Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦਿੱਲੀ 'ਚ 1984 ਦੇ ਸਿੱਖ ਸ਼ਹੀਦਾਂ ਨਾਲ ਸਬੰਧਤ ਯਾਦਗਾਰ ਦਾ ਨੀਂਹ-ਪੱਥਰ ਰੱਖਿਆ

Posted on June 12th, 2013

ਨਵੀਂ ਦਿੱਲੀ : ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਵੰਬਰ 1984 ਦੇ ਸਿੱਖ ਸ਼ਹੀਦਾਂ ਨਾਲ ਸਬੰਧਤ ਯਾਦਗਾਰ ਦਾ ਨੀਂਹ-ਪੱਥਰ ਸੀ੍ਰ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਪੰਜ ਸਿੰਘ ਸਾਹਿਬਾਨ ਨੇ ਗੁਰਦੁਆਰਾ ਰਾਕਬਗੰਜ ਵਿਖੇ ਰੱਖਿਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਭਾਜਪਾ ਦੀ ਸੀਨੀਅਰ ਆਗੂ ਸੁਸ਼ਮਾ ਸਵਰਾਜ, ਭਾਜਪਾ ਪ੍ਰਧਾਨ ਰਾਜਨਾਥ ਸਿੰਘ, ਦਿੱਲੀ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਵਿਜੈ ਗੋਇਲ, ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਨਰੇਸ਼ ਗੁਜਰਾਲ, ਦਿੱਲੀ ਅਕਾਲੀ ਦਲ ਦੇ ਇੰਚਾਰਜ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਵੀ ਇਸ ਨੀਂਹ-ਪੱਥਰ ਰੱਖਣ ਦੀ ਰਸਮ ਮੌਕੇ ਹਾਜ਼ਰ ਸਨ। ਲੱਖੀਸ਼ਾਹ ਵਣਜਾਰਾ ਹਾਲ ਦੇ ਬਾਹਰ ਸੱਜੇ ਪਾਸੇ ਇਸ ਨੀਂਹ-ਪੱਥਰ ਨੂੰ ਰੱਖਣ ਤੋਂ ਪਹਿਲਾਂ ਅਰਦਾਸ ਕੀਤੀ ਗਈ। 

ਸੁਖਬੀਰ ਸਿੰਘ ਬਾਦਲ ਨੇ ਬਾਅਦ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਦਿਨ ਸਿੱਖਾਂ ਲਈ ਅਹਿਮ ਹੈ ਕਿਉਂਕਿ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਨਵੰਬਰ 84 ਬਾਰੇ ਜਦੋਂ ਵੀ ਕੋਈ ਬਜ਼ੁਰਗ ਜਾਂ ਬੱਚਾ ਗੱਲ ਕਰਦਾ ਹੈ ਤਾਂ ਉਹ ਜਾਣਦਾ ਹੈ ਕਿ ਕਿਸ ਨੇ ਸਿੱਖਾਂ ਨੂੰ ਮਾਰਿਆ ਸੀ ਤੇ ਕੌਣ ਮਾਰਨ ਵਾਲੇ ਸਨ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਜੋ ਇਤਿਹਾਸਕ ਫ਼ੈਸਲਾ ਕੀਤਾ ਹੈ ਜੋ ਸੰਗਤ ਦੀ ਸਹਿਮਤੀ ਨਾਲ ਕੀਤਾ ਗਿਆ ਹੈ। ਇਸ ਯਾਦਗਾਰ ਨੂੰ ਵੇਖਣ ਲਈ ਹੁਣ ਦੀਆਂ ਤੇ ਭਵਿੱਖ ਦੀਆਂ ਪੀੜ੍ਹੀਆਂ ਜਦੋਂ ਇੱਥੇ ਆਉਣਗੀਆਂ ਤਾਂ ਉਹ ਵੇਖਣਗੀਆਂ, ਸਮਝਣਗੀਆਂ ਕਿ ਕਿਵੇਂ ਸਿੱਖ ਕੌਮ ਨਾਲ ਧੱਕਾ ਹੋਇਆ। ਉਨ੍ਹਾਂ ਇਸ ਯਾਦਗਾਰ ਨੂੰ ਦਿੱਲੀ ਵਿਖੇ ਬਣਾਉਣ ਬਾਰੇ ਕਿਹਾ ਕਿ ਇਸ ਸ਼ਹਿਰ 'ਚ ਸਭ ਤੋਂ ਵਧ ਅਸਰ ਪਿਆ ਹੈ। ਦੂਜੇ ਪਾਸੇ ਇਸ ਯਾਦਗਾਰ ਦੇ ਵਿਰੋਧ 'ਚ ਦਿੱਲੀ ਹਾਈ ਕੋਰਟ 'ਚ ਜਾਣ ਵਾਲਿਆਂ ਦਾ ਬਿਨਾਂ ਨਾਂ ਲਏ ਸ. ਬਾਦਲ ਨੇ ਕਿਹਾ ਕਿ ਉਹ ਕੌਮ ਦੇ ਗਦਾਰ ਹਨ। ਇਸ ਯਾਦਗਾਰ ਬਾਰੇ ਸ. ਬਾਦਲ ਨੇ ਕਿਹਾ ਕਿ ਇਸ ਮੁੱਦੇ 'ਤੇ ਸਿਆਸਤ ਨਹੀਂ ਕੀਤੀ ਜਾ ਰਹੀ।¢ਸੰਗਤ ਦੇ ਘੱਟ ਆਉਣ 'ਤੇ ਉਨ੍ਹਾਂ ਕਿਹਾ ਕਿ ਇਥੇ ਕੋਈ ਸਿਆਸੀ ਰੈਲੀ ਨਹੀਂ ਕੀਤੀ ਗਈ ਸੀ ਸਗੋਂ ਕੌਮ ਆਪਣੇ ਗੁਰੂੁ ਦਾ ਸ਼ਹੀਦੀ ਪੁਰਬ ਮਨਾ ਰਹੀ ਹੈ।

ਲੱਖੀ ਸ਼ਾਹ ਵਣਜਾਰਾ ਹਾਲ 'ਚ ਆਪਣੇ ਸੰਬੋਧਨ 'ਚ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸਰਕਾਰ ਨੇ ਸਿੱਖਾਂ ਨਾਲ 28 ਸਾਲ ਇਨਸਾਫ਼ ਨਹੀਂ ਕੀਤਾ¢ 80 ਫ਼ੀਸਦੀ ਤੋਂ ਵਧ ਕੁਰਬਾਨੀਆਂ ਕਰਨ ਵਾਲੀ ਕੌਮ ਲਈ ਵੱਖਰਾ ਕਾਨੂੰਨ ਜਾਪਦਾ ਹੈ। ਇਸ ਯਾਦਗਾਰ ਨੂੰ ਬਣਾਉਣ 'ਚ ਅੜਿੱਕੇ ਪਾਏ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਨੇ ਆਪਣੇ ਸੰਬੋਧਨ 'ਚ ਦਿੱਲੀ ਕਮੇਟੀ ਨੂੰ ਵਿਸ਼ਵਾਸ ਦੁਆਇਆ ਕਿ ਜੋ ਇਸ ਯਾਦਗਾਰ ਨੂੰ ਬਣਾਉਣ ਲਈ ਸਾਡੇ ਜ਼ਿੰਮੇ ਜੋ ਵੀ ਸੇਵਾ ਲਾਉਣਗੇ ਉਸ ਨੂੰ ਪੂਰਾ ਕੀਤਾ ਜਾਵੇਗਾ।

ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ 28 ਸਾਲ ਤਕ ਸਿੱਖਾਂ ਨਾਲ ਨਾਇਨਸਾਫ਼ੀ ਹੋਈ ਹੈ।¢ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਨਵੰਬਰ 1984 ਦੀ ਯਾਦਗਾਰ 'ਚ ਰੁਕਾਵਟਾਂ ਪਾਉਣ ਵਾਲਿਆਂ ਨੂੰ ਸੰਗਤ ਸਮੇਂ-ਸਮੇਂ 'ਤੇ ਸਬਕ ਸਿਖਾਏਗੀ।¢ਇਸ ਮੌਕੇ ਅਵਤਾਰ ਸਿੰਘ ਹਿਤ, ਮਨਜਿੰਦਰ ਸਿੰਘ ਸਿਰਸਾ, ਤਨਵੰਤ ਸਿੰਘ, ਉਂਕਾਰ ਸਿੰਘ ਥਾਪਰ ਨੇ ਵੀ ਸੰਬੋਧਨ ਕੀਤਾ। ਮੰਚ ਸੰਚਾਲਨ ਕੁਲਮੋਹਨ ਸਿੰਘ ਨੇ ਕੀਤਾ।

ਸ਼ਹੀਦੀ ਗੁਰਪੁਰਬ ਹੋਣ ਕਾਰਨ ਗੁਰਦੁਆਰਾ ਰਕਾਬ ਗੰਜ ਸਾਹਿਬ ਕੰਪਲੈਕਸ 'ਚ ਤੇ ਬਾਹਰ ਵੱਖ-ਵੱਖ ਸਟਾਲ ਲਾ ਕੇ ਛਬੀਲਾਂ ਲਾਈਆਂ ਗਈਆਂ। ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ। ਗਰਮੀ ਦੇ ਬਾਵਜੂਦ ਸੰਗਤ ਉਤਸ਼ਾਹ ਨਾਲ ਪੁੱਜੀ।¢ਦਿੱਲੀ ਪੁਲਸ ਵਲੋਂ ਗੁਰਦੁਆਰਾ ਕੰਪਲੈਕਸ ਅੰਦਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ।

ਪੱਤਰਕਾਰ ਸੰਮੇਲਨ ਦੌਰਾਨ ਸੁਖਬੀਰ ਸਿੰਘ ਬਾਦਲ ਵਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਦੌਰਾਨ ਵਿਚ-ਵਿਚ ਜੱਦੋਂ ਹਰਸਿਮਰਤ ਕੌਰ ਬਾਦਲ ਟੋਕ ਰਹੇ ਸਨ ਤਾਂ ਸੁਖਬੀਰ ਸਿੰਘ ਬਾਦਲ ਨੇ ਬੀਬੀ ਬਾਦਲ ਨੂੰ ਚੁੱਪ ਕਰਵਾਉਂਦੇ ਹੋਏ ਕਿਹਾ, 'ਮੈਨੂੰ ਗੱਲ ਕਰਨ ਦਿਓ!'

ਯਾਦਗਾਰ ਦਾ ਨੀਹ-ਪੱਥਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਤਿ੍ਰਲੋਚਨ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਰੱਖਿਆ ਗਿਆ। ਨੀਹ-ਪੱਥਰ ਤੋਂ ਪਰਦਾ ਹਟਾਉਣ ਦੀ ਰਸਮ ਨੂੰ ਗਿਆਨੀ ਗੁਰਬਚਨ ਸਿੰਘ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਨਿਭਾਈ। ਇਸ ਮੌਕੇ ਪੰਥ ਦੀਆਂ ਸਿਰਮੌਰ ਧਾਰਮਕ ਹਸਤਿਆਂ ਹਾਜ਼ਰ ਸਨ ਜਿਨ੍ਹੰ ਵਿਚ ਪ੍ਰਮੁੱਖ ਤੌਰ 'ਤੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਗਿਆਨੀ ਮਲ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਗਿਆਨੀ ਗੁਰਮੱੁਖ ਸਿੰਘ ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ, ਬਾਬਾ ਬਚਨ ਸਿੰਘ ਕਾਰ ਸੇਵਾ ਵਾਲੇ, ਬਾਬਾ ਲਖਾ ਸਿੰਘ ਨਾਨਕਸਰ ਵਾਲੇ, ਮਹੰਤ ਅਮਿ੍ਰਤਪਾਲ ਸਿੰਘ ਗੁਰਦੁਆਰਾ ਟਿਕਾਣਾ ਸਾਹਿਬ ਸ਼ਾਮਲ ਸਨ।

ਸਮਾਗਮ 'ਚ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ ਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਣਾ, ਮੀਤ ਪ੍ਰਧਾਨ ਤਨਵੰਤ ਸਿੰਘ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ, ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਅਨੰਦ, ਗੁਰਮਿੰਦਰ ਸਿੰਘ ਮਠਾਰੂ, ਨਿਗਮ ਕੌਂਸਲਰ ਜਤਿੰਦਰ ਸਿੰਘ ਸ਼ੰਟੀ, ਦਿੱਲੀ ਕਮੇਟੀ ਮੈਂਬਰ ਜਸਬੀਰ ਜੱਸੀ, ਕੈਪਟਨ ਇੰਦਰਪ੍ਰੀਤ ਸਿੰਘ, ਸਮਰਦੀਪ ਸਿੰਘ ਸੰਨੀ, ਚਮਨ ਸਿੰਘ, ਗੁਰਲਾਡ ਸਿੰਘ, ਐਮ. ਪੀ. ਐਸ. ਚੱਡਾ, ਪਰਮਜੀਤ ਸਿੰਘ ਚੰਡੋਕ, ਅਮਰਜੀਤ ਸਿੰਘ ਪੱਪੂ, ਇੰਦਰਜੀਤ ਸਿੰਘ ਮੌਂਟੀ ਮੌਜੂਦ ਸਨ।




Archive

RECENT STORIES