Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

‘ਦਰਸ਼ਨੀ’ ਬਣ ਕੇ ਰਹਿ ਗਿਆ ਪੰਜਾਬ ਦਾ ਹੈਲੀਕਾਪਟਰ

Posted on June 20th, 2013

ਚੰਡੀਗੜ੍ਹ-ਸ੍ਰੀ ਹੇਮਕੁੰਟ ਸਾਹਿਬ ਦੇ ਯਾਤਰੀਆਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਉਤਰਾਖੰਡ ਵਿਖੇ ਪ੍ਰਾਈਵੇਟ ਹੈਲੀਕਾਪਟਰ ਭੇਜ ਕੇ ਭਾਵੇਂ ਚੰਗਾ  ਪ੍ਰਚਾਰ ਕਰਕੇ ਜੱਸ ਖੱਟ ਲਿਆ ਹੈ, ਪਰ ਸੱਚਾਈ ਇਹ ਹੈ ਕਿ ਇਹ ਹੈਲੀਕਾਪਟਰ ਜੌਲੀਗਰਾਂਟ ਹਵਾਈ ਅੱਡੇ ’ਤੇ ਦੋ ਦਿਨਾਂ ਤੋਂ ਬਿਲਕੁਲ ਵਿਹਲਾ ਖੜ੍ਹਾ ਹੈ। ਇਹ ਅੱਡਾ ਦੇਹਰਾਦੂਨ ਦੇ ਨੇੜੇ ਹੈ। ਇਸ ਹੈਲੀਕਾਪਟਰ ’ਤੇ ਆਏ ਪੰਜਾਬ ਸਰਕਾਰ ਦੇ ਅਧਿਕਾਰੀ ਇਸ ਨੂੰ ਇੱਥੇ ਖੜ੍ਹਾ ਕੇ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ’ਤੇ ਚੜ੍ਹ ਕੇ ਗੁਰਦੁਆਰਾ ਗੋਬਿੰਦਧਾਮ ਰਵਾਨਾ ਹੋਏ। ਪੰਜਾਬ ਸਰਕਾਰ ਦੀ ਟੀਮ ਵਿਸ਼ੇਸ਼ ਸਕੱਤਰ ਕਾਹਨ ਸਿੰਘ ਪੰਨੂ ਦੀ ਅਗਵਾਈ ਵਿਚ ਉੱਥੇ ਗਈ ਸੀ ਤੇ ਦਾਅਵਾ ਕੀਤਾ ਸੀ ਕਿ ਟੀਮ ਨੇ 800 ਸਿੱਖ ਸ਼ਰਧਾਲੂ ਸੁਰੱਖਿਅਤ ਥਾਵਾਂ ’ਤੇ ਪਹੁੰਚਾਏ ਹਨ। ਸਰਕਾਰੀ ਬਿਆਨ ਵਿਚ ਕਿਹਾ ਜਾ ਰਿਹਾ ਹੈ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਰਾਹਤ ਕਾਰਜਾਂ ’ਤੇ ਪੂਰੀ ਨਜ਼ਰ ਰੱਖ ਰਹੇ ਹਨ, ਜਦਕਿ ਉਹ ਇਸ ਵੇਲੇ ਵਿਦੇਸ਼ ਦੌਰੇ ’ਤੇ ਹਨ। ਉਧਰ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਕਿਹਾ ਹੈ ਕਿ ਸਿੱਖ ਸ਼ਰਧਾਲੂਆਂ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਉਣ ਬਾਰੇ ਪੰਜਾਬ ਸਰਕਾਰ ਦੇ ਦਾਅਵੇ ਵਿਚ ਕੋਈ ਦਮ ਨਹੀਂ, ਕਿਉਂਕਿ ਪੰਜਾਬ ਤੋਂ ਆਇਆ ਹੈਲੀਕਾਪਟਰ ਤਾਂ ਜੌਲੀਗਰਾਂਟ ਹਵਾਈ ਅੱਡੇ ’ਤੇ ਦੋ ਦਿਨਾਂ ਤੋਂ ਵਿਹਲਾ ਖੜ੍ਹਾ ਹੈ। ਇਹ ਹੈਲੀਕਾਪਟਰ ਸਰਕਾਰ ਨੇ ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢਣ ਲਈ ਕਿਰਾਏ ’ਤੇ ਲਿਆ ਹੈ। ਸ੍ਰੀ ਬਿੰਦਰਾ ਨੇ ਕਿਹਾ ਕਿ ਇਸ ਵੇਲੇ 2800 ਸਿੱਖ ਸ਼ਰਧਾਲੂ ਗੋਬਿੰਦ ਧਾਮ ਵਿਚ ਫਸੇ ਹੋਏ ਹਨ ਤੇ ਪੰਜਾਬ ਦੇ ਹੈਲੀਕਾਪਟਰ ਨੇ ਤਾਂ ਇਕ ਵਾਰ ਵੀ ਗੋਬਿੰਦ ਧਾਮ ਵੱਲ ਉਡਾਨ ਨਹੀਂ ਭਰੀ। ਪੰਜਾਬ ਦੀ ਟੀਮ ਫੌਜ ਦੇ ਹੈਲੀਕਾਪਟਰ ’ਤੇ ਗੋਬਿੰਦ ਧਾਮ ਪੁੱਜੀ। ਉਧਰ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਕਿਹਾ ਕਿ ਉਤਰਾਖੰਡ ਸਰਕਾਰ ਦੀ ਮਦਦ ਲਈ ਹੈਲੀਕਾਪਟਰ ਭੇਜਿਆ ਗਿਆ ਹੈ ਤੇ ਹੁਣ ਉਸ ਤੋਂ ਕੰਮ ਤਾਂ ਉਥੋਂ ਦੀ ਸਰਕਾਰ ਨੇ ਹੀ ਲੈਣਾ ਹੈ।



Archive

RECENT STORIES