Posted on March 15th, 2019

<p>ਸਰੀ ਪੁੱਜਿਆ ਇੱਕ ਅਫਗਾਨ ਸਿੱਖ ਪਰਿਵਾਰ</p>
ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਵੀਰਵਾਰ ਦੁਪਹਿਰ ਜਦ ਅਫਗਾਨੀ ਸਿੱਖ ਪਰਿਵਾਰ ਸਰੀ ਦੇ ਗੁਰਦੁਆਰਾ ਸਿੰਘ ਸਭਾ ਪੁੱਜੇ ਤਾਂ ਸਵਾਗਤ ਕਰਨ ਵਾਲਿਆਂ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਸਨ ਅਤੇ ਅਫਗਾਨੀ ਸਿੱਖਾਂ ਦੇ ਵੀ।
ਅਫਗਾਨਿਸਤਾਨ ਵਿੱਚ ਚਿਰਾਂ ਤੋਂ ਕੱਟੜ ਜਨੂੰਨੀਆਂ ਦੀ ਮਾਰ ਝੱਲਦੇ ਆ ਰਹੇ ਅਫਗਾਨਿਸਤਾਨੀ ਸਿੱਖਾਂ ਦਾ ਪਹਿਲਾ ਜਥਾ ਸ਼ਰਨਾਰਥੀਆਂ ਵਜੋਂ ਕੈਨੇਡਾ ਪੁੱਜ ਗਿਆ ਹੈ। ਅਲਬਰਟਾ ਤੋਂ ਸਵਰਗਵਾਸੀ ਵਿਧਾਇਕ ਮਨਮੀਤ ਸਿੰਘ ਭੁੱਲਰ ਦਾ ਇਹ ਸੁਪਨਾ ਉਨ੍ਹਾਂ ਦੇ ਪਰਿਵਾਰ, ਵਰਲਡ ਸਿੱਖ ਆਰਗੇਨਾਈਜ਼ੇਸ਼ਨ ਅਤੇ ਕੈਨੇਡਾ ਸਰਕਾਰ ਦੇ ਸਹਿਯੋਗ ਨਾਲ ਪੂਰਾ ਹੋਣ ਜਾ ਰਿਹਾ ਹੈ, ਜਿਸ ਵਿੱਚ ਕੁਝ ਗੁਰਦੁਆਰਾ ਸਾਹਿਬਾਨ ਅਤੇ ਨਿੱਜੀ ਸਪੌਂਸਰਾਂ ਨੇ ਵੀ ਵੱਡੀ ਭੂਮਿਕਾ ਨਿਭਾਈ ਹੈ।
ਜ਼ਿਕਰਯੋਗ ਹੈ ਕਿ 1980 ਵਿੱਚ ਅਫਗਾਨਿਸਤਾਨ ਵਸਦੇ ਸਿੱਖਾਂ ਦੀ ਗਿਣਤੀ 20 ਹਜ਼ਾਰ ਦੇ ਕਰੀਬ ਸੀ, ਜੋ ਅੱਜ 1500 ਤੋਂ 2000 ਦੇ ਕਰੀਬ ਰਹਿ ਗਈ ਹੈ। ਅਜਿਹਾ ਹੀ ਹਿੰਦੂ ਪਰਿਵਾਰਾਂ ਨਾਲ ਹੋਇਆ ਹੈ। ਕੱਟੜਵਾਦ ਦੇ ਸਤਾਏ ਹੋਏ ਬਾਕੀ ਸਿੱਖ/ਹਿੰਦੂ ਅਫਗਾਨਿਸਤਾਨ ਵਿੱਚੋਂ ਹਿਜ਼ਰਤ ਕਰ ਚੁੱਕੇ ਹਨ ਜਾਂ ਮਾਰੇ ਗਏ ਹਨ। ਇੱਕ ਅੰਦਾਜ਼ੇ ਮੁਤਾਬਿਕ 1979 ਤੋਂ 1989 ਦੇ ਦਸ ਸਾਲਾਂ ਦੇ ਅਰਸੇ ਵਿੱਚ 60,000 ਅਫਗਾਨੀ ਸਿੱਖ ਅਤੇ ਹਿੰਦੂ ਭਾਰਤ ਹਿਜ਼ਰਤ ਕਰ ਗਏ ਸਨ।
ਕੈਨੇਡਾ ਪੁੱਜੇ ਪਹਿਲੇ ਸਿੱਖ ਸ਼ਰਨਾਰਥੀ ਪਰਿਵਾਰਾਂ ਨੂੰ ਜੀ ਆਇਆਂ ਕਹਿੰਦਿਆਂ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਦੁਨੀਆਂ ਦੇ ਸਭ ਤੋਂ ਕਮਜ਼ੋਰ ਵਰਗਾਂ ਨੂੰ ਸਹਾਰਾ ਦੇਣ ਵਿੱਚ ਕੈਨੇਡਾ ਮੋਢੀ ਮੁਲਕਾਂ ਵਿੱਚੋਂ ਇੱਕ ਹੈ। ਜਦਕਿ ਪੂਰਨ ਸੱਚ ਇਹ ਹੈ ਕਿ ਇਹ ਸਾਰੇ ਦੇ ਸਾਰੇ ਅਫਗਾਨ ਸ਼ਰਨਾਰਥੀ ਨਿੱਜੀ ਤੌਰ 'ਤੇ ਸਪੌਂਸਰ ਕੀਤੇ ਗਏ ਹਨ, ਜਿਸਦਾ ਅਰਥ ਹੈ ਕਿ ਇਨ੍ਹਾਂ ਦਾ ਖਰਚਾ ਸਪੌਂਸਰ ਕਰਨ ਵਾਲੇ ਆਮ ਲੋਕਾਂ ਨੇ ਚੁੱਕਣਾ ਹੈ। ਸਰਕਾਰੀ ਪ੍ਰੋਗਰਾਮ ਅਧੀਨ ਕੋਈ ਸਿੱਖ ਜਾਂ ਹਿੰਦੂ ਅਫਗਾਨ ਸ਼ਰਨਾਰਥੀ ਹਾਲੇ ਨਹੀਂ ਆਇਆ, ਜਿਵੇਂ ਕਿ ਸਰਕਾਰ ਵਲੋਂ ਆਪਣੇ ਖਰਚੇ 'ਤੇ ਸੀਰੀਆ ਤੋਂ 25 ਹਜ਼ਾਰ ਸ਼ਰਨਾਰਥੀ ਇੱਕ ਸਾਲ ਵਿੱਚ ਹੀ ਮੰਗਵਾਏ ਗਏ ਸਨ।
ਇਸ ਮਹੀਨੇ ਜੋ ਸਿੱਖ ਸ਼ਰਨਾਰਥੀ ਪਰਿਵਾਰ ਕੈਨੇਡਾ ਆਉਣਗੇ, ਉਨ੍ਹਾਂ ਦੀ ਮੱਦਦ ਦਾ ਆਧਾਰ ਮਨਮੀਤ ਸਿੰਘ ਭੁੱਲਰ ਫਾਉਂਡੇਸ਼ਨ ਦੇ ਉੱਦਮਾਂ ਸਦਕਾ ਬਣਿਆ ਹੈ, ਜਿਸ ਨੂੰ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵਲੋਂ ਬਣਦੀ ਇਮਦਾਦ ਦਿੱਤੀ ਗਈ ਅਤੇ ਨਾਲ ਕੁਝ ਗੁਰਦੁਆਰੇ ਸਹਿਯੋਗ ਦੇ ਰਹੇ ਹਨ। ਵੱਡਾ ਖਰਚਾ ਨਿੱਜੀ ਸਪੌਂਸਰ ਤੇ ਗੁਰਦੁਆਰੇ ਚੁੱਕ ਰਹੇ ਹਨ।
ਚੰਗਾ ਇਹ ਹੋਵੇਗਾ ਕਿ ਕੈਨੇਡਾ ਸਰਕਾਰ ਅਫਗਾਨਿਸਤਾਨ ਤੋਂ ਬਾਹਰ ਨਿਕਲਣ ਲਈ ਬੇਨਤੀਆਂ ਕਰ ਰਹੇ ਸਿੱਖਾਂ ਅਤੇ ਹਿੰਦੂਆਂ ਨੂੰ ਆਪਣੇ ਤੌਰ 'ਤੇ ਮੱਦਦ ਦੇ ਕੇ ਕੈਨੇਡਾ ਲਿਆਵੇ, ਜਿਸ ਤਰਾਂ ਸੀਰੀਆ ਤੋਂ ਸ਼ਰਨਾਰਥੀ ਲਿਆਂਦੇ ਹਨ। ਜਿੰਨਾ ਚਿਰ ਸਰਕਾਰ ਇਹ ਨਹੀਂ ਕਰਦੀ, ਕੈਨੇਡਾ ਵਸਦੇ ਸਿੱਖ, ਹਿੰਦੂ ਅਤੇ ਹੋਰ ਭਾਈਚਾਰਿਆਂ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਮਨੁੱਖਤਾ ਵੱਸ ਇਨ੍ਹਾਂ ਲੋੜਵੰਦਾਂ ਨੂੰ ਸਪੌਂਸਰ ਕਰਨ ਲਈ ਅੱਗੇ ਆਉਣ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026