Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜੰਗ, ਅਸਥਿਰਤਾ ਤੇ ਧਾਰਮਕ ਅਸਹਿਣਸ਼ੀਲਤਾ ਕਾਰਨ ਸਿੱਖਾਂ ਦੀਆਂ ਨਵੀਆਂ ਪੀੜ੍ਹੀਆਂ ਅਫਗਾਨਿਸਤਾਨ ਵਿੱਚ ਘਰ ਵਸਾਉਣ ਨੂੰ ਤਿਆਰ ਨਹੀਂ

Posted on June 13th, 2013

ਕਾਬੁਲ- ਅਫਗਾਨਿਸਤਾਨ ਵਿੱਚ ਪਹਿਲਾਂ ਤੋਂ ਹਾਸ਼ੀਏ ‘ਤੇ ਪੁੱਜ ਚੁੱਕੇ ਸਿੱਖ ਹੁਣ ਅਲੋਪ ਹੋਣ ਦੇ ਕੰਢੇ ਹਨ। ਅਫਗਾਨਿਸਤਾਨ ਵਿੱਚ ਦਹਾਕਿਆਂ ਤੋਂ ਚੱਲ ਰਹੀ ਜੰਗ, ਅਸਥਿਰਤਾ ਤੇ ਧਾਰਮਕ ਅਸਹਿਣਸ਼ੀਲਤਾ ਕਾਰਨ ਸਿੱਖਾਂ ਦੀਆਂ ਨਵੀਆਂ ਪੀੜ੍ਹੀਆਂ ਇਥੇ ਅਪਣਾ ਘਰ ਵਸਾਉਣ ਨੂੰ ਤਿਆਰ ਨਹੀਂ। ਕਿਸੇ ਧਾਰਮਕ ਵਿਤਕਰੇ ਕਾਰਨ ਵੱਡੀ ਗਿਣਤੀ ਵਿੱਚ ਸਿੱਖ ਭਾਰਤ ਸਣੇ ਹੋਰਨਾਂ ਦੇਸ਼ਾਂ ਵਿੱਚ ਜਾ ਕੇ ਵਸਣ ਨੂੰ ਤਰਜੀਹ ਦੇ ਰਹੇ ਹਨ।

ਕਾਬੁਲ ਦਾ ਰਹਿਣ ਵਾਲਾ ਦਯਾ ਸਿੰਘ ਅਨਜਾਣ ਉਸ ਸਮੇਂ ਭਾਰਤ ਆਉਣ ਨੂੰ ਮਜਬੂਰ ਹੋ ਗਿਆ, ਜਦੋਂ ਉਸ ਦੇ ਗੁਆਂਢ ਵਿੱਚ ਰਹਿੰਦੇ ਸਿੱਖਾਂ ਨੂੰ ਸ਼ਰੇ੍ਹਆਮ ਕਤਲ ਕਰ ਦਿੱਤਾ ਗਿਆ। ਉਸ ਭਿਆਨਕ ਦ੍ਰਿਸ਼ ਨੂੰ ਯਾਦ ਕਰਦਿਆਂ ਦਯਾ ਸਿੰਘ ਅੱਜ ਵੀ ਕੰਬ ਉਠਦਾ ਹੈ। ਉਸ ਦਾ ਦਾਅਵਾ ਹੈ ਕਿ ਅਫਗਾਨਿਸਤਾਨ ਵਿੱਚ ਰਹਿ ਰਹੇ ਥੋੜ੍ਹੇ-ਬਹੁਤੇ ਸਿੱਖ ਛੇਤੀ ਹੀ ਜਾਂ ਉਥੋਂ ਚਲੇ ਜਾਣਗੇ ਜਾਂ ਉਨ੍ਹਾਂ ਨੂੰ ਖਤਮ ਕਰ ਦਿੱਤਾ ਜਾਵੇਗਾ।

ਸੈਂਕੜੇ ਸਾਲਾਂ ਤੋਂ ਸਿੱਖ ਅਫਗਾਨਿਸਤਾਨ ਦੇ ਕਾਬੁਲ ਸ਼ਹਿਰ ਸਣੇ ਹੋਰਨਾਂ ਹਿੱਸਿਆਂ ਵਿੱਚ ਵਸਦੇ ਆਏ ਹਨ ਅਤੇ ਇਨ੍ਹਾਂ ਦਾ ਕਾਰੋਬਾਰ ਮੁੱਖ ਪੇਸ਼ਾ ਰਿਹਾ ਹੈ। 1990 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਜਲਾਲਾਬਾਦ, ਕਾਬੁਲ, ਕੰਧਾਰ ਅਤੇ ਗਜ਼ਨੀ ਸ਼ਹਿਰਾਂ ਵਿੱਚ 50 ਹਜ਼ਾਰ ਤੋਂ ਵੱਧ ਸਿੱਖ ਵਸਦੇ ਸਨ, ਪਰ ਇਸ ਪਿੱਛੋਂ ਦੇਸ਼ ਵਿੱਚ ਖਾਨਾਜੰਗੀ ਛਿੜ ਜਾਣ ਕਾਰਨ ਹਾਲਾਤ ਬਦਤਰ ਹੁੰਦੇ ਚਲੇ ਗਏ। ਤਾਲਿਬਾਨੀ ਸਰਕਾਰ ਦੇ ਸੱਤਾ ਵਿੱਚ ਆ ਜਾਣ ‘ਤੇ ਸਿੱਖਾਂ ਦਾ ਦੇਸ਼ ਵਿੱਚ ਜਿਊਣਾ ਹੋਰ ਮੁਸ਼ਕਲ ਹੋ ਗਿਆ। ਮੌਜੂਦਾ ਸਮੇਂ ਵਿੱਚ ਸਿਰਫ 372 ਪਰਵਾਰ ਅਫਗਾਨਿਸਤਾਨ ਵਿੱਚ ਰਹਿ ਗਏ ਹਨ। ਕਰਤੇ ਪ੍ਰਵਾਨ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਖਾਲਸਾ ਨੇ ਦੱਸਿਆ ਕਿ ਸਿੱਖਾਂ ਵਲੋਂ ਦੇਸ਼ ਵਿੱਚ ਕਈ ਗੁਰਦੁਆਰਿਆਂ ਦੀ ਉਸਾਰੀ ਕੀਤੀ ਗਈ ਸੀ ਤੇ ਇਕ ਵਿਸ਼ੇਸ਼ ਸਕੂਲ ਵੀ ਸਥਾਪਤ ਕੀਤਾ ਗਿਆ ਸੀ, ਜਿਸ ਵਿੱਚ ਇਕ ਸਮੇਂ 1000 ਵਿਦਿਆਰਥੀ ਪੜ੍ਹਦੇ ਸਨ, ਪਰ ਇਹ ਸਭ ਇਤਿਹਾਸ ਬਣ ਚੁੱਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਵਲੋਂ ਤਾਲਿਬਾਨ ਸਰਕਾਰ ਦਾ ਤਖਤਾ ਪਲਟ ਕੇ ਜਮਹੂਰੀ ਸਰਕਾਰ ਕਾਇਮ ਕੀਤੇ ਜਾਣ ਪਿੱਛੋਂ ਦੇਸ਼ ਘੱਟ ਗਿਣਤੀਆਂ ਨੂੰ ਸੁੱਖ ਦਾ ਸਾਹ ਆਇਆ, ਪਰ ਫਿਰ ਵੀ ਹਾਲਾਤ ਚੰਗੇ ਨਹੀਂ। ਕੱਟੜ ਮੁਸਲਮਾਨ ਸਿੱਖਾਂ ਨੂੰ ‘ਅਪਣੇ ਘਰ’ ਚਲੇ ਜਾਣ ਦੀ ਨਸੀਹਤ ਦਿੰਦੇ ਹਨ, ਜਦ ਕਿ ਇਹ ਸਿੱਖ ਸੈਂਕੜੇ ਸਾਲਾਂ ਤੋਂ ਇਥੇ ਵਸਦੇ ਆ ਰਹੇ ਹਨ।

ਸਿੱਖਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਵਿੱਚ ਮ੍ਰਿਤਕਾਂ ਦਾ ਸਸਕਾਰ ਕਰਨ ਦੀ ਖੁੱਲ੍ਹ ਨਾ ਹੋਣਾ ਸ਼ਾਮਲ ਹੈ। ਕਾਬੁਲ ਵਰਗੇ ਵੱਡੇ ਸ਼ਹਿਰਾਂ ਨੂੰ ਛੱਡ ਕੇ ਕਸਬਿਆਂ ਵਿੱਚ ਵਸਦੇ ਸਿੱਖਾਂ ਵਲੋਂ ਜਦੋਂ ਆਪਣੇ ਫਿਰਕੇ ਨਾਲ ਸਬੰਧਤ ਮ੍ਰਿਤਕ ਵਿਅਕਤੀ ਦਾ ਸਸਕਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਇੱਟਾਂ-ਰੋੜੇ ਮਾਰੇ ਜਾਂਦੇ ਹਨ। ਪਿਛਲੇ ਮਹੀਨੇ ਭਾਰਤ ਦੌਰੇ ‘ਤੇ ਆਏ ਅਫਗਾਨ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਸਿੱਖਾਂ ਨੂੰ ਦੇਸ਼ ਦਾ ਅਟੁੱਟ ਹਿੱਸਾ ਦੱਸਿਆ ਤੇ ਅਫਸੋਸ ਪ੍ਰਗਟਾਇਆ ਸੀ ਕਿ ਵੱਡੀ ਗਿਣਤੀ ਵਿੱਚ ਸਿੱਖ ਦੇਸ਼ ਛੱਡ ਕੇ ਜਾ ਰਹੇ ਹਨ। ਅਫਗਾਨਿਸਤਾਨ ਵਿੱਚ ਪੈਦਾ ਹੋਏ ਪ੍ਰਿਤਪਾਲ ਸਿੰਘ ਜੋ ਹੁਣ ਇੰਗਲੈਂਡ ਦੇ ਵਸਨੀਕ ਬਣ ਚੁੱਕੇ ਹਨ, ਨੇ ਅਫਗਾਨੀ ਸਿੱਖਾਂ ਦੀ ਮਾੜੀ ਹਾਲਤ ਬਾਰੇ ਦਸਤਾਵੇਜ਼ੀ ਫਿਲਮ ਬਣਾਈ ਹੈ। ਪ੍ਰਿਤਪਾਲ ਸਿੰਘ ਦਾ ਪਰਵਾਰ 1992 ਵਿੱਚ ਉਸ ਸਮੇਂ ਅਫਗਾਨਿਸਤਾਨ ਛੱਡ ਗਿਆ ਸੀ, ਜਦੋਂ ਉਸ ਦੇ ਭਰਾ ਨੂੰ ਅਗਵਾ ਕਰ ਲਿਆ ਗਿਆ।



Archive

RECENT STORIES