Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਮਰੀਕਾ ਤੇ ਉਸ ਦੇ ਪੱਛਮੀ ਭਾਈਵਾਲਾਂ ਨੇ ਇਰਾਕ ਵਿਚ ਕੀਤੀ ਸੈਂਕੜੇ ਟਨ ਯੂਰੇਨੀਅਮ ਦੀ ਵਰਤੋਂ

Posted on June 20th, 2013

ਅਮਰੀਕਾ ਵੱਲੋਂ ਦੋਵਾਂ ਖਾੜੀ ਜੰਗਾਂ ਦੌਰਾਨ ਇਰਾਕ 'ਚ ਘੱਟ ਸਮਰੱਥਾ ਵਾਲੇ ਯੂਰੇਨੀਅਮ ਹਥਿਆਰਾਂ ਦੀ ਖੁੱਲ੍ਹੀ ਵਰਤੋਂ ਕੀਤੀ ਗਈ ਹੈ। ਪਹਿਲਾਂ 1991 ਵਿਚ 'ਆਪ੍ਰੇਸ਼ਨ ਡੈਜ਼ਰਟ ਸਟੋਰਮ' ਦੌਰਾਨ ਅਤੇ ਫਿਰ 2003 ਵਿਚ ਜਦੋਂ ਅਮਰੀਕਾ ਵੱਲੋਂ ਇਰਾਕ 'ਤੇ ਹਮਲਾ ਕਰਕੇ ਮੁਕੰਮਲ ਲੜਾਈ ਲੜੀ ਗਈ ਸੀ। ਵਰਤੇ ਗਏ ਯੂਰੇਨੀਅਮ ਦੇ ਭਿਆਨਕ ਪ੍ਰਭਾਵ ਹੁਣ ਲੜਾਈ ਦੇ 10 ਸਾਲ ਬਾਅਦ ਵਿਆਪਕ ਪੱਧਰ 'ਤੇ ਜ਼ਾਹਰ ਹੋਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਪ੍ਰਭਾਵਾਂ ਦੇ ਸਿਰਫ ਇਰਾਕੀ ਹੀ ਸ਼ਿਕਾਰ ਨਹੀਂ ਹੋ ਰਹੇ, ਸਗੋਂ ਜੰਗ ਦੇ ਅਖਾੜੇ ਵਿਚ ਮੌਜੂਦ ਅਮਰੀਕੀ ਲੋਕਾਂ 'ਤੇ ਵੀ ਯੂਰੇਨੀਅਮ ਦੇ ਅਨੇਕਾਂ ਮਾੜੇ ਪ੍ਰਭਾਵ ਸਾਹਮਣੇ ਆ ਰਹੇ ਹਨ। ਵਾਤਾਵਰਨ ਦੇ ਦੂਸ਼ਿਤ ਹੋਣ ਅਤੇ ਇਸ ਵਿਚਲੇ ਜ਼ਹਿਰੀਲੇਪਣ ਸਬੰਧੀ ਸਤੰਬਰ 2012 ਵਿਚ ਆਈ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਬਸਰਾ ਅਤੇ ਫਲੂਜਾਹ ਵਿਚ 1994-95 'ਚ ਜਮਾਂਦਰੂ ਵਿਗਾੜਾਂ ਦੇ ਸ਼ਿਕਾਰ ਬੱਚਿਆਂ ਦੀ ਗਿਣਤੀ ਪ੍ਰਤੀ ਹਜ਼ਾਰ ਬੱਚਿਆਂ ਪਿੱਛੇ ਸਿਰਫ 1.37 ਸੀ। 2013 ਤੱਕ ਇਹ ਗਿਣਤੀ 17 ਗੁਣਾ ਵਧ ਕੇ ਹਜ਼ਾਰ ਬੱਚਿਆਂ ਪਿੱਛੇ 23 ਤੱਕ ਪਹੁੰਚ ਗਈ ਹੈ। ਬਾਲਗਾਂ ਅਤੇ ਬੱਚਿਆਂ ਵਿਚ ਕੈਂਸਰ ਦੀ ਦਰ ਵੀ ਬੇਹੱਦ ਤੇਜ਼ੀ ਨਾਲ ਵਧੀ ਹੈ। 

1991 ਵਿਚ ਇਕ ਲੱਖ ਇਰਾਕੀਆਂ ਪਿੱਛੇ ਮਸਾਂ 40 ਵਿਅਕਤੀ ਕੈਂਸਰ ਦੇ ਸ਼ਿਕਾਰ ਸਨ। 1995 ਤੱਕ ਇਹ ਗਿਣਤੀ 20 ਗੁਣਾ ਵਧ ਕੇ 800 ਹੋ ਗਈ ਅਤੇ 2005 ਤੱਕ ਇਸ ਤੋਂ ਵੀ ਦੁੱਗਣੀ ਹੋ ਕੇ 1600 ਤੱਕ ਪਹੁੰਚ ਗਈ। ਫਲੂਜਾਹ ਵਿਚ ਕੰਮ ਕਰ ਰਹੀ ਬਾਲ ਰੋਗਾਂ ਦੀ ਮਾਹਿਰ ਡਾ: ਸਮੀਰਾ ਅਲਾਨੀ ਨੇ ਨਵਜੰਮੇ ਬੱਚਿਆਂ ਦਾ ਮੁਕੰਮਲ ਰਿਕਾਰਡ ਰੱਖਿਆ ਅਤੇ ਜਾਪਾਨੀ ਡਾਕਟਰਾਂ ਨਾਲ ਗੱਲਬਾਤ ਕਰਕੇ ਇਸ ਸਾਰੇ ਰਿਕਾਰਡ ਦੀ ਹੀਰੋਸ਼ੀਮਾ ਵਿਚ ਐਟਮ ਬੰਬ ਸੁੱਟੇ ਜਾਣ ਤੋਂ ਬਾਅਦ ਪੈਦਾ ਹੋਏ ਬੱਚਿਆਂ ਦੇ ਰਿਕਾਰਡ ਨਾਲ ਤੁਲਨਾ ਕੀਤੀ। ਉਹ ਨਤੀਜਾ ਵੇਖ ਕੇ ਹੈਰਾਨ ਰਹਿ ਗਈ ਕਿ ਫਲੂਜਾਹ ਵਿਚ ਜਮਾਂਦਰੂ ਵਿਗਾੜਾਂ ਦੇ ਸ਼ਿਕਾਰ ਬੱਚਿਆਂ ਦੀ ਗਿਣਤੀ ਹੀਰੋਸ਼ੀਮਾ ਵਿਚ ਜਨਮੇ ਅਜਿਹੇ ਬੱਚਿਆਂ ਤੋਂ ਵੀ ਟੱਪ ਗਈ ਸੀ।ਹਾਲ ਹੀ ਦੌਰਾਨ ਡਾ: ਅਲਾਨੀ ਨੇ ਅਲਜਜ਼ੀਰਾ ਦੇ ਰਿਪੋਰਟਰ ਨੂੰ ਦੱਸਿਆ, 'ਫਲੂਜਾਹ ਵਿਚ ਹੁਣ ਇਹ ਆਮ ਗੱਲ ਹੈ ਕਿ ਨਵਜੰਮੇ ਬੱਚੇ ਸਰੀਰਕ ਪ੍ਰਣਾਲੀ ਦੇ ਅਨੇਕਾਂ ਵਿਗਾੜਾਂ ਨਾਲ ਪੈਦਾ ਹੋ ਰਹੇ ਹਨ। ਕਈ ਰੋਗਾਂ ਨਾਲ ਲੜਨ ਦੀ ਸ਼ਕਤੀ ਤੋਂ ਵਿਹੀਣ ਹੁੰਦੇ ਹਨ, ਕਈ ਦਿਲ ਦੀਆਂ, ਨਾੜੀਤੰਤਰ ਦੀਆਂ ਅਤੇ ਕਈ ਹੱਡੀਆਂ ਸਬੰਧੀ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ। ਕਈ ਬੱਚੇ ਦੋ ਸਿਰਾਂ ਵਾਲੇ ਪੈਦਾ ਹੋ ਰਹੇ ਹਨ। ਕਈਆਂ ਦੇ ਅੰਦਰੂਨੀ ਅੰਗ ਸਰੀਰ ਤੋਂ ਬਾਹਰ ਹੁੰਦੇ ਹਨ। ਕਈਆਂ ਦੀ ਸਿਰਫ ਇਕ ਅੱਖ ਹੁੰਦੀ ਹੈ।' ਇਸ ਗੱਲ ਨੂੰ ਇਸ ਤੱਥ ਨਾਲ ਵੀ ਮਜ਼ਬੂਤੀ ਮਿਲਦੀ ਹੈ ਕਿ ਇਰਾਕ ਜੰਗ 'ਚੋਂ ਵਾਪਸ ਪਰਤੇ ਅਮਰੀਕੀ ਫ਼ੌਜੀਆਂ ਦੇ ਘਰੀਂ ਪੈਦਾ ਹੋਏ ਬੱਚਿਆਂ ਵਿਚ ਵੀ ਜਮਾਂਦਰੂ ਵਿਗਾੜਾਂ ਦੀ ਦਰ ਆਮ ਨਾਲੋਂ ਕਿਤੇ ਵੱਧ ਹੈ। 

2010 ਵਿਚ ਹੀ ਗੈਰੀ ਵੇਅ ਨੇ ਵੈੱਬ ਨਿਊਜ਼ ਪੋਰਟਲ 'ਤੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਇਰਾਕ ਜੰਗ ਤੋਂ ਪਰਤੇ 36 ਫ਼ੀਸਦੀ ਫ਼ੌਜੀ ਭੇਤਭਰੀਆਂ ਤੇ ਅਣਪਛਾਤੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇਰਾਕ ਜੰਗ ਕਾਰਨ ਮਰੇ ਅਮਰੀਕੀ ਫ਼ੌਜੀਆਂ ਦੀ ਗਿਣਤੀ ਵੀਅਤਨਾਮ ਜੰਗ ਦੌਰਾਨ ਹੋਈਆਂ ਮੌਤਾਂ ਤੋਂ ਵੀ ਵੱਧ ਹੈ। ਖਾੜੀ ਜੰਗ ਨਾਲ ਸਬੰਧਤ ਫ਼ੌਜੀਆਂ ਵੱਲੋਂ ਬਣਾਏ ਗਏ 'ਗਲਫ਼ ਵਾਰ ਵੈਟਰਨਜ਼ ਇਨਫਰਮੇਸ਼ਨ ਸਿਸਟਮ' ਵੱਲੋਂ ਮਈ 2007 ਨੂੰ ਮੁਹੱਈਆ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਅਣਪਛਾਤੀ ਬਿਮਾਰੀ ਦੇ ਸ਼ਿਕਾਰ ਫ਼ੌਜੀਆਂ ਦੀ ਗਿਣਤੀ 14874 ਹੈ, ਜਦੋਂ ਕਿ ਅਪੰਗਤਾ ਦੀਆਂ 16 ਲੱਖ ਸ਼ਿਕਾਇਤਾਂ ਹਨ। ਇਸ ਦਾ ਭਾਵ ਹੈ ਕਿ ਇਰਾਕ ਵਿਚ ਤਾਇਨਾਤ ਰਹੇ ਫ਼ੌਜੀਆਂ ਵਿਚੋਂ 36 ਫ਼ੀਸਦੀ ਫ਼ੌਜੀ ਅਪੰਗਤਾ ਦੇ ਸ਼ਿਕਾਰ ਹੋ ਚੁੱਕੇ ਹਨ। ਅਸਲ ਵਿਚ ਅਮਰੀਕੀ ਫ਼ੌਜੀਆਂ ਦੀਆਂ ਵੀਅਤਨਾਮ ਜੰਗ ਦੌਰਾਨ ਹੋਈਆਂ ਮੌਤਾਂ ਅਤੇ ਇਰਾਕ ਜੰਗ ਦੌਰਾਨ ਹੋਈਆਂ ਮੌਤਾਂ ਦੀ ਜਾਣਕਾਰੀ ਦੇਣ ਸਬੰਧੀ ਅਮਰੀਕੀ ਫ਼ੌਜ ਵੱਲੋਂ ਵੱਖਰੇ-ਵੱਖਰੇ ਢੰਗ-ਤਰੀਕੇ ਅਪਣਾਏ ਗਏ ਹਨ। ਵੀਅਤਨਾਮ ਜੰਗ ਦੌਰਾਨ ਲੜਾਈ ਦੇ ਮੈਦਾਨ ਵਿਚ ਲੱਗੇ ਜ਼ਖ਼ਮਾਂ ਕਾਰਨ ਬਾਅਦ ਵਿਚ ਮਰਨ ਵਾਲੇ ਫ਼ੌਜੀਆਂ ਨੂੰ ਵੀ ਜੰਗ ਦੌਰਾਨ ਮਾਰੇ ਗਏ ਫ਼ੌਜੀ ਐਲਾਨਿਆ ਗਿਆ ਸੀ ਪਰ ਇਰਾਕ ਜੰਗ ਸਬੰਧੀ ਅਜਿਹਾ ਨਹੀਂ ਹੋਇਆ। 2003 ਦੀ ਇਰਾਕ ਜੰਗ ਦੇ ਮ੍ਰਿਤਕ ਫ਼ੌਜੀਆਂ ਦੀ 4267 ਦੀ ਸਰਕਾਰੀ ਗਿਣਤੀ ਵਿਚ ਉਨ੍ਹਾਂ ਫ਼ੌਜੀਆਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ, ਜਿਨ੍ਹਾਂ ਦੀ ਮੌਤ ਹਸਪਤਾਲਾਂ ਵਿਚ ਜਾਂ ਲੜਾਈ ਦੇ ਮੈਦਾਨ ਤੋਂ ਵਾਪਸ ਲਿਆਉਂਦਿਆਂ ਰਸਤੇ ਵਿਚ ਹੋਈ। ਵਾਸ਼ਿੰਗਟਨ ਵਿਚ ਬਣੀ ਵੀਅਤਨਾਮ ਦੀ ਜੰਗੀ ਯਾਦਗਾਰ ਵਿਚ 58197 ਮ੍ਰਿਤਕ ਫ਼ੌਜੀਆਂ ਦਾ ਅੰਕੜਾ ਦਿੱਤਾ ਗਿਆ ਹੈ। 

'ਗਲਫ਼ ਵਾਰ ਵੈਟਰਨਜ਼ ਇਨਫਰਮੇਸ਼ਨ ਸਿਸਟਮ' ਦੇ ਅੰਕੜਿਆਂ ਮੁਤਾਬਿਕ ਇਰਾਕ ਜੰਗ ਕਾਰਨ 78980 ਅਮਰੀਕੀ ਫ਼ੌਜੀ ਮਾਰੇ ਗਏ ਸਨ। ਇਨ੍ਹਾਂ ਵਿਚੋਂ 19152 ਸਿੱਧੇ ਤੌਰ 'ਤੇ ਜੰਗ ਵਿਚ ਸ਼ਾਮਿਲ ਸਨ ਅਤੇ 59828 ਫ਼ੌਜੀ ਅਜਿਹੇ ਹਨ, ਜੋ ਜੰਗ ਦੇ ਮੈਦਾਨ ਵਿਚ ਤਾਇਨਾਤ ਨਹੀਂ ਸਨ। ਅਮਰੀਕਾ ਦੇ ਸਰਕਾਰੀ ਅਧਿਐਨ ਭਾਵੇਂ ਘੱਟ ਸਮਰੱਥਾ ਵਾਲੇ ਯੂਰੇਨੀਅਮ ਯੁਕਤ ਹਥਿਆਰਾਂ ਦੇ ਲੰਮੇ ਸਮੇਂ ਲਈ ਕੋਈ ਘਾਤਕ ਪ੍ਰਭਾਵ ਪੈਣ ਦੀ ਗੱਲ ਨੂੰ ਲਗਾਤਾਰ ਰੱਦ ਕਰ ਰਹੇ ਹਨ ਪਰ ਉਨ੍ਹਾਂ ਨੇ ਇਨ੍ਹਾਂ ਹਥਿਆਰਾਂ ਦੀ ਵਰਤੋਂ ਦੀ ਗੱਲ ਜ਼ਰੂਰ ਸਵੀਕਾਰ ਕੀਤੀ ਹੈ।ਜੇਮਸ ਡੈਨਵਰ ਨੇ 'ਹਾਰਰ ਫਰਾਮ ਅਮੈਰਿਕਾ' ਨਾਂਅ ਦੇ ਆਪਣੇ ਲੇਖ ਵਿਚ ਰੇਡੀਏਸ਼ਨ ਸਬੰਧੀ ਬਰਤਾਨਵੀ ਮਾਹਿਰ ਕ੍ਰਿਸ ਬਸਬੀ ਦੀਆਂ ਇਨ੍ਹਾਂ ਸਤਰਾਂ ਦਾ ਜ਼ਿਕਰ ਕੀਤਾ ਹੈ, 'ਮੈਂ ਤ੍ਰਭਕਿਆ ਹੋਇਆ ਹਾਂ। ਉਥੇ ਮੌਜੂਦ ਸਾਰੇ ਲੋਕ-ਇਰਾਕ ਦੇ ਵਾਸੀ, ਮੀਡੀਆ ਵਾਲੇ ਅਤੇ ਸਾਰੇ ਫ਼ੌਜੀ ਸਿਹਤ ਸਬੰਧੀ ਬੇਹੱਦ ਭਿਆਨਕ ਖ਼ਤਰਿਆਂ ਦੇ ਸ਼ਿਕਾਰ ਹਨ। ਯੂਰੇਨੀਅਮ ਹਥਿਆਰਾਂ ਦੀ ਰੇਡੀਏਸ਼ਨ ਕਿਤੇ ਵੀ ਪਹੁੰਚ ਸਕਦੀ ਹੈ। ਇਹ ਦੁਨੀਆ ਭਰ ਵਿਚ ਹਜ਼ਾਰਾਂ ਬੱਚਿਆਂ ਦੀ ਜ਼ਿੰਦਗੀ ਤਬਾਹ ਕਰ ਦੇਵੇਗੀ। ਅਸੀਂ ਜਾਣਦੇ ਹੀ ਹਾਂ ਕਿ ਚਰਨੋਬਿਲ ਤੋਂ ਰੇਡੀਏਸ਼ਨ ਵੇਲਜ਼ ਅਤੇ ਬਰਤਾਨੀਆ ਤੱਕ ਪਹੁੰਚ ਗਈ ਸੀ...।' ਇਹ ਗੱਲ ਪੂਰੀ ਤਰ੍ਹਾਂ ਸਾਬਤ ਹੋ ਚੁੱਕੀ ਹੈ ਕਿ ਰੇਡੀਏਸ਼ਨ ਦੇ ਖ਼ਤਰੇ ਅਨੇਕਾਂ ਸਾਲਾਂ ਤੱਕ ਮੌਜੂਦ ਰਹਿੰਦੇ ਹਨ। ਇਹ ਵੀ ਮੰਨਿਆ ਜਾ ਚੁੱਕਾ ਹੈ ਕਿ ਅਮਰੀਕਾ ਅਤੇ ਬਰਤਾਨੀਆ ਨੇ ਇਰਾਕ ਖਿਲਾਫ਼ ਹਜ਼ਾਰਾਂ ਨਹੀਂ ਤਾਂ ਸੈਂਕੜੇ ਟਨ ਯੂਰੇਨੀਅਮ ਸਮੱਗਰੀ ਦੀ ਵਰਤੋਂ ਜ਼ਰੂਰ ਕੀਤੀ ਹੈ। ਇਸ ਦੀ ਮਾਤਰਾ ਬਾਰੇ ਜ਼ਰੂਰ ਵਿਵਾਦ ਹੋ ਸਕਦਾ ਹੈ। 1991 ਵਿਚ 'ਆਪ੍ਰੇਸ਼ਨ ਡੈਜ਼ਰਟ ਸਟੋਰਮ' ਸਮੇਂ 300 ਟਨ ਯੂਰੇਨੀਅਮ ਦੀ ਵਰਤੋਂ ਕੀਤੀ ਗਈ (ਇਹ ਅੰਕੜਾ ਸਰਕਾਰੀ ਹੈ)। 2003 'ਚ ਇਰਾਕ 'ਤੇ ਹਮਲੇ ਦੌਰਾਨ ਅੰਦਾਜ਼ਨ 800 ਤੋਂ 1500 ਟਨ ਯੂਰੇਨੀਅਮ ਵਰਤਿਆ ਗਿਆ। 

ਥੋੜ੍ਹੇ ਸ਼ਬਦਾਂ ਵਿਚ ਇਹ ਕਿ ਵਿਆਪਕ ਤਬਾਹੀ ਦੇ ਹਥਿਆਰ ਵਰਤੇ ਗਏ, ਜੋ ਸਦੀਆਂ ਤੱਕ ਮਨੁੱਖਤਾ ਦੀ ਬਰਬਾਦੀ ਕਰਦੇ ਰਹਿਣਗੇ। ਇਕ ਅੰਦਾਜ਼ੇ ਮੁਤਾਬਿਕ ਇਰਾਕ ਵਿਚ 1000000 ਪੌਂਡ 'ਯੂਰੇਨੀਅਮ ਡਸਟ' (ਯੂਰੇਨੀਅਮ ਦੀ ਰਹਿੰਦ-ਖੂੰਹਦ) ਖਿੱਲਰੀ ਹੋਈ ਹੈ। ਹੀਰੋਸ਼ੀਮਾ ਵਿਚ ਸੁੱਟੇ ਗਏ 'ਲਿਟਲ ਬੁਆਏ' ਨਾਂਅ ਦੇ ਐਟਮ ਬੰਬ ਵਿਚ ਸਿਰਫ 80 ਫ਼ੀਸਦੀ ਭਰਪੂਰਤਾ ਵਾਲਾ 64 ਕਿਲੋ ਯੂਰੇਨੀਅਮ 235 ਵਰਤਿਆ ਗਿਆ ਸੀ।ਦੂਜੇ ਪਾਸੇ ਲਗਾਤਾਰ ਪ੍ਰਾਪੇਗੰਡਾ ਇਹ ਕੀਤਾ ਜਾ ਰਿਹਾ ਹੈ ਕਿ ਵਿਆਪਕ ਤਬਾਹੀ ਦੇ ਹਥਿਆਰ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਗ਼ਲਤ ਹੱਥਾਂ ਵਿਚ ਨਹੀਂ ਜਾਣੇ ਚਾਹੀਦੇ। ਧਾਰਨਾ ਇਹ ਬਣਾਈ ਗਈ ਹੈ ਕਿ ਅਮਰੀਕੀ ਹੱਥਾਂ ਵਿਚ ਅਜਿਹੇ ਹਥਿਆਰ ਸੁਰੱਖਿਅਤ ਹਨ, ਜਦੋਂ ਕਿ ਇਹ ਇਕੋ-ਇਕ ਅਜਿਹਾ ਦੇਸ਼ ਹੈ, ਜਿਸ ਨੇ ਜਾਪਾਨ ਖਿਲਾਫ਼ ਐਟਮ ਬੰਬ ਸੁੱਟੇ, ਵੀਅਤਨਾਮ ਵਿਚ ਨਪਾਮ ਅਤੇ ਏਜੰਟ ਔਰੇਂਜ ਨਾਂਅ ਦੇ ਬੰਬਾਂ ਦੀ ਵਰਤੋਂ ਕੀਤੀ, ਇਰਾਕ ਵਿਚ ਘੱਟ ਸਮਰੱਥਾ ਵਾਲਾ ਯੂਰੇਨੀਅਮ ਵਰਤਿਆ ਅਤੇ ਸ਼ਾਇਦ ਅਫ਼ਗਾਨਿਸਤਾਨ ਵਿਚ ਵੀ ਅਜਿਹਾ ਹੀ ਕੀਤਾ। ਇਹ ਵੀ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਜਦੋਂ ਵੀ ਈਰਾਨ ਨੂੰ ਗੋਡੇ ਟੇਕਣ ਲਈ ਮਜਬੂਰ ਕਰਨ ਦੀ ਲੋੜ ਪਈ, ਅਮਰੀਕਾ ਉਸ ਖਿਲਾਫ਼ ਵੀ ਯੂਰੇਨੀਅਮ ਹਥਿਆਰਾਂ ਦੀ ਵਰਤੋਂ ਕਰਨ ਵਾਸਤੇ ਤਿਆਰ-ਬਰ-ਤਿਆਰ ਹੈ। ਹੁਣ ਇਹ ਸਰਕਾਰੀ ਤੌਰ 'ਤੇ ਸਾਬਤ ਹੋ ਚੁੱਕਾ ਹੈ ਕਿ ਸੱਦਾਮ ਹੁਸੈਨ ਦੇ ਵਿਆਪਕ ਤਬਾਹੀ ਦੇ ਹਥਿਆਰਾਂ ਦੀ ਕੋਈ ਹੋਂਦ ਹੀ ਨਹੀਂ ਸੀ। 10 ਲੱਖ ਇਰਾਕੀ ਜੰਗ ਵਿਚ ਮਾਰੇ ਗਏ ਅਤੇ ਕਈ ਗੁਣਾ ਹੋਰ ਯੂਰੇਨੀਅਮ ਵਾਲੀ ਮੌਤ ਦੀ ਭੇਟ ਚੜ੍ਹ ਰਹੇ ਹਨ। ਇਹ ਸਾਬਤ ਹੋ ਚੁੱਕਾ ਹੈ ਕਿ ਅਮਰੀਕਾ ਅਤੇ ਇਸ ਦੇ ਸਹਿਯੋਗੀਆਂ ਨੇ ਆਪਣੀ ਅਖੌਤੀ ਅੱਤਵਾਦ ਵਿਰੋਧੀ ਜੰਗ ਵਿਚ ਵਿਆਪਕ ਤਬਾਹੀ ਦੇ ਹਥਿਆਰਾਂ ਦੀ ਵਰਤੋਂ ਕੀਤੀ ਹੈ।

-Neena Vyas



Archive

RECENT STORIES