Posted on January 9th, 2020

ਚੰਡੀਗੜ੍ਹ- 1993 ਵਿਚ ਕਾਰ ਸੇਵਾ ਵਾਲੇ ਬਾਬਾ ਚਰਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ 5 ਮੈਂਬਰਾਂ ਨੂੰ ਅਗਵਾ ਕਰਕੇ ਮਾਰਨ ਦੇ ਮਾਮਲੇ ਵਿਚ ਮੁਹਾਲੀ ਦੀ ਅਦਾਲਤ ਨੇ ਪੰਜਾਬ ਪੁਲਿਸ ਦੇ 6 ਸਾਬਕਾ ਮੁਲਾਜ਼ਮਾਂ ਨੂੰ ਦੋਸ਼ੀ ਠਹਿਰਾਇਆ ਹੈ। ਮੁਹਾਲੀ ਦੀ ਵਿਸ਼ੇਸ਼ ਅਦਾਲਤ ਦੇ ਜੱਜ ਕਰੁਣੇਸ਼ ਕੁਮਾਰ ਨੇ ਇੰਸਪੈਕਟਰ ਸੂਬੇ ਸਿੰਘ, ਸਬ-ਇੰਸਪੈਕਟਰ ਬਿਕਰਮਜੀਤ ਸਿੰਘ, ਸੁਖਦੇਵ ਸਿੰਘ ਨੂੰ 10-10 ਸਾਲ ਕੈਦ ਦੀ ਸਜ਼ਾ ਸੁਣਾਈ ਜਦਕਿ ਸਬ-ਇੰਸਪੈਰਟਰ ਸੁਖਦੇਵ ਰਾਜ ਸਿੰਘ ਨੂੰ ਇਸੇ ਮਾਮਲੇ ਵਿਚ 5 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਪੀੜ੍ਹਤਾਂ ਦੇ ਵਕੀਲ ਸਤਨਾਮ ਸਿੰਘ ਨੇ ਅਦਾਲਤੀ ਕੰਪਲੈਕਸ ਵਿਚ ਮੀਡੀਆ ਨਾਲ ਗੱਲਾਬਤ ਵਿਚ ਕਿਹਾ, ''ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਇਹ ਗੱਲ ਸਾਬਿਤ ਹੋ ਗਈ ਕਿ ਇਹ ਮੁਲਜ਼ਮ ਸਨ, ਇਨ੍ਹਾਂ ਨੇ ਨਜ਼ਾਇਜ਼ ਬੰਦੇ ਚੁੱਕੇ, ਗੈਰ ਕਾਨੂੰਨੀ ਹਿਰਾਸਤ ਵਿਚ ਰੱਖ ਕੇ, ਜਾਅਲੀ ਰਿਕਾਰਡ ਬਣਾਏ ਅਤੇ ਇਨ੍ਹਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ ਪਰ 27 ਸਾਲਾਂ ਬਾਅਦ ਵੀ ਏਨੀ ਘੱਟ ਸਜ਼ਾ ਹੋਣ ਕਾਰਨ ਥੋੜਾ ਨਿਰਾਸ਼ ਵੀ ਹਾਂ।''
ਪੀੜ੍ਹਤਾਂ ਦੇ ਵਕੀਲ ਸਤਨਾਮ ਸਿੰਘ ਬੈਂਸ, ਸਰਬਜੀਤ ਸਿੰਘ ਵੇਰਕਾ, ਜਗਜੀਤ ਸਿੰਘ ਬਾਜਵਾ ਅਤੇ ਪੁਸ਼ਪਿੰਦਰ ਸਿੰਘ ਨੇ ਵੀ ਬਕਾਇਦਾ ਪ੍ਰੈਸ ਨੋਟ ਜਾਰੀ ਕਰਕੇ ਸੀਬੀਆਈ ਅਦਾਲਤ ਦੇ ਇਸ ਫ਼ੈਸਲੇ ਦੀ ਪੁਸ਼ਟੀ ਕੀਤੀ ਹੈ। ਵਕੀਲ ਸਤਨਾਮ ਸਿੰਘ ਨੇ ਕਿਹਾ ਕਿ ਕੇਸਰ ਸਿੰਘ ਨੂੰ ਜ਼ਬਰੀ ਚੁੱਕ ਕੇ ਮਾਰਨ ਦੇ ਮਾਮਲੇ ਵਿਚ ਐੱਸਆਈ ਬਿਕਰਮਜੀਤ ਸਿੰਘ ਅਤੇ ਐੱਸਆਈ ਸੁਖਦੇਵ ਸਿੰਘ ਨੂੰ ਧਾਰਾ 364,120 ਤਹਿਤ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ ਜਦਕਿ ਧਾਰਾ 318 ਤਹਿਤ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਬਾਬਾ ਚਰਨ ਸਿੰਘ ਨੂੰ ਚੁੱਕ ਕੇ ਖਪਾਉਣ ਦੇ ਮਾਮਲੇ ਵਿਚ ਧਾਰਾ 364 ਅਧੀਨ ਇੰਸਪੈਕਟਰ ਸੂਬੇ ਸਿੰਘ ਨੂੰ 10 ਸਾਲ ਕੈਦ ਅਤੇ 30 ਹਜ਼ਾਰ ਦਾ ਹਰਜਾਨਾ ਲਾਇਆ ਗਿਆ ਹੈ। ਮੇਜਾ ਸਿੰਘ ਨੂੰ ਅਗਵਾ ਕਰਕੇ ਮਾਰਨ ਦੇ ਮਾਮਲੇ ਵਿਚ ਦੋ ਦੋਸ਼ੀ ਇੰਸਪੈਕਟਰ ਸੂਬੇ ਸਿੰਘ ਨੂੰ ਧਾਰਾ 364 ਤਹਿਤ 10 ਸਾਲ ਕੈਦ ਅਤੇ ਦੂਜੇ ਦੋਸ਼ੀ ਸੁਖਦੇਵ ਰਾਜ ਜੋਸ਼ੀ ਨੂੰ ਧਾਰਾ 365 ਤਹਿਤ 5 ਸਾਲ ਦੀ ਸਜ਼ਾ ਸੁਣਾਈ ਗਈ। ਸੁਖਦੇਵ ਸਿੰਘ ਜੋਸ਼ੀ ਨੂੰ ਗੁਰਮੇਜ ਸਿੰਘ ਅਤੇ ਬਲਵਿੰਦਰ ਸਿੰਘ ਦੇ ਮਾਮਲੇ ਵਿਚ ਵੀ ਧਾਰਾ 365 ਤਹਿਤ ਵੀ 5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਵਕੀਲਾਂ ਦੇ ਸਾਂਝੇ ਬਿਆਨ ਵਿਚ ਅੱਗੇ ਦੱਸਿਆ ਗਿਆ ਕਿ ਗੁਰਦੇਵ ਸਿੰਘ ਦੇ ਮਾਮਲੇ ਦੇ ਮੁਲਜ਼ਮ ਗੁਰਮੀਤ ਸਿੰਘ ਨੂੰ ਬਰੀ ਕਰ ਦਿੱਤਾ ਗਿਆ।
ਇਸੇ ਤਰ੍ਹਾਂ ਬਾਬਾ ਚਰਨ ਸਿੰਘ ਦੇ ਮਾਮਲੇ ਵਿਚ ਡੀਐੱਸਪੀ ਕਸ਼ਮੀਰ ਸਿੰਘ ਗਿੱਲ ਅਤੇ ਐੱਸਆਈ ਨਿਰਮਲ ਸਿੰਘ ਨੂੰ ਬਰੀ ਕਰਨ ਦਾ ਫ਼ੈਸਲਾ ਸੁਣਾਇਆ ਗਿਆ। ਗੁਰਦੇਵ ਸਿੰਘ ਦੇ ਮਾਮਲੇ ਦੇ ਮੁਲਜ਼ਮ ਗੁਰਮੀਤ ਸਿੰਘ ਨੂੰ ਬਰੀ ਕਰ ਦਿੱਤਾ ਗਿਆ। ਏਐਸਆਈ ਸੂਬਾ ਸਿੰਘ ਤੇ ਹੌਲਦਾਰ ਲੱਖਾ ਸਿੰਘ ਨੂੰ ਧਾਰਾ 218 ਤਹਿਤ ਸਜ਼ਾ ਤਾਂ ਹੋਈ ਪਰ ਉਨ੍ਹਾਂ ਨੂੰ 50 ਹਜ਼ਾਰ ਦੇ ਮੁਚੱਲਕੇ ਉੱਤੇ ਰਿਹਾਅ ਕਰ ਦਿੱਤਾ ਗਿਆ।
27 ਸਾਲ ਚੱਲੀ ਅਦਲਾਤੀ ਕਾਰਵਾਈ
ਵਕੀਲਾਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਇਨਸਾਫ਼ ਲੈਣ ਲਈ 27 ਸਾਲ ਦਾ ਸਮਾਂ ਲੱਗਿਆ ਹੈ। ਬਾਬਾ ਚਰਨ ਸਿੰਘ ਦੀ ਪਤਨੀ ਬੀਬੀ ਸੁਰਜੀਤ ਕੌਰ ਨੇ 1997 ਵਿਚ ਇਸ ਮਾਮਲੇ ਦੀ ਅਰਜ਼ੀ ਸੁਪਰੀਮ ਕੋਰਟ ਵਿਚ ਪਾਈ ਸੀ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੇ ਹੁਕਮ ਦਿੱਤੇ। ਇਸ ਮਾਮਲੇ ਵਿਚ 15 ਜਣੇ ਮੁਲਜ਼ਮ ਸਨ, ਜਿਨ੍ਹਾਂ ਵਿਚੋਂ 6 ਦੀ ਮੌਤ ਹੋ ਚੁੱਕੀ ਹੈ। ਕੇਸ ਦੀ ਅਦਾਲਤੀ ਪੈਰਵੀ ਦੌਰਾਨ 25 ਗਵਾਹਾਂ ਦੀ ਵੀ ਮੌਤ ਹੋ ਗਈ।
ਵਕੀਲਾਂ ਦੇ ਪ੍ਰੈਸ ਬਿਆਨ ਮੁਤਾਬਕ ਕਿਸੇ ਵੀ ਪੀੜ੍ਹਤ ਨੂੰ ਕੋਈ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ ਅਤੇ ਨਾ ਹੀ ਮ੍ਰਿਤਕਾਂ ਦੀ ਦੇਹਾਂ ਉਨ੍ਹਾਂ ਦੇ ਵਾਰਿਸਾਂ ਨੂੰ ਸੌਂਪੀਆਂ ਗਈਆਂ। ਪੀੜ੍ਹਤ ਪਰਿਵਾਰਾਂ ਨੂੰ ਕਦੇ ਇਹ ਵੀ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਦੇ ਜੀਆਂ ਨਾਲ ਅਸਲ ਵਿਚ ਕੀ ਵਾਪਰਿਆ।
ਪੀੜ੍ਹਤਾਂ ਦੇ ਵਕੀਲਾਂ ਨੇ ਕਿਹਾ ਕਿ ਗਵਾਹਾਂ ਨੂੰ ਧਮਕਾਉਣ ਅਤੇ ਦਬਾਅ ਬਣਾਉਣ ਦੇ ਬਾਵਜੂਦ ਪੀੜਤਾਂ ਦੇ ਪਰਿਵਾਰਕ ਮੈਂਬਰ ਅਤੇ ਗਵਾਹ ਨਿਆਂ ਲਈ ਲੜਨ ਤੋਂ ਪਿੱਛੇ ਨਹੀਂ ਹਟੇ, ਉਨ੍ਹਾਂ ਬੜੇ ਹੀ ਹੌਂਸਲੇ ਨਾਲ ਅਦਾਲਤ ਅੱਗੇ ਸੱਚਾਈ ਰੱਖੀ। ਕੁਝ ਮੁਲਜ਼ਮਾਂ ਨੂੰ ਬਰੀ ਕੀਤੇ ਜਾਣ ਅਤੇ ਦੋਸ਼ੀਆਂ ਦੀਆਂ ਸਜ਼ਾਵਾਂ ਵਧਾ ਕੇ ਉਮਰ ਕੈਦ ਕਰਵਾਉਣ ਲਈ ਪੀੜ੍ਹਤ ਪਰਿਵਾਰ ਸੀਬੀਆਈ ਅਦਾਲਤ ਦੇ ਫ਼ੈਸਲੇ ਨੂੰ ਹਾਈ ਕੋਰਟ ਵਿਚ ਚੁਣੌਤੀ ਦੇਣਗੇ।
ਪਰਿਵਾਰਕ ਮੈਂਬਰਾਂ ਨੇ ਅਦਾਲਤ ਦੇ ਬਾਹਰ ਮੀਡੀਆ ਨੂੰ ਕਿਹਾ 27 ਸਾਲ ਦੀ ਲੰਬੀ ਲੜਾਈ ਤੋਂ ਬਾਅਦ ਮਾਮੂਲੀ ਜਿਹੀ ਸਜ਼ਾ ਹੋਈ ਹੈ, ਅਦਾਲਤ ਵਿਚ ਇੰਨੀ ਲੰਬੀ ਕਾਰਵਾਈ ਤੋਂ ਬਾਅਦ ਵੀ ਇਹ ਪਤਾ ਤੱਕ ਨਹੀਂ ਲੱਗਿਆ ਕਿ ਪੁਲਿਸ ਮੁਕਾਬਲੇ ਕਿਵੇਂ ਤੇ ਕਿੱਥੇ ਬਣਾਏ ਗਏ ਅਤੇ ਲਾਸ਼ਾਂ ਨੂੰ ਕਿੱਥੇ ਖਪਾਇਆ ਗਿਆ।
ਕਿਹਾ ਜਾਂਦਾ ਹੈ ਕਿ ਬਾਬਾ ਚਰਨ ਸਿੰਘ ਅਤੇ ਉਨ੍ਹਾਂ ਦੇ ਇੱਕ ਕਰੀਬੀ ਰਿਸ਼ਤੇਦਾਰ ਨੂੰ ਤਤਕਾਲੀ ਐਸਐਸਪੀ ਤਰਨਤਾਰਨ ਅਜੀਤ ਸਿੰਘ ਸੰਧੂ ਦੇ ਹੁਕਮਾਂ ਤੇ ਦੋ ਜੀਪਾਂ ਨਾਲ ਲੱਤਾਂ ਬੰਨ੍ਹ ਕੇ ਵਿਚਕਾਰੋਂ ਪਾੜ ਕੇ ਮਾਰਿਆ ਗਿਆ ਸੀ।
1994 ਤੋਂ 2020 ਆ ਗਿਆ ਤੇ ਹੁਣ ਅਦਾਲਤ ਨੇ ਪੁਲਸੀਏ ਦੋਸ਼ੀ ਗਰਦਾਨੇ ਹਨ। ਪਹਿਲਾ ਤਾਂ ਸਜ਼ਾਵਾਂ ਕਰਾਉਣ ਲਈ ਏਨੀ ਲੰਮੀ ਲੜਾਈ ਲੜਨੀ ਪੈਂਦੀ ਹੈ ਤੇ ਫਿਰ ਸਰਕਾਰਾਂ ਇਨ੍ਹਾਂ ਕਾਤਲ ਪੁਲਸੀਆਂ ਨੂੰ ਆਪਣਾ ਰਸੂਖ਼ ਵਰਤ ਕੇ ਛੱਡ ਦਿੰਦੀਆਂ, ਜਿਵੇਂ ਕਿ ਮੋਦੀ ਸਰਕਾਰ ਨੇ ਕੁਝ ਹਫ਼ਤੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਸਿਫ਼ਾਰਸ਼ 'ਤੇ ਕੁਝ ਅਜਿਹੇ ਹੀ ਪੁਲਸੀਏ ਛੱਡੇ ਹਨ।
ਤਰਨਤਾਰਨ ਇਲਾਕੇ ਦੇ ਲੋਕ ਭੁੱਲਦੇ ਨਹੀਂ ਕਿ ਇੰਸਪੈਕਟਰ ਸੂਬੇ ਸਿੰਘ ਕਹਿੰਦਾ ਹੁੰਦਾ ਸੀ ਕਿ ਇੱਕ ਸੂਬਾ ਸਰਹਿੰਦ ਵਜ਼ੀਰ ਖ਼ਾਨ ਸੀ, ਜਿਸ ਨੇ ਗੁਰੂ ਸਾਹਿਬ ਦੇ ਨਿੱਕੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਸ਼ਹੀਦ ਕੀਤਾ ਤੇ ਦੂਜਾ ਸੂਬਾ ਮੈਂ ਦੁਬਾਰਾ ਜੰਮਿਆ ਤਾਂ ਕਿ ਸਿੱਖਾਂ ਨੂੰ ਸੂਬਾ ਸਰਹਿੰਦ ਦੁਬਾਰਾ ਯਾਦ ਰਹੇ। ਸੂਬੇ ਸਿੰਘ ਆਪਣੇ ਆਪ ਨੂੰ ਸੂਬਾ ਸਰਹੱਦ ਕਹਿੰਦਾ ਹੋਇਆ 500 ਸਿੱਖ ਨੌਜਵਾਨ ਇਕੱਲੇ ਤਰਨ ਤਾਰਨ ਜ਼ਿਲ੍ਹੇ 'ਚ ਝੂਠੇ ਮੁਕਾਬਲਿਆਂ ਅੰਦਰ ਮਾਰਨ ਦਾ ਦਾਅਵਾ ਕਰਦਾ ਰਿਹਾ ਹੈ। ਉਹਦੀ ਉਮਰ ਹੁਣ ਸੱਤਰ ਸਾਲ ਤੋਂ ਉੱਪਰ ਹੈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026