Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਾਦਲ ਨੇ ਕੌਮੀ ਜਮਹੂਰੀ ਗੱਠਜੋੜ (ਐਨਡੀਏ) ਦਾ ਕਨਵੀਨਰ ਬਣਨ ਤੋਂ ਸਪਸ਼ਟ ਨਾਂਹ ਕਰ ਦਿੱਤੀ

Posted on June 18th, 2013

 ਸ਼ਿਵ ਸੈਨਾ ਤੇ ਅਕਾਲੀ ਦਲ ਹੀ ਰਹਿ ਗਏ ਐਨਡੀਏ ਵਿੱਚ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੌਮੀ ਜਮਹੂਰੀ ਗੱਠਜੋੜ (ਐਨਡੀਏ) ਦਾ ਕਨਵੀਨਰ ਬਣਨ ਤੋਂ ਸਪਸ਼ਟ ਨਾਂਹ ਕਰ ਦਿੱਤੀ ਹੈ। ਜਨਤਾ ਦਲ (ਯੂਨਾਈਟਿਡ) ਦੇ ਮੁਖੀ ਸ਼ਰਦ ਯਾਦਵ ਵੱਲੋਂ ਇਸ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸ੍ਰੀ ਬਾਦਲ ਦੇ ਨਾਮ ਦੀ ਸਿਆਸੀ ਹਲਕਿਆਂ ਵਿੱਚ ਚਰਚਾ ਚੱਲ ਰਹੀ ਸੀ। ਸੂਤਰਾਂ ਦਾ ਦੱਸਣਾ ਹੈ ਕਿ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਰਾਜ ਸਭਾ ਵਿੱਚ ਸੰਸਦੀ ਦਲ ਦੇ ਨੇਤਾ ਸੁਖਦੇਵ ਸਿੰਘ ਢੀਂਡਸਾ ਦਰਮਿਆਨ ਐਤਵਾਰ ਨੂੰ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਦੌਰਾਨ ਕੌਮੀ ਪੱਧਰ ’ਤੇ ਹੋਈ ਸਿਆਸੀ ਹਲਚਲ ਬਾਰੇ ਚਰਚਾ ਹੋਈ। ਸ੍ਰੀ ਢੀਂਡਸਾ ਨੇ ਮੀਟਿੰਗ ਦੀ ਪੁਸ਼ਟੀ ਕੀਤੀ ਹੈ। ਇਸ ਮੀਟਿੰਗ ਦੌਰਾਨ ਐਨਡੀਏ ਦੇ ਭਾਈਵਾਲ ਜੇਡੀ (ਯੂ.) ਦੇ ਟੁੱਟਣ ਤੋਂ ਬਾਅਦ ਪੈਦਾ ਹੋਈ ਸਿਆਸੀ ਸਥਿਤੀ ਬਾਰੇ ਦੋਹਾਂ ਅਕਾਲੀ ਆਗੂਆਂ  ਨੇ ਡੂੰਘੀ ਵਿਚਾਰ ਚਰਚਾ ਕੀਤੀ। ਸ੍ਰੀ ਬਾਦਲ ਦੀ ਰਾਏ ਪੁੱਛੀ ਗਈ ਕਿ ਭਾਜਪਾ ਦੀ ਮੰਗ ਮੁਤਾਬਕ ਕੀ ਉਹ (ਸ੍ਰੀ ਬਾਦਲ) ਐਨਡੀਏ ਦੇ ਕਨਵੀਨਰ ਦਾ ਅਹੁਦਾ ਸੰਭਾਲਣ ਲਈ ਤਿਆਰ ਹਨ। ਇਸ ’ਤੇ ਸ੍ਰੀ ਬਾਦਲ ਨੇ ਸਾਫ਼ ਨਾਂਹ ਕਰਦਿਆਂ ਕੌਮੀ ਰਾਜਨੀਤੀ ਵਿੱਚ ਕੋਈ ਰੁਚੀ ਨਾ ਹੋਣ ਦੀ ਗੱਲ ਵੀ ਕਹੀ। ਜ਼ਿਕਰਯੋਗ ਹੈ ਕਿ ਭਾਜਪਾ ਇਹ ਅਹੁਦਾ ਸ੍ਰੀ ਬਾਦਲ ਨੂੰ ਸੌਂਪਣ ਦੇ ਹੱਕ ਵਿੱਚ ਹੈ।


ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਪਾਰਟੀ ਫਿਲਹਾਲ ਕੌਮੀ ਸਿਆਸਤ ਵਿੱਚ ਵਾਪਰ ਰਹੀਆਂ ਘਟਨਾਵਾਂ ਦੀ ਪੜਚੋਲ ਕਰ ਰਹੀ ਹੈ ਕਿ ਲੋਕ ਸਭਾ ਚੋਣਾਂ ਤੱਕ ਊਠ ਕਿਸ ਕਰਵਟ ਬੈਠਦਾ ਹੈ। ਅਕਾਲੀ ਦਲ ਨੇ ਸਪੱਸ਼ਟ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਸਾਥ ਨਹੀਂ ਛੱਡਿਆ ਜਾਵੇਗਾ। ਜੇਡੀ (ਯੂ.) ਵੱਲੋਂ ਸਾਥ ਛੱਡਣ ਤੋਂ ਬਾਅਦ ਸ਼ਿਵ ਸੈਨਾ ਤੇ ਅਕਾਲੀ ਦਲ ਹੀ ਐਨਡੀਏ ਵਿੱਚ ਰਹਿ ਗਏ ਹਨ। ਭਾਈਵਾਲਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਹੀ ਅਜਿਹੇ ਕੱਦਾਵਰ ਸਿਆਸੀ ਆਗੂ ਹਨ ਜਿਨ੍ਹਾਂ ਨੂੰ ਕੌਮੀ ਜਮਹੂਰੀ ਗੱਠਜੋੜ ਦਾ ਕਨਵੀਨਰ ਬਣਾਇਆ ਜਾ ਸਕਦਾ ਹੈ। ਅਕਾਲੀ ਹਲਕਿਆਂ ਮੁਤਾਬਕ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਵੀ ਗੱਠਜੋੜ ਦੀ ਅਗਵਾਈ ਸ੍ਰੀ ਬਾਦਲ ਨੂੰ ਸੌਂਪਣ ਦਾ ਮਨ ਬਣਾਇਆ ਗਿਆ ਹੈ। ਇਹੀ ਕਾਰਨ ਹੈ ਕਿ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਸ੍ਰੀ ਬਾਦਲ ਨੂੰ ਕਿਹਾ ਸੀ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਐਨਡੀਏ ਵਿੱਚ ਰਹਿਣ ਲਈ ਮਨਾਇਆ ਜਾਵੇ। ਇਹ ਗੱਲ ਵੱਖਰੀ ਹੈ ਕਿ ਸ੍ਰੀ ਬਾਦਲ ਨੇ ਬਿਹਾਰ ਦੇ ਮੁੱਖ ਮੰਤਰੀ ਨਾਲ ਇਸ ਮੁੱਦੇ ’ਤੇ ਕੋਈ ਗੱਲਬਾਤ ਨਾ ਕਰਕੇ ਭਾਜਪਾ ਨੂੰ ਨਿਰਾਸ਼ ਹੀ ਕੀਤਾ ਹੈ। ਸ੍ਰੀ ਸ਼ਰਦ ਯਾਦਵ ਵੱਲੋਂ ਅਹੁਦਾ ਤਿਆਗਣ ਤੋਂ ਬਾਅਦ ਐਨ.ਡੀ.ਏ. ਦਾ ਇਸ ਸਮੇਂ ਕੋਈ ਮੁਖੀ ਨਹੀਂ ਹੈ। ਸ੍ਰੀ ਬਾਦਲ ਦੇਸ਼ ਦੇ ਕੱਦਾਵਾਰ ਸਿਆਸਦਾਨ ਮੰਨੇ ਜਾਂਦੇ ਹਨ। ਉਹ ਪੰਜਾਬ ਦੇ ਪੰਜਵੀਂ ਵਾਰੀ ਮੁੱਖ ਮੰਤਰੀ ਬਣੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਕਸਰ ਹੀ ਕੌਮੀ ਸਿਆਸਤ ਵਿੱਚ ਦਿਲਚਸਪੀ ਨਹੀਂ ਦਿਖਾਈ। ਸੂਤਰਾਂ ਮੁਤਾਬਕ ਪਿਛਲੇ ਵਰ੍ਹੇ ਉਪ ਰਾਸ਼ਟਰਪਤੀ ਦੀ ਚੋਣ ਦੌਰਾਨ ਵੀ  ਭਾਰਤੀ ਜਨਤਾ ਪਾਰਟੀ ਵੱਲੋਂ ਉਨ੍ਹਾਂ ਨੂੰ ਇਸ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ। ਉਸ ਸਮੇਂ ਵੀ ਸ੍ਰੀ ਬਾਦਲ ਨੇ ਨਾਂਹ ਕਰਦਿਆਂ ਕਿਹਾ ਸੀ ਕਿ ਉਹ ਸੂਬਾਈ ਸਿਆਸਤ ਤੋਂ ਲਾਂਭੇ ਹੋਣ ਦੇ ਪੱਖ ਵਿੱਚ ਨਹੀਂ ਹਨ। ਇਹ ਵੀ ਜ਼ਿਕਰਯੋਗ ਹੈ ਕਿ ਮਰਹੂਮ ਮੁਰਾਰਜੀ ਦੇਸਾਈ ਦੀ ਸਰਕਾਰ ਵਿੱਚ ਸ੍ਰੀ ਬਾਦਲ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਬਣਾਇਆ ਗਿਆ ਸੀ। ਕੁਝ ਮਹੀਨਿਆਂ ਬਾਅਦ ਹੀ ਸ੍ਰੀ ਬਾਦਲ ਇਹ ਅਹੁਦਾ ਛੱਡ ਕੇ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਹੋ ਗਏ ਸਨ।



Archive

RECENT STORIES