Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਐਨ ਡੀ ਏ ਦਾ ਕਨਵੀਨਰ ਬਣਨ ਲਈ ਬਾਦਲ ਨੂੰ ਮਨਾ ਲਵਾਂਗੇ: ਢੀਂਡਸਾ

Posted on June 19th, 2013

ਸੰਗਰੂਰ- ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਉਹ ਐਨ.ਡੀ.ਏ. ਦਾ ਕਨਵੀਨਰ ਬਣਨ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਨਾ ਲੈਣਗੇ। ਉਹ ਇੱਥੇ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੌਮੀ ਜਮਹੂਰੀ ਗੱਠਜੋੜ ਦਾ ਰਸਮੀ ਤੌਰ ’ਤੇ ਸੱਦਾ ਪੱਤਰ ਮਿਲਣ ਮਗਰੋਂ ਪਾਰਟੀ ਪੂਰੀ ਸੰਜ਼ੀਦਗੀ ਨਾਲ ਵਿਚਾਰ ਵਟਾਂਦਰਾ ਕਰੇਗੀ ਤੇ ਇਹ ਅਹੁਦਾ ਪ੍ਰਵਾਨ ਕਰਨ ਲਈ ਸ੍ਰੀ ਬਾਦਲ ’ਤੇ ਜ਼ੋਰ ਪਾਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਹਰਮਨ ਪਿਆਰੇ ਤੇ ਮਕਬੂਲ ਆਗੂ ਹਨ ਜਿਨ੍ਹਾਂ ਕੌਮਾਂਤਰੀ ਪੱਧਰ ’ਤੇ ਆਪਣੇ ਨਾਂ ਦਾ ਡੰਕਾ ਵਜਾਇਆ ਹੈ। ਰਾਜਨੀਤੀ ’ਚ ਉਨ੍ਹਾਂ ਦਾ ਇੱਕ ਆਗੂ ਵਜੋਂ ਸ਼ਾਨਦਾਰ ਰਿਕਾਰਡ ਹੈ। ਐਨ.ਡੀ.ਏ. ’ਚ ਸ੍ਰੀ ਬਾਦਲ ਦੀ ਮੌਜੂਦਗੀ ਗੱਠਜੋੜ ਵਿੱਚ ਹੋਰ ਰੰਗ ਭਰ ਦੇਵੇਗੀ।

ਸ੍ਰੀ ਢੀਂਡਸਾ ਨੇ ਕਿਹਾ ਕਿ ਸ੍ਰੀ ਬਾਦਲ ਦੇ ਦੇਸ਼ ਦੀਆਂ ਖੇਤਰੀ ਪਾਰਟੀਆਂ ਦੇ ਸਿਰਮੌਰ ਆਗੂਆਂ ਨਾਲ ਬੜੇ ਨੇੜਲੇ ਸਬੰਧ ਹਨ। ਖੇਤਰੀ ਪਾਰਟੀਆਂ ’ਚ ਸ਼੍ਰੋਮਣੀ ਅਕਾਲੀ ਦਲ ਦਾ ਅਹਿਮ ਸਥਾਨ ਹੈ। ਸ੍ਰੀ ਬਾਦਲ ਬੜੇ ਸੁਲਝੇ ਤੇ ਘਾਗ ਸਿਆਸਤਦਾਨ ਹਨ। ਸਿਆਸਤ ਦੇ ਨਜ਼ਰੀਏ ਨਾਲ ਰਾਜਨੀਤੀ ’ਤੇ ਉਨ੍ਹਾਂ ਦਾ ਪ੍ਰਭਾਵ ਕਾਬਿਲੇ ਤਾਰੀਫ ਹੈ। ਉਨ੍ਹਾਂ ਕਿਹਾ ਕਿ ਐਨ.ਡੀ.ਏ. ਦੇ ਹੱਕ ਵਿੱਚ ਸਾਜਗਾਰ ਹਾਲਾਤ ਹਨ। ਨਿਤੀਸ਼ ਕੁਮਾਰ ਦੇ ਲਾਂਭੇ ਹੋ ਜਾਣ ਦੇ ਬਾਵਜੂਦ ਐਨ.ਡੀ.ਏ. ਕੋਲ ਦਮਦਾਰ ਟੀਮ ਹੈ। ਐਨ.ਡੀ.ਏ. ਦੀਆਂ ਭਾਈਵਾਲ ਪਾਰਟੀਆਂ ਦੇ ਵਰਕਰਾਂ ਵਿੱਚ ਪੂਰਾ ਉਤਸ਼ਾਹ ਹੈ। ਵਰਕਰਾਂ ਦਾ ਮਨੋਬਲ ਦਿਨੋਂ ਦਿਨ ਹੋਰ ਉਚੱਾ ਹੋਇਆ ਹੈ।

ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਨੂੰ ਐਨ.ਡੀ.ਏ. ਦੇ ਸਿਆਸੀ ਹਮਲੇ ਦੀ ਧਾਰ ਨੂੰ ਝੱਲਣਾ ਬੇਹੱਦ ਕਠਿਨ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ਵਾਸੀਆਂ ਨੇ ਇੰਨੀ ਭ੍ਰਿਸ਼ਟ ਸਰਕਾਰ ਕਦੇ ਨਹੀਂ ਦੇਖੀ। ਵੱਡੇ ਘੁਟਾਲਿਆਂ ਤੇ ਕਾਂਗਰਸ ਦੇ ਨਿਜ਼ਾਮ ਦੀ ਨਾਕਾਮੀ ਹਾਲੇ ਤਾਜ਼ਾ ਹੈ। ਕਾਂਗਰਸ ਦੇ ਕਾਰਜਕਾਲ ਦੌਰਾਨ ਦੇਸ਼ ਦਾ ਹਰ ਪੱਖੋਂ ਭੱਠਾ ਬੈਠਿਆ ਹੈ। ਉਨ੍ਹਾਂ ਕਿਹਾ ਕਿ ਯੂ.ਪੀ.ਏ. ਨੂੰ ਜੜੋਂ ਉਖਾੜਨ ਦਾ ਸਮਾਂ ਆ ਗਿਆ ਹੈ। ਹੇਠਲੇ ਪੱਧਰ ਤੇ ਐਨ.ਡੀ.ਏ. ਨੰੂ ਪਹਿਲਾਂ ਨਾਲੋਂ ਵੱਧ ਊਰਜਾ ਮਿਲ ਰਹੀ ਹੈ। ਸ੍ਰੀ ਢੀਂਡਸਾ ਨੇ ਕਿਹਾ ਕਿ ਉਹ ਪੂਰੀ ਬੇਫਿਕਰੀ ਨਾਲ ਲੋਕ ਸਭਾ ਚੋਣਾਂ ਲੜਨਗੇ ਤੇ ਜਿੱਤਣਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਕਾਂਝਲਾ ਵੀ ਮੌਜੂਦ ਸਨ।



Archive

RECENT STORIES