Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦੇਵ ਹੇਅਰ ਵਲੋਂ ਕੈਨੇਡਾ ਦੀ ਕੇਂਦਰੀ ਸਿਆਸਤ 'ਚ ਕਿਸਮਤ ਅਜ਼ਮਾਉਣ ਦੀ ਤਿਆਰੀ - ਨਾਮਜ਼ਦਗੀ ਚੋਣ 'ਚ ਸਾਬਕਾ ਐਮ. ਪੀ. ਗੁਰਮੰਤ ਗਰੇਵਾਲ ਨਾਲ ਹੋ ਸਕਦੈ ਮੁਕਾਬਲਾ

Posted on June 11th, 2013

ਸਰੀ, 11 ਜੂਨ (ਗੁਰਪ੍ਰੀਤ ਸਿੰਘ ਸਹੋਤਾ)-ਬੀ. ਸੀ. ਲਿਬਰਲ ਪਾਰਟੀ ਵਲੋਂ 12 ਸਾਲ ਸੂਬਾਈ ਸਿਆਸਤ 'ਚ ਵਿਚਰਨ ਵਾਲੇ ਸਾਬਕਾ ਪੰਜਾਬੀ ਵਿਧਾਇਕ ਦੇਵ ਹੇਅਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਪਾਰਟੀ ਨੂੰ 'ਡੁੱਬਦੀ ਬੇੜੀ' ਸਮਝਦਿਆਂ ਬਾਹਰ ਛਾਲ ਮਾਰ ਦਿੱਤੀ ਸੀ ਪਰ ਕਿ੍ਸਟੀ ਕਲਾਰਕ ਦੀ ਕਮਾਨ ਹੇਠ ਲਿਬਰਲ ਪਾਰਟੀ ਅਣਕਿਆਸੀ ਜਿੱਤ ਹਾਸਿਲ ਕਰਨ 'ਚ ਕਾਮਯਾਬ ਰਹੀ | ਹੁਣ ਇਸ ਸਾਬਕਾ ਪੰਜਾਬੀ ਵਿਧਾਇਕ ਨੇ ਕੈਨੇਡਾ ਦੀ ਕੇਂਦਰੀ ਸਿਆਸਤ 'ਚ ਕਿਸਮਤ ਅਜ਼ਮਾਉਣ ਦਾ ਐਲਾਨ ਕੀਤਾ ਹੈ | 

ਸਥਾਨਕ ਕਲੋਵਰਡੇਲ ਰੈੱਕ ਸੈਂਟਰ ਵਿਖੇ ਸੋਮਵਾਰ ਸ਼ਾਮ ਮੀਡੀਏ ਸਾਹਮਣੇ ਇਹ ਐਲਾਨ ਕਰਦਿਆਂ ਦੇਵ ਹੇਅਰ ਨੇ ਦੱਸਿਆ ਕਿ ਹੁਣ ਉਹ ਨਵੇਂ ਬਣੇ ਹਲਕੇ 'ਕਲੋਵਰਡੇਲ-ਵੈਸਟ ਲੈਂਗਲੀ' ਤੋਂ ਕੈਨੇਡਾ ਦੀ ਸੱਤਾ 'ਤੇ ਕਾਬਜ਼ ਕੰਜ਼ਰਵੇਟਿਵ ਪਾਰਟੀ ਦੀ ਤਰਫੋਂ 2015 'ਚ ਹੋਣ ਵਾਲੀਆਂ ਸੰਸਦੀ ਚੋਣਾਂ ਦੌਰਾਨ ਐਮ. ਪੀ. ਦੀ ਸੀਟ ਲਈ ਨਾਮਜ਼ਦਗੀ ਚੋਣ ਲੜਨਗੇ | ਦੱਸਣਯੋਗ ਹੈ ਕਿ ਦੇਵ ਹੇਅਰ ਦਾ ਪੰਜਾਬੀਆਂ 'ਚ ਕੋਈ ਖਾਸ ਆਧਾਰ ਨਹੀਂ ਰਿਹਾ | ਉਹ ਗੋਰਿਆਂ ਦੀ ਬਹੁਗਿਣਤੀ ਵਾਲੇ ਇਲਾਕੇ 'ਚੋਂ ਹੀ ਵਿਧਾਇਕੀ ਜਿੱਤਦੇ ਰਹੇ ਹਨ ਤੇ ਉਨ੍ਹਾਂ ਵਲੋਂ ਹੁਣ ਸੰਸਦੀ ਚੋਣਾਂ ਲਈ ਚੁਣੇ ਹਲਕੇ 'ਚ ਵੀ ਪੰਜਾਬੀਆਂ ਦੀ ਵਸੋਂ ਬਹੁਤ ਘੱਟ ਹੈ | ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਤੱਕ ਕੇਂਦਰੀ ਸਿਆਸਤ 'ਚ ਆਉਣ ਲਈ ਪਹੁੰਚ ਕੀਤੀ ਸੀ ਪਰ ਹੁਣ ਉਨ੍ਹਾਂ ਪਰਿਵਾਰ, ਦੋਸਤਾਂ ਤੇ ਸਮਰਥਕਾਂ ਨਾਲ ਵਿਚਾਰ ਕਰਨ ਤੋਂ ਬਾਅਦ ਇਸ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦਾ ਉਮੀਦਵਾਰ ਬਣਨ ਲਈ ਨਾਮਜ਼ਦਗੀ ਚੋਣ ਲੜਨ ਦੀ ਠਾਣ ਲਈ ਹੈ | 

ਦੂਜੇ ਪਾਸੇ ਸਾਬਕਾ ਕੈਨੇਡੀਅਨ ਸੰਸਦ ਮੈਂਬਰ ਗੁਰਮੰਤ ਗਰੇਵਾਲ ਵੀ ਸਿਆਸਤ 'ਚ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕਰਨ ਲਈ ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਜ਼ਿਆਦਾ ਸਰਗਰਮ ਹੋਏ ਦਿਖਾਈ ਦੇ ਰਹੇ ਹਨ | ਉਹ ਵੀ ਇਸ ਨਵੇਂ ਹਲਕੇ ਤੋਂ ਨਾਮਜ਼ਦਗੀ ਚੋਣ ਲੜਨ ਦੀ ਇੱਛਾ ਰੱਖਦੇ ਹਨ | ਉਨ੍ਹਾਂ ਦੀ ਸੁਪਤਨੀ ਨੀਨਾ ਗਰੇਵਾਲ ਪਹਿਲਾਂ ਹੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੀ ਤਰਫੋਂ ਸਰੀ ਤੋਂ ਸੰਸਦ ਮੈਂਬਰ ਹਨ | ਅਜਿਹੇ ਹਾਲਾਤਾਂ 'ਚ ਹੇਅਰ ਤੇ ਗਰੇਵਾਲ ਵਿਚਕਾਰ ਹੋਣ ਵਾਲੀ ਨਾਮਜ਼ਦਗੀ ਚੋਣ ਬਹੁਤ ਰੌਚਕ ਹੋਣ ਦੀ ਆਸ ਹੈ |



Archive

RECENT STORIES