Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

'ਬਠਿੰਡਾ ਵਿਚ ਹਰਸਿਮਰਤ ਦੇ ਮੁਕਾਬਲੇ ਕੈਪਟਨ ਨੂੰ ਚੋਣ ਲੜਾਈ ਜਾਵੇ'- ਜਗਮੀਤ ਸਿੰਘ ਬਰਾੜ

Posted on June 19th, 2013

ਚੰਡੀਗੜ੍ਹ- ਸੀਨੀਅਰ ਆਗੂ ਸ. ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਜੇ ਪਾਰਟੀ ਨੂੰ ਇਸ ਸੂਬੇ ਵਿਚ ਬਚਾਉਣਾ ਹੈ ਜਾਂ ਬਾਦਲਾਂ ਸਮੇਤ ਅਕਾਲੀ-ਭਾਜਪਾ ਨੂੰ ਸਿੱਧੀ ਟੱਕਰ ਦੇਣੀ ਹੈ ਤਾਂ ਵੱਡੇ ਆਗੂਆਂ ਜ਼ਿਨ੍ਹਾਂ ਵਿਚ ਬੀਬੀ ਭੱਠਲ, ਕੈਪਟਨ ਅਮਰਿੰਦਰ ਸਿੰਘ, ਅੰਬਿਕਾ ਸੋਨੀ, ਪਾਰਟੀ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਸੀਨੀਅਰ ਆਗੂ ਸ਼ਾਮਲ ਹਨ, ਨੂੰ ਮੈਦਾਨ ਵਿਚ ਉਤਾਰਨਾ ਚਾਹੀਦਾ ਹੈ। 

ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ. ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਬਠਿੰਡਾ ਲੋਕ ਸਭਾ ਸੀਟ ਤੋਂ ਅਕਾਲੀ ਆਗੂ ਬੀਬੀ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਕੈਪਟਨ ਅਮਰਿੰਦਰ ਸਿੰਘ, ਸੰਗਰੂਰ ਸੀਟ ਤੋਂ ਬੀਬੀ ਭੱਠਲ, ਗੁਰਦਾਸਪੁਰ ਤੋਂ ਪ੍ਰਤਾਪ ਸਿੰਘ ਬਾਜਵਾ, ਪਟਿਆਲਾ ਤੋਂ ਪ੍ਰਨੀਤ ਕੌਰ ਅਤੇ ਹੁਸ਼ਿਆਰਪੁਰ ਤੋਂ ਅੰਬਿਕਾ ਸੋਨੀ ਨੂੰ ਮੈਦਾਨ ਵਿਚ ਉਤਾਰਨਾ ਚਾਹੀਦਾ ਹੈ। ਸ. ਬਰਾੜ ਅੰਦਰੋਂ ਤਾਂ ਬਹੁਤ ਦੁਖੀ ਸਨ ਪਰ ਉਪਰੋਂ-ਉਪਰੋਂ ਬੀਬੀ ਸੋਨੀਆ ਗਾਂਧੀ ਦਾ ਧਨਵਾਦ ਕਰਦੇ ਰਹੇ ਅਤੇ ਆਖਿਆ ਕਿ ਹਾਈ ਕਮਾਨ ਨੇ ਚਾਹੇ ਉਨ੍ਹਾਂ ਨੂੰ ਕੋਈ ਪਾਰਟੀ ਅਹੁਦਾ ਨਹੀਂ ਦਿਤਾ ਪਰ ਉਹ ਆਉਂਦੇ ਦਿਨਾਂ ਵਿਚ ਪਾਰਟੀ ਵਰਕਰਾਂ ਨੂੰ ਲਾਮਬੰਦ ਕਰ ਕੇ ਪੰਜਾਬ ਵਿਚ ਹਰ ਥਾਂ ਜਾਣਗੇ ਅਤੇ ਅਕਾਲੀ-ਭਾਜਪਾ ਸਰਕਾਰ ਦੀਆਂ ਕਮਜ਼ੋਰੀਆਂ ਦਾ ਪਰਦਾ ਫ਼ਾਸ਼ ਕਰਨਗੇ। ਜਗਮੀਤ ਸਿੰਘ ਬਰਾੜ ਜਿਨ੍ਹਾਂ ਨੇ 9 ਵਾਰ ਲੋਕ ਸਭਾ ਚੋਣਾਂ ਲੜੀਆਂ, ਦੋ ਵਾਰ ਜਿੱਤੇ, ਪਹਿਲਾਂ ਹਾਈ ਕਮਾਨ ਵਿਚ ਸਪੈਸ਼ਲ ਇਨਵਾਈਟੀ, ਫਿਰ ਪਰਮਾਨੈਂਟ ਇਨਵਾਈਟੀ ਯਾਨੀ ਕਾਂਗਰਸ ਵਰਕਿੰਗ ਕਮੇਟੀ ਵਿਚ ਅਹਿਮ ਰੋਲ ਨਿਭਾਉਂਦੇ ਰਹੇ ਅਤੇ ਗੋਆ ਤੇ ਗੁਜਰਾਤ ਵਿਚ ਪਾਰਟੀ ਆਬਜ਼ਰਵਰ ਅਤੇ ਇੰਚਾਰਜ ਰਹਿ ਚੁੱਕੇ ਹਨ, ਨੇ ਕਿਹਾ ਕਿ ਪੰਜ ਵਾਰ ਵਿਧਾਇਕ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਜਾ ਕੇ ਮੇਰੀ ਵਾਲੀ ਪੁਜ਼ੀਸ਼ਨ ਮਿਲੀ ਹੈ। ਉਨ੍ਹਾਂ ਕਾਂਗਰਸ ਨੂੰ ਸਲਾਹ ਦਿਤੀ ਕਿ ਪੀਪਲਜ਼ ਪਾਰਟੀ ਨਾਲ ਚੋਣ ਸਮਝੌਤਾ ਕਰ ਕੇ ਸ. ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਲੜਾਉਣਾ ਠੀਕ ਰਹੇਗਾ। ਅਪਣੇ ਆਪ ਨੂੰ ਕਾਂਗਰਸ ਪਾਰਟੀ ਦਾ ਨੇਕ ਨੀਤੀ ਅਤੇ ਭਗਤੀ ਭਾਵਨਾ ਵਾਲਾ ਸਿਪਾਹੀ ਗਰਦਾਨਦਿਆਂ ਜਗਮੀਤ ਸਿੰਘ ਬਰਾੜ ਨੇ ਉਮੀਦ ਪ੍ਰਗਟਾਈ ਕਿ ਹੁਣ ਮੇਰੇ ਸਕੂਲ ਦੇ ਸਾਥੀ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਵਿਚ ਚੰਗਾ ਅਹੁਦਾ ਦੇਣਗੇ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਹ ਅਸੈਂਬਲੀ ਚੋਣਾਂ ਵਿਚ ਮੁਕਤਸਰ ਤੋਂ ਹੀ ਉਮੀਦਵਾਰ ਬਣਗੇ ਪਰ ਲੋਕ ਸਭਾ ਵਿਚ ਵੀ ਜੇ ਹਾਈ ਕਮਾਨ ਲੜਨ ਨੂੰ ਕਹੇ ਤਾਂ ਉਹ ਤਿਆਰ ਹਨ। ਉਨ੍ਹਾਂ ਦਾਅਵਾ ਕੀਤਾ ਕਿ ਰਾਹੁਲ ਅਤੇ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਪੰਜਾਬ ਵਿਚ ਪਾਰਟੀ ਦੀ ਸੇਵਾ ਲਈ ਭੇਜਿਆ ਹੈ। ਭਾਵੇਂ ਕੋਈ ਅਹੁਦਾ ਨਹੀਂ ਦਿਤਾ। ਆਉਂਦੀਆਂ ਲੋਕ ਸਭਾ ਚੋਣਾਂ ਨੂੰ ਵੱਡੀ ਜੰਗ ਕਰਾਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਨੂੰ ਨਮੋਸ਼ੀ ਤੋਂ ਬਚਣ ਲਈ ਸਵੈ-ਪੜਚੋਲ ਕਰ ਕੇ ਅਤੇ ਸਾਰੇ ਗਰੁਪਾਂ ਨੂੰ ਇਕੱਠਾ ਕਰ ਕੇ ਅਕਾਲੀ-ਭਾਜਪਾ ਨੂੰ ਟੱਕਰ ਦੇਣੀ ਬਣਦੀ ਹੈ। ਕਾਂਗਰਸ ਹਾਈ ਕਮਾਨ ਵਲੋਂ ਜਾਰੀ ਅਹਿਮ ਇਸ਼ਾਰੇ ਅਨੁਸਾਰ ਬਰਾੜ ਨੇ ਵੀ ਸੈਕੁਲਰ ਲੋਕਤੰਤਰ ਦੀ ਗੱਲ ਕੀਤੀ ਅਤੇ ਮੋਦੀ ਨੂੰ ਫ਼ਿਰਕੂ ਅਤੇ ਬਾਦਲ ਪਰਵਾਰ ਨੂੰ ਭਾਜਪਾ ਦਾ ਪਿਛਲੱਗੂ ਆਖਿਆ ਅਤੇ ਕਿਹਾ ਕਿ ਮਾਧੋਪੁਰ ਵਿਚ ਨਰਿੰਦਰ ਮੋਦੀ ਦੀ ਫ਼ੇਰੀ ਫ਼ਿਰਕੂ ਤਾਕਤਾਂ ਨੂੰ ਸ਼ਹਿ ਦੇਵੇਗੀ ਤੇ ਪੰਜਾਬ ਸਮੇਤ ਸਾਰੇ ਦੇਸ਼ ਵਿਚ ਹਿੰਦੂਤਵ ਦੇ ਨਾਹਰੇ ਨਾਲ ਸਮਾਜ ਵਿਚ ਵੰਡੀਆਂ ਪਾਵੇਗੀ। ਬਰਾੜ ਨੇ ਸਪੱਸ਼ਟ ਕੀਤਾ ਕਿ ਉਹ ਚੰਡੀਗੜ੍ਹ ਅਤੇ ਮੁਕਤਸਰ ਵਿਚ ਡੇਰੇ ਲਾ ਕੇ ਬੈਠਣਗੇ ਅਤੇ ਆਉਂਦੇ ਸਮੇਂ ਵਿਚ ਕਾਂਗਰਸ ਪਾਰਟੀ ਵਲੋਂ ਲਾਈ ਡਿਊਟੀ ਨਿਭਾਉਣ ਤੋਂ ਇਲਾਵਾ ਖ਼ੁਦ ਵੀ ਸਾਰੇ ਸੂਬੇ ਵਿਚ ਪਾਰਟੀ ਲਈ ਕੰਮ ਕਰਦੇ ਰਹਿਣਗੇ।



Archive

RECENT STORIES