Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਸਲਕੁਸ਼ੀ 1984 ਦੀ ਯਾਦ ਵਿਚ ਖੂਨਦਾਨ ਕਰ ਕੇ ਸਿੱਖ ਕੌਮ ਨੇ 140,000 ਤੋਂ ਵੱਧ ਜਾਨਾਂ ਬਚਾਈਆਂ

Posted on October 4th, 2019


ਸਰੀ (ਅਕਾਲ ਗਾਰਡੀਅਨ ਬਿਊਰੋ)- ਨਵੰਬਰ ਦੇ ਪਹਿਲੇ ਹਫਤੇ ਕੈਨੇਡਾ ਅਤੇ ਹੋਰ ਮੁਲਕਾਂ ਵਿੱਚ ਵੱਡੇ ਪੱਧਰ 'ਤੇ ਖੂਨਦਾਨ ਮੁਹਿੰਮ ਚਲਾਈ ਜਾਂਦੀ ਹੈ। ਸਰੀ ਵਿੱਚ ਇਸ ਸਬੰਧੀ ਵਲੰਟਰੀਅਰਾਂ ਦੀ ਭਰਵੀ ਮੀਟਿੰਗ ਹੋਈ। ਇਸ ਸਮੇਂ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਇਹ ਮੁਹਿੰਮ ਨਵੰਬਰ 1984 ਵਿਚ ਭਾਰਤ ਦੇ ਅਖੌਤੀ ਲੋਕਤੰਤਰ ਦੀਆਂ ਗਲੀਆਂ ਵਿਚ ਚਿੱਟੇ ਦਿਨ ਹਜਾਰਾਂ ਸਿੱਖਾਂ ਦੇ ਭਿਆਨਕ ਕਤਲੇਆਮ ਲਈ ਜ਼ਿੰਮੇਵਾਰ ਤਾਕਤਾਂ ਨੂੰ ਬੇਨਕਾਬ ਕਰਨ ਲਈ ਦੁਨੀਆਂ ਭਰ ਵਿਚ ਉੇੱਠੀ ਇਨਸਾਫ ਪਸੰਦ ਲੋਕਾਂ ਦੀ ਇਹ ਆਵਾਜ਼ ਹੈ, ਜੋ ਗੁਰੂ ਨਾਨਕ ਪਾਤਸ਼ਾਹ ਵੱਲੋਂ ਐਮਨਾਬਾਦ ਦੀ ਧਰਤੀ ਉੱਪਰ ਦਿੱਤੇ ਸੁਨੇਹੇ 'ਤੇ ਪਹਿਰਾ ਦੇ ਰਹੀ ਹੈ। ਇਸਦੇ ਉਲਟ ਭਾਰਤੀ ਹੁਕਮਰਾਨਾਂ ਅਤੇ ਉਸਦੇ ਸਮੁੱਚੇ ਤੰਤਰ ਵੱਲੋਂ ਨਾ ਸਿਰਫ ਅਜਿਹੇ ਕਤਲੇਆਮਾਂ ਨੂੰ ਦਬਾਉਣ ਅਤੇ ਭੁਲਾਉਣ ਦੀਆਂ ਸਾਜਿਸ਼ਾਂ ਜਾਰੀ ਹਨ ਸਗੋਂ ਲਗਾਤਾਰ ਅੱਜ ਤੱਕ ਦਲਿਤਾਂ, ਆਦਿਵਾਸੀਆਂ ਅਤੇ ਸਮੁੱਚੀਆਂ ਘੱਟ ਗਿਣਤੀਆਂ ਦਾ ਘਾਣ ਅਤੇ ਉਹਨਾਂ ਨੂੰ ਜ਼ਲਾਲਤ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਅਜਿਹੇ ਕਤਲੇਆਮਾਂ ਦੀ ਸੱਚਾਈ ਨੂੰ ਦਬਾਉਣ ਅਤੇ ਕਾਤਲਾਂ ਦੀ ਪੁਸ਼ਤਪਨਾਹੀ ਕਰਕੇ ਹੀ ਮੌਜੂਦਾ ਦੌਰ ਵਿਚ ਭਾਰਤ ਅੰਦਰ ਹੋ ਰਹੇ ਮਨੁੱਖਤਾ ਦੇ ਘਾਣ ਅਤੇ ਭਵਿੱਖ ਦੇ ਸੰਭਾਵੀ ਵੱਡੇ ਕਤਲੇਆਮਾਂ ਲਈ ਰਾਹ ਪੱਧਰਾ ਹੋਇਆ ਹੈ, ਜਿਵੇਂ ਕਿ ਅੱਜ ਪੰਜਾਬ ਵਿਚ ਸਿੱਖਾਂ ਵਿਰੁੱਧ ਅਤੇ ਭਾਰਤ ਦੇ ਹੋਰ ਹਿੱਸਿਆਂ ਵਿਚ ਦਲਿਤ, ਮੁਸਲਮਾਨਾਂ ਅਤੇ ਈਸਾਈਆਂ ਵਿਰੁੱਧ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ।

ਬੁਲਾਰਿਆਂ ਨੇ ਕਿਹਾ ਕਿ ਅਜਿਹੀ ਕਾਤਲ ਸੋਚ ਨੂੰ ਠੱਲ੍ਹ ਪਾਉਣ ਤੇ ਇਨਸਾਨੀਅਤ ਦੇ ਹੋ ਰਹੇ ਇਸ ਘਾਣ ਨੂੰ ਰੋਕਣ ਲਈ ਨਸਲਕੁਸ਼ੀ ਦੀ ਬਿਰਤੀ ਅਤੇ ਉਸਨੂੰ ਸ਼ਹਿ ਦੇਣ ਵਾਲੀਆਂ ਤਾਕਤਾਂ ਵਿਰੁੱਧ ਸਭ ਨੂੰ ਇਕਮੁੱਠ ਹੋ ਕੇ ਆਵਾਜ ਉਠਾਉਣੀ ਅੱਜ ਦੇ ਸਮੇਂ ਦੀ ਲੋੜ ਹੈ। ਨਸਲਕੁਸ਼ੀ ਦੀ ਮਾਨਸਿਕਤਾ ਨੂੰ ਠੱਲ੍ਹ ਪਾਉਣ ਅਤੇ ਬਿਪਰਵਾਦੀ ਜ਼ਾਬਰ ਸੋਚ ਦੇ ਖੂਨੀ ਪੰਜੇ ਵਿਚੋਂ ਮਨੁੱਖਤਾ ਨੂੰ ਬਚਾਉਣ ਲਈ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਦੇ ਵਾਰਿਸ ਆਪਣਾ ਖੂਨਦਾਨ ਕਰ ਕੇ 'ਜੀਓ ਅਤੇ ਜਿਓਣ ਦਿਓ' ਦੇ ਸਿਧਾਂਤ 'ਤੇ ਪਹਿਰਾ ਦੇ ਰਹੇ ਹਨ। 

ਬੁਲਾਰਿਆਂ ਨੇ ਜਾਣਕਾਰੀ ਦਿੱਤੀ ਕਿ ਨਸਲਕੁਸ਼ੀ ਵਿਰੁੱਧ ਆਰੰਭੀ ਇਸ ਖੂਨਦਾਨ ਮੁਹਿੰਮ ਤਹਿਤ ਸਿੱਖ ਕੌਮ ਦਸੰਬਰ 2018 ਤੱਕ 140,000 ਤੋਂ ਵੱਧ ਵਿਅਕਤੀਆਂ ਨੂੰ ਨਵੀਂ ਜ਼ਿੰਦਗੀ ਦੇਣ ਵਿਚ ਸਹਾਈ ਹੋਈ ਹੈ। ਕੈਨੇਡੀਅਨ ਬਲੱਡ ਸਰਵਿਸ ਨੇ ਇਸ ਮੁਹਿੰਮ ਨੂੰ ਕਨੇਡਾ ਦੀ ਸਭ ਤੋਂ ਵੱਡੀ ਜਾਨਾਂ ਬਚਾਉਣ ਵਾਲੀ ਮੁਹਿੰਮ ਐਲਾਨਿਆ ਹੈ। ਸਿੱਖ ਕੌਮ ਜਿਸ ਉਤਸ਼ਾਹ ਨਾਲ ਦੁਨੀਆਂ ਭਰ ਵਿਚ ਜੀਵਨ ਦਾਨ ਦੀ ਇਸ ਮੁਹਿੰਮ ਵਿਚ ਸ਼ਾਮਲ ਹੋ ਕੇ ਕੀਮਤੀ ਜਾਨਾਂ ਬਚਾ ਰਹੀ ਹੈ, ਛੇਤੀ ਹੀ ਇਹ ਮੁਹਿੰਮ ਦੁਨੀਆਂ ਭਰ ਵਿਚ ਮਨੁੱਖੀ ਹੱਕਾਂ ਦੀ ਆਲੰਬਰਦਾਰ ਵਜੋਂ ਜਾਣੀ ਜਾਵੇਗੀ। ਇਹ ਮੁਹਿੰਮ 'ਏਕ ਪਿਤਾ ਏਕਸ ਕੇ ਹਮ ਬਾਰਿਕ' ਦੇ ਫਲਸਫੇ ਵਿਚ ਯਕੀਨ ਰੱਖਦੀ ਹੈ ਤੇ ਹਮੇਸ਼ਾਂ ਹੀ ਉਹਨਾਂ ਵਿਅਕਤੀਆਂ, ਸੰਸਥਾਵਾਂ ਜਾਂ ਸਰਕਾਰਾਂ ਨੂੰ ਪ੍ਰਣਾਮ ਕਰਦੀ ਹੈ, ਜੋ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਅਤੇ ਨਸਲਕੁਸ਼ੀ ਵਿਰੁੱਧ ਕੰਮ ਕਰਦੀਆਂ ਹਨ।

ਵਰਨਣਯੋਗ ਹੈ ਕਿ ਸਾਲ 2019 ਵਿਚ ਵੀ ਇਸ ਮੁਹਿੰਮ ਤਹਿਤ ਨਵੰਬਰ ਮਹੀਨੇ ਕਨੇਡਾ ਸਾਰੇ ਪ੍ਰਮੁੱਖ ਸ਼ਹਿਰਾਂ ਜਿਵੇਂ ਕਿ ਵੈਨਕੂਵਰ, ਸਰੀ, ਵਿਕਟੋਰੀਆ, ਨਾਰਥ ਵੈਨਕੂਵਰ, ਐਬਟਸਫੋਰਡ, ਕੈਮਲੂਪਸ, ਕਿਲੋਨਾ, ਪੈਨਟਿਕਟਨ, ਐਡਮਿੰਟਨ, ਕੈਲਗਰੀ, ਸਸਕਾਟੂਨ, ਰਿਜ਼ਾਈਨਾ, ਵਿਨੀਪੈਗ, ਟਰਾਂਟੋ, ਮਾਂਟਰੀਅਲ ਇਸ ਤੋਂ ਇਲਾਵਾ ਅਮਰੀਕਾ ਵਿਚ ਸਿਆਟਲ, ਲਿੰਡਨ, ਬੌਥਲ, ਸ਼ਿਕਾਗੋ, ਯੂਬਾਸਿਟੀ, ਬੇਕਰਸਫੀਲਡ ਆਦਿ ਸ਼ਾਮਲ ਹਨ। ਇਹ ਖੂਨਦਾਨ ਮੁਹਿੰਮ ਦੂਸਰੇ ਮੁਲਕਾਂ ਆਸਟਰੇਲੀਆ ਅਤੇ ਨਿਊਜੀਲੈਂਡ ਦੇ ਵੱਖ ਵੱਖ ਸ਼ਹਿਰਾਂ ਵਿਚ ਵੀ ਚੱਲੇਗੀ। ਦੁਨੀਆਂ ਦੇ 122 ਤੋਂ ਵੱਧ ਮੁਲਕਾਂ ਵਿਚ ਵਸਦੀ ਸਿੱਖ ਕੌਮ ਦਾ ਇਹ ਅਟੱਲ ਵਿਸ਼ਵਾਸ ਅਤੇ ਭਰੋਸਾ ਹੈ ਕਿ ਲੋਕਾਂ ਦੀ ਤਾਕਤ ਤੋਂ ਵੱਡੀ ਕੋਈ ਤਾਕਤ ਨਹੀਂ ਅਤੇ ਜ਼ਾਬਰ ਕਿੰਨਾ ਵੀ ਤਾਕਤਵਰ ਅਤੇ ਮਕਾਰ ਕਿਉਂ ਨਾ ਹੋਵੇ ਉਹ ਸੱਚ ਨੂੰ ਖਤਮ ਨਹੀਂ ਕਰ ਸਕਦਾ।

ਅਖੀਰ ਵਿੱਚ ਬੁਲਾਰਿਆਂ ਨੇ ਸੱਦਾ ਦਿੱਤਾ ਕਿ ਆਉ ਆਪਾਂ ਸਾਰੇ ਮਨੁੱਖਤਾ ਨੂੰ ਦਰਪੇਸ਼ ਨਸਲਕੁਸ਼ੀ ਦੀ ਇਸ ਚੁਣੌਤੀ ਨੂੰ ਕਬੂਲ ਕਰਦੇ ਹੋਏ ਆਪੋ-ਆਪਣੇ ਸਾਧਨਾਂ ਰਾਹੀਂ ਅਜਿਹੀ ਗੈਰ-ਮਨੁੱਖੀ ਸੋਚ ਵਿਰੁੱਧ ਆਵਾਜ਼ ਬੁਲੰਦ ਕਰੀਏ। ਨਸਲਕੁਸ਼ੀ ਵਿਰੁੱਧ ਆਪਣੇ ਸਾਰਿਆ ਵੱਲੋਂ ਰਲ ਕੇ ਕੀਤੇ ਇਹ ਯਤਨ ਹਰ ਸਾਲ ਵਿਚ ਇਹ ਸੁਰੱਖਿਅਤ ਸਮਾਜ ਸਿਰਜਣ ਲਈ ਸਾਰਥਕ ਸਾਬਤ ਹੋਣਗੇ।



Archive

RECENT STORIES