Posted on June 11th, 2013

ਚੰਡੀਗੜ੍ਹ- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਹਰਚਰਨ ਸਿੰਘ ਬੈਂਸ ਨੇ ਬਾਦਲ ਪਰਿਵਾਰ ਅਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਨਾਰਾਜ਼ਗੀ ਸਹੇੜ ਲਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਨਾਰਾਜ਼ਗੀ ਦਾ ਆਧਾਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਤ੍ਰੈ ਭਾਸ਼ੀ ਮੈਗਜ਼ੀਨ ‘ਐਡਵਾਂਸ’ ਤੇ ‘ਜਾਗ੍ਰਤੀ’ ਵਿੱਚ ਸ੍ਰੀਮਤੀ ਬਾਦਲ ਦੀਆਂ ਤਸਵੀਰਾਂ ਹਨ। ਵਿਭਾਗ ਵੱਲੋਂ ਅਪਰੈਲ ਮਹੀਨੇ ਦੇ ਅੰਕ ਦੇ ਟਾਈਟਲ ਪੰਨੇ ’ਤੇ ਹਰਸਿਮਰਤ ਕੌਰ ਬਾਦਲ ਦੀ ਤਸਵੀਰ ਛਾਪ ਕੇ ਨਾਲ ਹੀ ਭਾਈ ਵੀਰ ਸਿੰਘ ਦੀ ਕਵਿਤਾ ਦੀ ਤੁਕ ‘‘ਅਸਾਂ ਹੱਟ ਮਹਿਕ ਦੀ ਲਾਈ’’ ਵੀ ਲਿਖੀ ਹੋਈ ਸੀ। ਵਿਭਾਗ ਵੱਲੋਂ ਇਹ ਮੈਗਜ਼ੀਨ ਜਿਵੇਂ ਹੀ ਲੋਕਾਂ ਦੇ ਹੱਥਾਂ ਵਿੱਚ ਪਹੁੰਚਾਇਆ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਦੀਆਂ ਫੋਟੋਆਂ ਦੇਖ ਕੇ ਵਿਭਾਗ ਦੀਆਂ ਤਾਰੀਫਾਂ ਘੱਟ ਅਤੇ ਅਲੋਚਨਾ ਜ਼ਿਆਦਾ ਹੋਈ। ਬਾਦਲ ਪਰਿਵਾਰ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਖ਼ੁਦ ਵੀ ਮੈਗਜ਼ੀਨ ’ਤੇ ਕੀਤੀ ਪੇਸ਼ਕਾਰੀ ਦਾ ਬੁਰਾ ਮਨਾਇਆ। ਸੂਤਰਾਂ ਦਾ ਦੱਸਣਾ ਹੈ ਕਿ ਬਾਦਲ ਜੋੜੀ ਅਤੇ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਬੈਂਸ ਦੀ ਜਵਾਬਤਲਬੀ ਕੀਤੀ ਪਰ ਉਹ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ।
ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਮੈਗਜ਼ੀਨ ਦੇ ਇਸ ਵਿਸ਼ੇਸ਼ ਅੰਕ ਦੀਆਂ ਕਾਪੀਆਂ ਵਿਭਾਗ ਦੇ ਪ੍ਰਮੁੱਖ ਸਕੱਤਰ ਨਵਰੀਤ ਸਿੰਘ ਕੰਗ ਨੂੰ ਵੀ ਨਹੀਂ ਦਿਖਾਈਆਂ ਸਨ। ਵਿਭਾਗ ਦੇ ਮੰਤਰੀ ਵੱਲੋਂ ਨਾਰਾਜ਼ਗੀ ਪ੍ਰਗਟਾਉਣ ਤੋਂ ਬਾਅਦ ਸ੍ਰੀ ਕੰਗ ਨੂੰ ਅਪਰੈਲ ਦੇ ਇਸ ਵਿਸ਼ੇਸ਼ ਅੰਕ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਮੈਗਜ਼ੀਨ ਦੀਆਂ ਕਾਪੀਆਂ ਮੰਗਵਾ ਕੇ ਦੇਖੀਆਂ। ਬਿਕਰਮ ਮਜੀਠੀਆ, ਜੋ ਲੋਕ ਸੰਪਰਕ ਵਿਭਾਗ ਦੇ ਮੰਤਰੀ ਵੀ ਹਨ, ਨੇ ਆਪਣੇ ਵਿਭਾਗ ਦੇ ਅਧਿਕਾਰੀਆ ਦੀ ਜਵਾਬਤਲਬੀ ਕੀਤੀ ਤਾਂ ਇਹ ਮਾਮਲਾ ਸਾਹਮਣੇ ਆਇਆ ਕਿ ਸ੍ਰੀਮਤੀ ਬਾਦਲ ਦੀਆਂ ਫੋਟੋਆਂ ਹਰਚਰਨ ਬੈਂਸ ਦੀ ਮਨਜ਼ੂਰੀ ਨਾਲ ਛਾਪੀਆਂ ਗਈਆਂ ਹਨ। ਹੋਰ ਤਾਂ ਹੋਰ ਇਹ ਮੈਗਜ਼ੀਨ ਵਿਭਾਗ ਵੱਲੋਂ ਵਿਸ਼ੇਸ਼ ਤੌਰ ’ਤੇ ਸਮੂਹ ਅਧਿਕਾਰੀਆਂ, ਪੱਤਰਕਾਰਾਂ ਅਤੇ ਰਾਜਸੀ ਵਿਅਕਤੀਆਂ ਦੇ ਘਰਾਂ ਵਿੱਚ ਪਹੁੰਚਾਇਆ ਗਿਆ। ਸੂਤਰਾਂ ਮੁਤਾਬਕ ਮੈਗਜ਼ੀਨ ਜਦੋਂ ਬਾਦਲ ਪਰਿਵਾਰ ਅਤੇ ਬਿਕਰਮ ਮਜੀਠੀਆ ਤੱਕ ਪਹੁੰਚਿਆ ਤਾਂ ਉਨ੍ਹਾਂ ਨੂੰ ਵਿਭਾਗ ਦੀ ਇਹ ਹਰਕਤ ਪਸੰਦ ਨਾ ਆਈ। ਮੈਗਜ਼ੀਨ ਦੇਖਣ ਤੋਂ ਬਾਅਦ ਉਨ੍ਹਾਂ ਵਿਭਾਗ ਦੀ ਜਵਾਬਤਲਬੀ ਕੀਤੀ।
ਸ੍ਰੀ ਬੈਂਸ ਇਸ ਮੈਗਜ਼ੀਨ ਦੇ ਐਡੀਟਰ ਇਨ ਚੀਫ਼ ਵੀ ਹਨ, ਇਸ ਲਈ ਬਾਦਲ ਪਰਿਵਾਰ ਦਾ ਬੈਂਸ ਨਾਲ ਨਾਰਾਜ਼ ਹੋਣਾ ਸੁਭਾਵਿਕ ਹੈ। ਫੋਟੋਆਂ ਨਾਲ ਸ੍ਰੀਮਤੀ ਬਾਦਲ ਬਾਰੇ ਲੇਖ ਵੀ ਲਿਖਿਆ ਗਿਆ, ਇਹ ਵੀ ਬਾਦਲ ਪਰਿਵਾਰ ਨੂੰ ਜ਼ਿਆਦਾ ਪਸੰਦ ਨਹੀਂ ਆਇਆ। ਉਚ ਪੱਧਰੀ ਸੂਤਰਾਂ ਮੁਤਾਬਕ ਸ੍ਰੀ ਮਜੀਠੀਆ ਨੇ ਹੁਣ ਸ੍ਰੀ ਬੈਂਸ ਤੋਂ ਮੈਗਜ਼ੀਨ ਦਾ ਕੰਮ ਅਗਲੇ ਹੁਕਮਾਂ ਤੱਕ ਵਾਪਸ ਲੈ ਲਿਆ ਹੈ। ਮੈਗਜ਼ੀਨ ਦਾ ਕੰਮ ਹੁਣ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਅਸ਼ਵਨੀ ਸ਼ਰਮਾ ਅਤੇ ਪੰਜਾਬੀ ਤੇ ਹਿੰਦੀ ਐਡੀਸ਼ਨਾਂ ਦੇ ਡਿਪਟੀ ਐਡੀਟਰਾਂ ਵੱਲੋਂ ਦੇਖਿਆ ਜਾਵੇਗਾ।
ਸ੍ਰੀ ਮਜੀਠੀਆ ਨੇ ਉਕਤ ਤਿੰਨਾਂ ਵਿਅਕਤੀਆਂ ਨੂੰ ਮੈਗਜ਼ੀਨ ਦਾ ਕੰਮ ਦਿੱਤੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੈਗਜ਼ੀਨ ਲਈ ਮੁੱਖ ਸੰਪਾਦਕ ਦੀ ਭਰਤੀ ਜਲਦੀ ਹੀ ਕੀਤੀ ਜਾ ਰਹੀ ਹੈ। ਇਹ ਮੈਗਜ਼ੀਨ ਕਈ ਵਾਰੀ ਵਿਵਾਦਾਂ ਵਿੱਚ ਰਿਹਾ ਹੈ। ਅੰਗਰੇਜ਼ੀ ਅੰਕ ਦੇ ਹੁਣ ਤੱਕ ਦੋ ਡਿਪਟੀ ਐਡੀਟਰ ਨੌਕਰੀ ਛੱਡ ਚੁੱਕੇ ਹਨ। ਪਹਿਲਾਂ ਏ.ਐਸ. ਪਰਾਸ਼ਰ ਨੇ ਐਡੀਟਰ ਅਤੇ ਹੁਣ ਸ਼ਰੂਤੀ ਸੇਤੀਆ ਛਾਬੜਾ ਨੇ ਡਿਪਟੀ ਐਡੀਟਰ ਦੀ ਨੌਕਰੀ ਛੱਡੀ ਹੈ। ਇਹ ਵੀ ਦੇਖਿਆ ਗਿਆ ਹੈ ਕਿ ਮੈਗਜ਼ੀਨ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਘੱਟ ਅਤੇ ਬਾਦਲ ਪਰਿਵਾਰ ਦੀ ਖੁਸ਼ਾਮਦ ਕਰਨ ਵਾਲੇ ਲੇਖ ਜ਼ਿਆਦਾ ਪ੍ਰਕਾਸ਼ਤ ਹੁੰਦੇ ਹਨ। ਮੈਗਜ਼ੀਨ ਦੀ ਸਮੁੱਚੀ ਸਮੱਗਰੀ ਦੀ ਚੋਣ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਵੱਲੋਂ ਹੀ ਕੀਤੀ ਜਾਂਦੀ ਹੈ।

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026

Posted on September 3rd, 2026

Posted on September 2nd, 2026