Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਾਹਰਲੇ ਸ਼ਹਿਰਾਂ ਦੀਆਂ ਟੈਕਸੀਆਂ 'ਤੇ ਵੈਨਕੂਵਰ ਡਾਊਨਟਾਊਨ 'ਚੋਂ ਮੁਸਾਫ਼ਿਰ ਚੁੱਕਣ 'ਤੇ ਰੋਕ ਲੱਗੀ

Posted on June 15th, 2013

ਸਰੀ, 15 ਜੂਨ (ਗੁਰਪ੍ਰੀਤ ਸਿੰਘ ਸਹੋਤਾ)-ਵੈਨਕੂਵਰ ਸ਼ਹਿਰ 'ਚ ਟੈਕਸੀ ਚਲਾਉਣ ਵਾਲੀਆਂ ਕੰਪਨੀਆਂ ਨੇ ਸੁਪਰੀਮ ਕੋਰਟ 'ਚ ਉਹ ਕੇਸ ਜਿੱਤ ਲਿਆ ਹੈ, ਜਿਸ ਰਾਹੀਂ ਉਨ੍ਹਾਂ ਮਾਣਯੋਗ ਅਦਾਲਤ ਤੋਂ ਮੰਗ ਕੀਤੀ ਸੀ ਕਿ ਸ਼ਹਿਰ ਤੋਂ ਬਾਹਰਲੀਆਂ ਟੈਕਸੀਆਂ ਨੂੰ ਵੈਨਕੂਵਰ ਡਾਊਨਟਾਊਨ ਵਿਚੋਂ ਮੁਸਾਫਿਰ ਚੁੱਕਣ ਤੋਂ ਰੋਕਿਆ ਜਾਵੇ, ਕਿਉਂਕਿ ਇਸ ਨਾਲ ਟੈਕਸੀ ਚਾਲਕਾਂ ਨੂੰ ਘਾਟਾ ਪੈ ਰਿਹਾ ਹੈ | ਦੱਸਣਯੋਗ ਹੈ ਕਿ 'ਬੀ. ਸੀ. ਪੈਸੰਜਰ ਟਰਾਂਸਪੋਰਟੇਸ਼ਨ ਬੋਰਡ' ਨੇ 38 ਵਿਸ਼ੇਸ਼ ਪਰਮਿਟ ਜਾਰੀ ਕੀਤੇ ਸਨ, ਜਿਨ੍ਹਾਂ ਤਹਿਤ ਹਫ਼ਤਾਅੰਤ 'ਤੇ ਸ਼ਹਿਰ ਤੋਂ ਬਾਹਰਲੀਆਂ ਇਨ੍ਹਾਂ 38 ਟੈਕਸੀਆਂ ਦੇ ਚਾਲਕ ਰੁਝੇਵੇਂ ਭਰੇ ਸਮੇਂ 'ਚ ਡਾਊਨਟਾਊਨ ਤੋਂ ਮੁਸਾਫਿਰ ਚੁੱਕ ਸਕਦੇ ਸਨ ਤਾਂ ਕਿ ਮੁਸਾਫਿਰਾਂ ਨੂੰ ਵਧੀਆ ਸੇਵਾ ਹਾਸਲ ਹੋ ਸਕੇ ਪਰ ਵੈਨਕੂਵਰ ਦੇ ਟੈਕਸੀ ਚਾਲਕ ਇਸ ਨੂੰ ਆਪਣੇ ਹੱਕ ਅਤੇ ਕਮਾਈ 'ਤੇ ਡਾਕਾ ਸਮਝ ਰਹੇ ਸਨ | ਦੱਸਣਯੋਗ ਹੈ ਕਿ ਵੈਨਕੂਵਰ, ਇਸ ਦੇ ਨਾਲ ਲੱਗਦੇ ਸ਼ਹਿਰਾਂ ਅਤੇ ਹਵਾਈ ਅੱਡੇ 'ਤੇ ਚੱਲਣ ਵਾਲੀਆਂ ਕੁੱਲ ਟੈਕਸੀਆਂ 850 ਦੇ ਕਰੀਬ ਹਨ, ਜਿਨ੍ਹਾਂ 'ਚੋਂ 90 ਫੀਸਦੀ ਦੇ ਮਾਲਕ/ਚਾਲਕ ਪੰਜਾਬੀ ਹਨ | ਇਸ ਤਰ੍ਹਾਂ ਭਾੜਾ ਚੁੱਕਣ ਤੋਂ ਪੈਦਾ ਹੋਈ ਇਹ ਕਸ਼ਮਕਸ਼ ਪੰਜਾਬੀ ਟੈਕਸੀ ਮਾਲਕਾਂ/ਚਾਲਕਾਂ ਦਰਮਿਆਨ ਹੀ ਹੈ | ਇਹ ਵੀ ਦੱਸਣਯੋਗ ਹੈ ਕਿ ਇਸ ਵੇਲੇ ਵੈਨਕੂਵਰ 'ਚ ਇਕ ਟੈਕਸੀ ਪਰਮਿਟ ਦੀ ਕੀਮਤ 5 ਲੱਖ ਡਾਲਰ ਤੋਂ ਲੈ ਕੇ 8 ਲੱਖ ਡਾਲਰ ਤੱਕ ਹੈ ਜਦਕਿ ਸਰੀ ਵਿਚ ਟੈਕਸੀ ਦਾ ਪਰਮਿਟ 3 ਲੱਖ ਡਾਲਰ ਦੇ ਕਰੀਬ ਰਕਮ ਖਰਚ ਕੇ ਮਿਲ ਜਾਂਦਾ ਹੈ |



Archive

RECENT STORIES