Posted on April 24th, 2019

<p>ਸਰੀ ਦੀ 'ਖ਼ਾਲਸਾ ਡੇਅ ਪਰੇਡ' 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਪਿੱਛੇ ਸੰਗਤ ਦਾ ਠਾਠਾਂ ਮਾਰਦਾ ਇਕੱਠ<br></p>
ਸ਼ਹੀਦ ਪਰਿਵਾਰਾਂ ਦਾ ਹੋਇਆ ਵਿਸ਼ੇਸ਼ ਸਨਮਾਨ
ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਖ਼ਾਲਸਾ ਸਾਜਨਾ ਦਿਵਸ ਮਨਾਉਂਦਿਆਂ ਪੰਜਾਬ ਤੋਂ ਬਾਹਰ ਸਿੱਖਾਂ ਦੇ ਸਭ ਤੋਂ ਵੱਡੇ ਇਕੱਠ ਵਜੋਂ ਸਜਾਈ ਜਾਂਦੀ ਸਰੀ ਦੀ 'ਖ਼ਾਲਸਾ ਡੇਅ ਪਰੇਡ' ਵਿੱਚ ਅੱਜ ਸੰਗਤਾਂ ਦਾ ਬੇਮਿਸਾਲ ਉਤਸ਼ਾਹ ਵੇਖਣ ਨੂੰ ਮਿਲਿਆ, ਜਿਸ ਵਿੱਚ 6 ਲੱਖ ਦੇ ਕਰੀਬ ਸੰਗਤ ਸ਼ਾਮਲ ਹੋਈ। ਇੱਥੋਂ ਦੇ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਾਹਿਬ ਤੋਂ ਸਿੱਖ ਅਰਦਾਸ ਅਤੇ ਕੈਨੇਡੀਅਨ ਮੂਲ ਨਿਵਾਸੀਆਂ ਦੇ ਕਵਾਂਟਲਨ ਕਬੀਲੇ ਦੇ ਮੁਖੀ ਦੀ ਅਰਦਾਸ ਨਾਲ ਆਰੰਭ ਹੋਏ ਇਸ ਨਗਰ ਕੀਰਤਨ 'ਚ ਸਿੱਖਾਂ ਤੋਂ ਇਲਾਵਾ ਕੈਨੇਡਾ ਦੇ ਹੋਰ ਭਾਈਚਾਰਿਆਂ ਨੇ ਵੀ ਭਰਵੀਂ ਹਾਜ਼ਰੀ ਲੁਆਈ। ਬ੍ਰਿਟਿਸ਼ ਕੋਲੰਬੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਅਲਬਰਟਾ, ਓਂਟਾਰੀਓ, ਕਿਊਬੈਕ ਸੂਬਿਆਂ ਅਤੇ ਅਮਰੀਕਨ ਸੂਬਿਆਂ ਕੈਲੇਫੋਰਨੀਆ ਅਤੇ ਵਾਸ਼ਿੰਗਟਨ ਤੋਂ ਵੱਡੀ ਗਿਣਤੀ 'ਚ ਸੰਗਤ ਨੇ ਸ਼ਰਧਾ ਅਤੇ ਉਤਸ਼ਾਹਪੂਰਵਕ ਹਾਜ਼ਰੀ ਭਰੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਅੱਗੇ ਪੰਜ ਪਿਆਰਿਆਂ, ਗਤਕੇ ਦੀਆਂ ਵੱਖ-ਵੱਖ ਟੀਮਾਂ ਅਤੇ ਮੋਟਰਸਾਈਕਲ ਸਵਾਰ ਸਿੱਖ ਨੌਜਵਾਨਾਂ ਅਤੇ ਮੁੱਖ ਫਲੋਟ ਪਿੱਛੇ ਕਈ ਸਿੱਖ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਨੇ ਪ੍ਰਭਾਵਸ਼ਾਲੀ ਝਾਕੀਆਂ ਪੇਸ਼ ਕੀਤੀਆਂ। ਮੁੱਖ ਸਟੇਜ ਤੋਂ ਕਵੀਸ਼ਰਾਂ, ਢਾਡੀਆਂ ਤੇ ਪੰਥਕ ਬੁਲਾਰਿਆਂ ਦੇ ਪ੍ਰਚਾਰ 'ਚ ਖ਼ਾਲਿਸਤਾਨ ਪੱਖੀ ਸੁਰ ਭਾਰੂ ਰਹੀ। ਪੰਜਾਬ ਤੋਂ ਪੁੱਜੀਆਂ ਭਾਈ ਜੋਗਾ ਸਿੰਘ ਖਾਲਿਸਤਾਨੀ ਦੀ ਮਾਤਾ ਜੀ ਅਤੇ ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰਾਣਾ ਦੀ ਸੁਪਤਨੀ ਨੂੰ ਮੁੱਖ ਸਟੇਜ ਤੋਂ ਸਨਮਾਨਿਤ ਕੀਤਾ ਗਿਆ। ਹੋਰਨਾਂ ਬੁਲਾਰਿਆਂ 'ਚ ਮਨੁੱਖੀ ਇਨਸਾਫ਼ ਜਥੇਬੰਦੀ 'ਇਨਸਾਫ਼' ਦੇ ਸ. ਸੁਖਮਨ ਸਿੰਘ ਧਾਮੀ, ਯੂਨਾਇਟਡ ਨੇਸ਼ਨਜ਼ ਤੋਂ ਡਾ. ਇਕਦਾਤਾਰ ਕਰਾਮਾਤ ਚੀਮਾ ਅਤੇ ਸਿੱਖ ਚਿੰਤਕ ਸ. ਸੁਖਦੀਪ ਸਿੰਘ ਬਰਨਾਲਾ ਪ੍ਰਮੁੱਖ ਸਨ। ਸਿੱਖ ਸੰਘਰਸ਼ ਦੇ ਸ਼ਹੀਦਾਂ ਨੂੰ ਸਮਰਪਿਤ ਫਲੋਟ ਅਤੇ ਰਸਤੇ 'ਚ ਲੱਗੀਆਂ ਸਟੇਜਾਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਪੰਜਾਬ ਰੈਫਰੈਂਡਮ 2020 ਦਾ ਪ੍ਰਚਾਰ ਬਹੁਤ ਜ਼ੋਰ-ਸ਼ੋਰ ਨਾਲ ਹੋਇਆ।
ਬ੍ਰਿਟਿਸ਼ ਕੋਲੰਬੀਆ ਅਤੇ ਕੈਨੇਡਾ ਦੀ ਸਿਆਸਤ ਨਾਲ ਸਬੰਧਿਤ ਅਨੇਕਾਂ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਸੰਗਤ ਨੂੰ ਮਿਲਦਿਆਂ ਵਧਾਈ ਪੇਸ਼ ਕੀਤੀ। ਸਰੀ ਦੇ ਮੇਅਰ ਡੱਗ ਮੈਕੱਲਮ ਨੇ ਨਗਰ ਕੀਰਤਨ ਲਈ ਸਿਟੀ ਆਫ਼ ਸਰੀ ਵਲੋਂ 55 ਹਜ਼ਾਰ ਦੀ ਮਾਇਕ ਇਮਦਾਦ ਭੇਟ ਕਰਦਿਆਂ ਕਿਹਾ ਕਿ ਜਦ 18 ਸਾਲ ਪਹਿਲਾਂ ਇਹ ਨਗਰ ਕੀਰਤਨ ਆਰੰਭ ਹੋਇਆ ਤਾਂ ਉਸ ਵੇਲੇ ਸਿਰਫ਼ 40 ਹਜ਼ਾਰ ਦਾ ਇਕੱਠ ਹੋਇਆ ਸੀ ਪਰ ਉਦੋਂ ਸ਼ਹਿਰ ਦਾ ਮੇਅਰ ਹੁੰਦਿਆਂ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਗਿਣਤੀ ਅੱਜ 6 ਲੱਖ ਦੇ ਕਰੀਬ ਹੋ ਜਾਵੇਗੀ। ਉਨ੍ਹਾਂ ਸਿੱਖਾਂ ਦੀਆਂ ਪ੍ਰਾਪਤੀਆਂ ਦਾ ਗੁਣਗਾਨ ਕੀਤਾ ਅਤੇ ਸਿੱਖੀ ਵਿਚਲੇ ਸੇਵਾ ਭਾਵ ਨੂੰ ਹੋਰ ਕੌਮਾਂ ਲਈ ਵੀ ਰਾਹ ਦਸੇਰਾ ਆਖਿਆ।
ਪ੍ਰਬੰਧਕਾਂ ਦੀ ਅਪੀਲ 'ਤੇ ਨਗਰ ਕੀਰਤਨ ਦੀ ਦਿੱਖ ਧਾਰਮਿਕ ਬਣਾਉਣ ਵਾਸਤੇ ਸੰਗਤ ਨੇ ਬਹੁਤ ਸਹਿਯੋਗ ਦਿੱਤਾ। ਵੱਖ-ਵੱਖ ਸੰਸਥਾਵਾਂ ਵੱਲੋਂ ਦਸਤਾਰਾਂ ਸਜਾਉਣ ਦੀ ਸੇਵਾ ਅਤੇ ਸਿੱਖ ਵਿੱਦਿਅਕ ਸੰਸਥਾਵਾਂ ਵੱਲੋਂ ਜਾਗਰੂਕਤਾ ਲਈ ਉਤਸ਼ਾਹ ਦਿਖਾਇਆ ਗਿਆ। ਰੌਇਲ ਕੈਨੇਡੀਅਨ ਮੌਂਟੇਡ ਪੁਲਿਸ ਤੇ ਕੈਨੇਡੀਅਨ ਫ਼ੌਜ ਦੇ ਜਵਾਨਾਂ ਨੇ ਵੀ ਨਗਰ ਕੀਰਤਨ ਦੀ ਰੌਣਕ 'ਚ ਵਾਧਾ ਕੀਤਾ। ਪ੍ਰਬੰਧਕਾਂ 'ਚੋਂ ਭਾਈ ਮੋਨਿੰਦਰ ਸਿੰਘ, ਜਥੇਦਾਰ ਸਤਿੰਦਰਪਾਲ ਸਿੰਘ, ਗਿਆਨ ਸਿੰਘ ਗਿੱਲ, ਮਨਜੀਤ ਸਿੰਘ ਧਾਮੀ, ਪਰਵਕਾਰ ਸਿੰਘ ਦੂਲੇ ਨੇ ਪੂਰਨ ਸਹਿਯੋਗ ਲਈ ਸਮੁੱਚੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੈਂਕੜੇ ਹੀ ਲੰਗਰਾਂ ਦੇ ਸਟਾਲ ਸੰਗਤਾਂ ਲਈ ਲਗਾਏ ਗਏ, ਜਿੱਥੋਂ ਸਿੱਖਾਂ ਤੋਂ ਇਲਾਵਾ ਹੋਰ ਭਾਈਚਾਰਿਆਂ ਦੇ ਲੋਕਾਂ ਨੇ ਵੀ ਲੰਗਰ ਛਕਿਆ।
ਨਗਰ ਕੀਰਤਨ ਤੋਂ ਦੂਜੇ ਦਿਨ 127 ਪ੍ਰਾਣੀਆਂ ਨੇ ਅਮ੍ਰਿਤਪਾਨ ਕੀਤਾ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026