Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਰਜ਼ਈ ਨੇ ਅਮਰੀਕਾ ਨਾਲ ਗੱਲਬਾਤ ਮੁਲਤਵੀ ਕੀਤੀ

Posted on June 19th, 2013

ਕਾਬੁਲ : ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਅਮਰੀਕਾ ਦੇ ਨਾਲ ਹੋਣ ਵਾਲੀ ਗੱਲਬਾਤ ਮੁਲਤਵੀ ਕਰ ਦਿੱਤੀ ਹੈ। ਇਕ ਸੀਨੀਅਰ ਅਫਗਾਨ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਤਾਲਿਬਾਨ ਨੂੰ ਅਧਿਕਾਰਕ ਦਰਜਾ ਦਿੱਤੇ ਜਾਣ ਤੋਂ ਨਾਖੁਸ਼ ਹੈ, ਜਿਸ ਨੇ ਮੰਗਲਵਾਰ ਨੂੰ ਕਤਰ ਦੀ ਰਾਜਧਾਨੀ ਦੋਹਾ 'ਚ ਆਪਣਾ ਦਫਤਰ ਖੋਲਿ੍ਆ ਹੈ। ਕਰਜ਼ਈ ਨੇ ਇਸ ਦਫਤਰ ਦੇ ਨਾਂ ਨੂੰ ਲੈ ਕੇ ਨਾਰਾਜ਼ਗੀ ਪ੍ਰਗਟਾਈ ਹੈ। 

ਅਗਲੇ ਸਾਲ ਦੇ ਅੰਤ 'ਚ ਨਾਟੋ ਦੀ ਮੁਹਿੰਮ ਖਤਮ ਹੋਣ ਤੋਂ ਬਾਅਦ ਇਸ ਸੰਘਰਸ਼ ਪ੍ਰਭਾਵਿਤ ਦੇਸ਼ 'ਚ ਅਮਰੀਕੀ ਸੈਨਿਕਾਂ ਦੀ ਮੌਜੂਦਗੀ ਬਣਾਏ ਰੱਖਣ ਲਈ ਦੋਵਾਂ ਦੇਸ਼ਾਂ ਵਿਚਕਾਰ ਸਮਝੌਤਾ ਹੋਣਾ ਜ਼ਰੂਰੀ ਹੈ। ਕਰਜ਼ਈ ਵਲੋਂ ਗੱਲਬਾਤ ਟਾਲੇ ਜਾਣ ਦੇ ਫੈਸਲੇ ਨਾਲ ਤਾਲਿਬਾਨ ਨਾਲ ਗੱਲਬਾਤ ਆਰੰਭ ਕਰਨ ਦੇ ਅਮਰੀਕੀ ਯਤਨਾਂ ਨੂੰ ਧੱਕਾ ਲੱਗ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਨੂੰ ਅਫਗਾਨਿਸਤਾਨ 'ਚ ਪਿਛਲੇ 12 ਸਾਲਾਂ ਤੋਂ ਚੱਲ ਰਹੇ ਸੰਘਰਸ਼ ਨੂੰ ਸਮਾਪਤ ਕਰ ਦੀ ਦਿਸ਼ਾ 'ਚ ਮਹੱਤਵਪੂਰਨ ਕਦਮ ਵਧਾਉਂਦੇ ਹੋਏ ਇਸ ਦਾ ਸਵਾਗਤ ਕੀਤਾ ਸੀ।ਗੱਲਬਾਤ ਮੁਲਤਵੀ ਕੀਤੇ ਜਾਣ ਬਾਰੇ ਜਾਣਕਾਰੀ ਦਿੰਦੇ ਹੋਏ ਕਰਜ਼ਈ ਦੇ ਬੁਲਾਰੇ ਆਈਮਲ ਫੈਜ਼ੀ ਨੇ ਦੱਸਿਆ, ''ਅਫਗਾਨਿਸਤਾਨ ਸਬੰਧੀ ਸ਼ਾਂਤੀ ਗੱਲਬਾਤ ਨੂੰ ਲੈ ਕੇ ਅਮਰੀਕੀ ਸਰਕਾਰ ਜੋ ਕਹਿ ਰਹੀ ਹੈ ਤੇ ਜੋ ਕਰ ਰਹੀ ਹੈ, ਉਸ ਵਿਚ ਆਪਾ-ਵਿਰੋਧ ਵੇਖਿਆ ਜਾ ਰਿਹਾ ਹੈ। ਰਾਸ਼ਟਰਪਤੀ ਨੇ ਬੁੱਧਵਾਰ ਨੂੰ ਸਵੇਰੇ ਅਮਰੀਕਾ ਦੇ ਨਾਲ ਦੁਵੱਲੇ ਸੁਰੱਖਿਆ ਸਮਝੌਤਾ (ਬੀਐਸਏ) ਗੱਲਬਾਤ ਨੂੰ ਮੁਲਤਵੀ ਕਰ ਦਿੱਤਾ ਹੈ।'' 

ਉਨ੍ਹਾਂ ਦੱਸਿਆ ਕਿ ਵਿਵਾਦ ਦੇ ਕੇਂਦਰ 'ਚ ਤਾਲਿਬਾਨ ਦਫਤਰ ਵਲੋਂ 'ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ' ਨਾਂ ਪ੍ਰਯੋਗ ਕੀਤਾ ਜਾਣਾ ਹੈ। ਇਸਦੀ ਸਥਾਪਨਾ 1996 'ਚ ਹੋਈ ਸੀ ਜਦੋਂ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਸ਼ਾਸਨ ਆਰੰਭ ਕੀਤਾ ਸੀ। 2001 'ਚ ਤਾਲਿਬਾਨ ਦੇ ਪਤਨ ਦੇ ਨਾਲ ਹੀ ਇਸਦਾ ਅੰਤ ਹੋ ਗਿਆ ਸੀ। ਇਸੇ ਦੌਰਾਨ ਤਾਲਿਬਾਨ ਨੇ ਦਾਅਵਾ ਕੀਤਾ ਹੈ ਉਸਨੇ ਮੰਗਲਵਾਰ ਰਾਤ ਅਫਗਾਨਿਸਤਾਨ 'ਚ ਅਮਰੀਕਾ ਦੇ ਸਭ ਤੋਂ ਵੱਡੇ ਸੈਨਿਕ ਅੱਡੇ ਬਗਰਾਮ 'ਤੇ ਰਾਕਟ ਨਾਲ ਹਮਲਾ ਕਰਕੇ ਚਾਰ ਅਮਰੀਕੀ ਸੈਨਿਕਾਂ ਨੂੰ ਮਾਰ ਦਿੱਤਾ ਹੈ। ਇਸ ਨਾਲ ਅਫਗਾਨਿਸਤਾਨ 'ਚ ਸ਼ਾਂਤੀ ਸਥਾਪਿਤ ਹੋਣ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। 



Archive

RECENT STORIES