਉਨ੍ਹਾਂ ਦੇ ਨਿੱਜੀ ਸਵਾਰਥ ਪਾਰਟੀ ਸਿਧਾਂਤਾਂ ’ਤੇ ਭਾਰੂ ਪੈ ਰਹੇ ਹਨ।

ਮੰਨਿਆ ਜਾ ਰਿਹਾ ਹੈ ਕਿ ਪਾਰਟੀ ਦੇ ਮੋਢੀ ਮੈਂਬਰ 85 ਸਾਲਾ ਸ੍ਰੀ ਅਡਵਾਨੀ ਦਾ ਅਸਤੀਫਾ ਭਾਜਪਾ ਵਿਚ ਗੁਟਬੰਦੀ ਨੂੰ ਹੋਰ ਵਧਾਏਗਾ। ਸ੍ਰੀ ਅਡਵਾਨੀ ਨੇ ਪਾਰਟੀ ਸੰਸਦੀ ਬੋਰਡ, ਕੌਮੀ ਕਾਰਜਕਾਰਨੀ ਤੇ ਚੋਣ ਕਮੇਟੀ ਦੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਹਨ। ਪਾਰਟੀ ਪ੍ਰਧਾਨ ਰਾਜਨਾਥ ਸਿੰਘ ਨੂੰ ਭੇਜੇ ਅਸਤੀਫੇ ਵਿਚ ਸ੍ਰੀ ਅਡਵਾਨੀ ਨੇ ਲਿਖਿਆ ਹੈ ਕਿ ਇਸ ਵੇਲੇ ਭਾਜਪਾ ਆਪਣੇ ਸਿਧਾਂਤਾਂ ਤੋਂ ਥਿੜਕ ਗਈ ਹੈ ਤੇ ਇਹ ਸਿਆਮ ਪ੍ਰਸਾਦ ਮੁਖਰਜੀ, ਦੀਨਦਿਆਲ ਉਪਾਧਿਆਏ, ਨਾਨਾਜੀ ਦੇਸ਼ਮੁਖ ਤੇ ਅਟਲ ਬਿਹਾਰੀ ਵਾਜਪਾਈ ਦੀ ਵਿਚਾਰਧਾਰਾ ਤੋਂ ਦੂਰ ਚਲੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਜ਼ਿਆਦਾਤਰ ਆਗੂਆਂ ਦਾ ਧਿਆਨ ਆਪਣੇ ਨਿੱਜੀ ਏਜੰਡਿਆਂ ’ਤੇ ਕੇਂਦਰਿਤ ਹੈ।

ਇਥੇ ਜ਼ਿਕਰਯੋਗ ਹੈ ਕਿ ਸ੍ਰੀ ਅਡਵਾਨੀ ਗੋਆ ਵਿਚ ਹੋਈ ਪਾਰਟੀ ਦੀ ਤਿੰਨ-ਰੋਜ਼ਾ ਮੀਟਿੰਗ ਵਿਚੋਂ ਗ਼ੈਰ-ਹਾਜ਼ਰ ਰਹੇ ਹਨ। ਇਹ ਪਹਿਲੀ ਵਾਰ ਸੀ ਕਿ ਸ੍ਰੀ ਅਡਵਾਨੀ ਨੇ ਕੌਮੀ ਕਾਰਜਕਾਰਨੀ ਦੀ ਮੀਟਿੰਗ ’ਚ ਸ਼ਮੂਲੀਅਤ ਨਹੀਂ ਕੀਤੀ। ਉਧਰ, ਅਸਤੀਫਾ ਮਿਲਦਿਆਂ ਹੀ ਸ੍ਰੀ ਰਾਜਨਾਥ ਤੁਰੰਤ ਸ੍ਰੀ ਅਡਵਾਨੀ ਦੇ ਘਰ ਪੁੱਜੇ ਤੇ ਉਨ੍ਹਾਂ ਨੂੰ ਮਨਾਉਣ ਦਾ ਪੂਰਾ ਜ਼ੋਰ ਲਾਇਆ। ਪਰ  ਸ੍ਰੀ ਅਡਵਾਨੀ ਆਪਣੇ ਫੈਸਲੇ ’ਤੇ ਅਟੱਲ ਰਹੇ। ਬਾਅਦ ਵਿਚ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅਸਤੀਫਾ ਸਵੀਕਾਰ ਨਹੀਂ ਕੀਤਾ ਹੈ। ਸ੍ਰੀ ਅਡਵਾਨੀ ਨੂੰ ਮਨਾਉਣ ਲਈ ਸੁਸ਼ਮਾ ਸਵਰਾਜ, ਵੈਂਕਈਆ ਨਾਇਡੂ ਤੇ ਅਨੰਤ ਕੁਮਾਰ ਨੇ ਵੀ ਬਥੇਰਾ ਜ਼ੋਰ ਲਾਇਆ ਪਰ ਉਹ ਨਹੀਂ ਮੰਨੇ। ਉਧਰ, ਪਾਰਟੀ ਪ੍ਰਧਾਨ ਨੇ ਅਰੁਨ ਜੇਤਲੀ ਸਣੇ ਸੀਨੀਅਰ ਆਗੂਆਂ ਨਾਲ ਪਾਰਟੀ ਅੰਦਰ ਪੈਦਾ ਹੋਏ ਤਣਾਅ ਨੂੰ ਸ਼ਾਂਤ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ। ਅਸਤੀਫਾ ਦੇਣ ਤੋਂ ਪਹਿਲਾਂ ਸ੍ਰੀ ਅਡਵਾਨੀ ਨੇ ਗ੍ਰਹਿ ਮੰਤਰਾਲੇ ਦੀ ਸਥਾਈ ਸੰਸਦੀ ਕਮੇਟੀ ਦੀ ਮੀਟਿੰਗ ਵਿਚ ਹਿੱਸਾ ਲਿਆ



Archive

RECENT STORIES