Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਰੀ ਦੀ 'ਯੂਨਾਈਟਿਡ ਬ੍ਰਦਰਜ਼ ਫੀਲਡ ਹਾਕੀ ਕਲੱਬ' ਨੇ ਇੱਕ ਹੋਰ ਚੈਂਪੀਅਨਸ਼ਿਪ ਜਿੱਤੀ

Posted on June 18th, 2013

<p><br></p>

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਪਿਛਲੇ ਦਿਨੀਂ 16 ਸਾਲ ਉਮਰ ਵਰਗ 'ਚ ਚੈਂਪੀਅਨ ਬਣਨ ਵਾਲੀ ਸਰੀ ਦੀ 'ਯੂਨਾਈਟਿਡ ਬ੍ਰਦਰਜ਼ ਫੀਲਡ ਹਾਕੀ ਕਲੱਬ' ਦੇ ਮਾਣ 'ਚ ਉਦੋਂ ਹੋਰ ਵਾਧਾ ਹੋ ਗਿਆ ਜਦ ਉਨ੍ਹਾਂ ਦੀ 18 ਸਾਲ ਉਮਰ ਵਰਗ 'ਚ ਖੇਡੀ ਟੀਮ ਨੇ ਵੀ ਚੈਂਪੀਅਨਸ਼ਿਪ ਜਿੱਤ ਲਈ। ਸਰੀ ਦੇ ਟਮਾਨਾਵਿਸ ਹਾਕੀ ਸਟੇਡੀਅਮ ਵਿਖੇ ਸੰਪੰਨ ਹੋਈ ਇਸ ਚੈਂਪੀਅਨਸ਼ਿਪ 'ਚ 'ਰਾਊਂਡ ਰੌਬਿਨ ਸਿਸਟਮ' ਰਾਹੀਂ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸਾਰੀਆਂ ਟੀਮਾਂ ਨੂੰ ਇੱਕ-ਦੂਜੇ ਨਾਲ ਖੇਡਣਾ ਪੈਂਦਾ ਹੈ। 'ਯੂਨਾਈਟਿਡ ਬ੍ਰਦਰਜ਼ ਫੀਲਡ ਹਾਕੀ ਕਲੱਬ' ਦੀ ਇਸ ਟੀਮ ਨੇ ਅਜਿਹਾ ਹੀ ਕਰਦਿਆਂ ਚਾਰ ਮੈਚ ਜਿੱਤੇ ਅਤੇ ਫਤਹਿ ਹਾਸਲ ਕੀਤੀ। 

ਬੇਸ਼ੱਕ ਇਸ ਜਿੱਤ ਲਈ ਟੀਮ ਦੇ ਸਭ ਮੈਂਬਰਾਂ ਨੇ ਜ਼ੋਰ ਲਗਾਇਆ ਪਰ ਬਲਰਾਜ ਸਿੰਘ ਪਨੇਸਰ, ਕਬੀਰ ਸਿੰਘ ਔਜਲਾ, ਬਰੈਂਡਨ ਪਰੇਰਾ, ਵਿਕਰਮਜੀਤ ਸਿੰਘ ਸੰਧੂ ਅਤੇ ਜਪਰੀਤ ਸਿੰਘ ਰਾਏ ਦੀ ਬੇਮਿਸਾਲ ਖੇਡ ਨੇ ਇਸ ਜਿੱਤ ਦੀ ਪ੍ਰਾਪਤੀ 'ਚ ਅਹਿਮ ਭੂਮਿਕਾ ਨਿਭਾਈ। ਇਨ੍ਹਾਂ ਖਿਡਾਰੀਆਂ ਦੀ ਖੇਡ ਕਲਾ ਅਤੇ ਸਮਰੱਥਾ ਵੇਖ ਕੇ ਜਾਪਦਾ ਹੈ ਕਿ ਜ਼ਰੂਰ ਹੀ ਇਹ ਭਵਿੱਖ 'ਚ ਹਾਕੀ ਦੇ ਨਾਮਵਰ ਖਿਡਾਰੀ ਬਣਨਗੇ। ਇਸ ਚੈਂਪੀਅਨਸ਼ਿਪ ਵਿੱਚ 'ਵਿਕਟੋਰੀਆ ਫੀਲਡ ਹਾਕੀ ਕਲੱਬ' ਨੂੰ ਦੂਜਾ ਅਤੇ 'ਇੰਡੀਆ ਫੀਲਡ ਹਾਕੀ ਕਲੱਬ' ਨੂੰ ਤੀਜਾ ਸਥਾਨ ਹਾਸਲ ਹੋਇਆ। 

ਇਸ ਮਾਣਮੱਤੀ ਜਿੱਤ 'ਤੇ ਪ੍ਰਤੀਕਰਮ ਕਰਦਿਆਂ 'ਯੂਨਾਈਟਿਡ ਬ੍ਰਦਰਜ਼ ਫੀਲਡ ਹਾਕੀ ਕਲੱਬ' ਦੇ ਪ੍ਰਧਾਨ ਨਿਰਮਲ ਸਿੰਘ ਸੋਹਲ (ਅੱਟਾ) ਨੇ ਕਿਹਾ ਕਿ ਹੱਥਾਂ 'ਚ ਪਲੇ ਇਨ੍ਹਾਂ ਬੱਚਿਆਂ ਦੀਆਂ ਪ੍ਰਾਪਤੀਆਂ ਵੇਖ ਕੇ ਮਨ ਬਹੁਤ ਪ੍ਰਸੰਨ ਹੁੰਦਾ ਹੈ। ਇਸ ਟੀਮ ਦੀ ਜਿੱਤ ਦਾ ਸਿਹਰਾ ਕੋਚ ਬਲਜਿੰਦਰ ਸਿੰਘ ਗਰੇਵਾਲ ਅਤੇ ਗੁਰਚਰਨ ਸਿੰਘ ਪੰਧੇਰ ਸਿਰ ਬੰਨ੍ਹਦਿਆਂ ਸੋਹਲ ਨੇ ਖਿਡਾਰੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦੇ ਅਸਲ ਹੱਕਦਾਰ ਦੱਸਿਆ। ਦੱਸਣਯੋਗ ਹੈ ਕਿ ਬੱਚਿਆਂ ਨੂੰ ਨਸ਼ਿਆਂ ਤੇ ਗੈਂਗਾਂ ਤੋਂ ਬਚਾਉਣ ਲਈ 'ਯੂਨਾਈਟਿਡ ਬ੍ਰਦਰਜ਼ ਫੀਲਡ ਹਾਕੀ ਕਲੱਬ' ਸਮੇਤ ਅੱਧੀ ਦਰਜਨ ਦੇ ਕਰੀਬ ਹੋਰ ਹਾਕੀ ਕਲੱਬਾਂ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਯਤਨਸ਼ੀਲ ਹਨ ਅਤੇ ਕਾਮਯਾਬ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਇਨ੍ਹਾਂ ਕਲੱਬਾਂ 'ਤੇ ਇਸ ਗੱਲ ਦਾ ਵੀ ਮਾਣ ਹੈ ਕਿ ਇਨ੍ਹਾਂ ਵਲੋਂ ਕੈਨੇਡਾ ਵਿੱਚ ਹਾਕੀ ਦੇ ਉਲੰਪੀਅਨ ਪੈਦਾ ਕੀਤੇ ਗਏ ਹਨ ਤੇ ਮੁੜ ਪੰਜਾਬੀਆਂ 'ਚ ਹਾਕੀ ਪ੍ਰਤੀ ਰੁਚੀ ਪੈਦਾ ਕੀਤੀ ਗਈ ਹੈ, ਜੋ ਕਿ ਕਬੱਡੀ ਦੀ ਪ੍ਰਫੁੱਲਤਾ ਕਾਰਨ ਘਟ ਗਈ ਸੀ।




Archive

RECENT STORIES