Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦਸਤਾਰਧਾਰੀ ਖਿਡਾਰੀਆਂ 'ਤੇ ਪਾਬੰਦੀ ਲਾਉਣ ਵਾਲੀ ਕਿਊਬੈੱਕ ਐਸੋਸੀਏਸ਼ਨ ਮੁਅੱਤਲ

Posted on June 11th, 2013

ਵੈਨਕੂਵਰ/ਟੋਰੰਟੋ (ਗੁਰਵਿੰਦਰ ਸਿੰਘ ਧਾਲੀਵਾਲ/ਸਤਪਾਲ ਸਿੰਘ ਜੌਹਲ)- ਕੈਨੇਡਾ ਦੇ ਪ੍ਰਾਂਤ ਕਿਊਬੈੱਕ ਦੀ ਸੌਕਰ ਐਸੋਸੀਏਸ਼ਨ ਵੱਲੋਂ ਦਸਤਾਰਧਾਰੀ ਸਿੱਖ ਖਿਡਾਰੀਆਂ 'ਤੇ ਪਾਬੰਦੀ ਲਾਉਣ ਦੇ ਵਿਵਾਦਗ੍ਰਸਤ ਫ਼ੈਸਲੇ ਖਿਲਾਫ਼ ਕੈਨੇਡਾ ਦੀ ਕੌਮੀ ਫੁੱਟਬਾਲ ਸੰਸਥਾ ਨੇ ਸਖ਼ਤ ਕਾਰਵਾਈ ਕਰਦਿਆਂ ਉਸ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਕੈਨੇਡੀਅਨ ਸੌਕਰ ਐਸੋਸੀਏਸ਼ਨ ਦੇ ਮੁਖੀ ਵਿਕਟਰ ਮੋਂਟਾਗਲਿਆਨੀ ਨੇ ਜਾਰੀ ਬਿਆਨ 'ਚ ਕਿਹਾ ਹੈ ਕਿ ਕਿਊਬੈੱਕ ਦੀ ਸੰਸਥਾ ਉਦੋਂ ਤੱਕ ਮੁਅੱਤਲ ਰਹੇਗੀ, ਜਦੋਂ ਤੱਕ ਉਸ ਵੱਲੋਂ ਦਸਤਾਰ ਬੰਨ੍ਹ ਕੇ ਫੁੱਟਬਾਲ ਖੇਡਣ 'ਤੇ ਲਾਈ ਪਾਬੰਦੀ ਹਟਾਈ ਨਹੀਂ ਜਾਂਦੀ। 

ਕੈਨੇਡਾ ਦੀ ਕੌਮੀ ਫੁੱਟਬਾਲ ਸੰਸਥਾ ਵੱਲੋਂ ਦਸਤਾਰ ਦੇ ਹੱਕ 'ਚ ਲਏ ਫ਼ੈਸਲੇ ਦਾ ਦੇਸ਼ ਭਰ 'ਚ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ। 

ਕੈਨੇਡਾ ਦੇ ਸਿਟੀਜ਼ਨਸ਼ਿਪ ਅਤੇ ਇੰਮੀਗਰੇਸ਼ਨ ਮੰਤਰੀ ਜੇਸਨ ਕੈਨੀ ਨੇ ਟਵੀਟ ਰਾਹੀਂ ਕਿਹਾ ਹੈ ਕਿ ਕੈਨੇਡੀਅਨ ਸੌਕਰ ਐਸੋਸੀਏਸ਼ਨ ਵੱਲੋਂ ਕਿਊਬੈੱਕ ਸੰਸਥਾ ਖਿਲਾਫ਼ ਕੀਤੀ ਕਾਰਵਾਈ ਸ਼ਲਾਘਾਯੋਗ ਹੈ ਅਤੇ ਕੈਨੇਡਾ 'ਚ ਫੁੱਟਬਾਲ ਖਿਡਾਰੀਆਂ ਦੇ ਉੱਪਰ ਖੇਡਣ ਸਮੇਂ, ਦਸਤਾਰ ਬੰਨ੍ਹਣ 'ਤੇ ਰੋਕ ਲਾਏ ਜਾਣਾ ਸਵੀਕਾਰ ਨਹੀਂ ਕੀਤਾ ਜਾ ਸਕਦਾ। ਵਿਸ਼ਵ ਸਿੱਖ ਸੰਸਥਾ ਕੈਨੇਡਾ ਦੇ ਕਿਊਬੈੱਕ ਦੇ ਉੱਪ ਪ੍ਰਧਾਨ ਮੁਖਬੀਰ ਸਿੰਘ ਨੇ ਕਿਹਾ ਹੈ ਕਿ ਦਸਤਾਰ 'ਤੇ ਰੋਕ ਲਾਉਣ ਦੇ ਸੂਬੇ ਦੀ ਫੁੱਟਬਾਲ ਸੰਸਥਾ ਦੇ ਫ਼ੈਸਲੇ ਨੂੰ ਰਾਸ਼ਟਰੀ ਫੁੱਟਬਾਲ ਸੰਸਥਾ ਵੱਲੋਂ ਰੱਦ ਕਰਨਾ ਪ੍ਰਸੰਸਾਯੋਗ ਹੈ। 

ਉਧਰ ਕਿਊਬੈੱਕ ਸੌਕਰ ਐਸੋਸੀਏਸ਼ਨ ਦੀ ਡਾਇਰੈਕਟਰ ਜਨਰਲ ਬ੍ਰਿਜੀਟੇ ਫਰੋਟ ਨੇ ਇਹ ਬਿਆਨ ਦੇ ਕੇ ਕਿ ਸਿੱਖ ਬੱਚੇ ਆਪਣੇ ਘਰਾਂ ਦੇ ਪਿਛਲੇ ਵਿਹੜਿਆਂ 'ਚ ਹੀ ਪੱਗ ਬੰਨ੍ਹ ਕੇ ਸੌਕਰ ਖੇਡ ਸਕਦੇ ਹਨ, ਪਰ ਮਾਨਤਾ ਸਹਿਤ ਰੈਫਰੀਆਂ ਰਾਹੀਂ ਨਹੀਂ ਅਤੇ ਨਾ ਹੀ ਸੌਕਰ ਦੇ ਨਿਯਮਾਂ ਅਨੁਸਾਰ ਅਤੇ ਉਨ੍ਹਾਂ ਕੋਲ ਕੋਈ ਵੀ ਹੋਰ ਬਦਲ ਨਹੀਂ, ਰਾਹੀਂ ਨਵਾਂ ਵਿਵਾਦ ਛੇੜ ਦਿੱਤਾ ਹੈ। 17 ਸਾਲਾ ਦਿਲਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਬਚਪਨ ਤੋਂ ਉਹ ਫੁੱਟਬਾਲ ਖੇਡਦਾ ਹੈ, ਪਰ ਕਿਊਬੈੱਕ ਸੰਸਥਾ ਦੀ ਪਾਬੰਦੀ ਨੇ ਉਸ ਨੂੰ ਨਿਰਾਸ਼ ਕੀਤਾ ਹੈ। ਨੌਜਵਾਨ ਅਨਿਲ ਸਿੰਘ ਸਮਰਾ, ਜਿਸ ਦੇ ਪਟਕਾ ਬੰਨ੍ਹ ਕੇ ਖੇਡਣ ਮਗਰੋਂ ਉਕਤ ਪਾਬੰਦੀ ਲਾਈ ਗਈ ਸੀ, ਵੱਲੋਂ ਵੀ ਕੈਨੇਡੀਅਨ ਸੌਕਰ ਐਸੋਸੀਏਸ਼ਨ ਵੱਲੋਂ ਉਠਾਏ ਸਖਤ ਕਦਮਾਂ ਦਾ ਸਵਾਗਤ ਕੀਤਾ ਹੈ। ਕੈਨੇਡਾ ਦੇ ਪ੍ਰਾਂਤ ਕਿਊਬੈੱਕ ਸਥਿਤ ਗੁਰੂ ਨਾਨਕ ਦਰਬਾਰ ਲਾਸੈਲਾ ਦੇ ਜਨਰਲ ਸਕੱਤਰ ਭਾਈ ਚਤਰ ਸਿੰਘ ਨੇ ਕਿਹਾ ਹੈ ਕਿ 15 ਜੂਨ ਨੂੰ ਗੁਰਦੁਆਰਾ ਸਾਹਿਬ ਵੱਲੋਂ ਸੌਕਰ ਟੂਰਨਾਮੈਂਟ ਹੋਵੇਗਾ, ਜਿਸ ਵਿਚ ਦਸਤਾਰ ਸਜਾ ਕੇ ਫੁੱਟਬਾਲ ਖੇਡਣ ਵਾਲੇ ਬੱਚਿਆਂ ਸਮੇਤ ਕਿਸੇ ਵੀ ਵਿਸ਼ਵਾਸ ਵਾਲੇ ਖਿਡਾਰੀ 'ਤੇ ਕੋਈ ਰੋਕ ਨਹੀਂ ਹੋਵੇਗੀ।



Archive

RECENT STORIES