Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡਾ ਸਰਕਾਰ ਵਲੋਂ ਕਰੋਨਾ ਵਾਇਰਸ ਦੇ ਪੀੜਤਾਂ ਨੂੰ ਦਿੱਤੀ ਜਾਣ ਵਾਲੀ ਐਮਰਜੈਂਸੀ ਮਦਦ (CERB) ਕੌਣ, ਕਦੋ ਅਤੇ ਕਿਵੇਂ ਲੈ ਸਕੇਗਾ?

Posted on March 30th, 2020


- ਗੁਰਪ੍ਰੀਤ ਸਿੰਘ ਸਹੋਤਾ

1. ਇਹ ਫਾਇਦੇ ਪੇ-ਰੋਲ ਅਤੇ ਸੈਲਫ ਇੰਪਲਾਇਡ ਦੋਵਾਂ ਲਈ ਹਨ, ਜੋ ਕਿ 15 ਮਾਰਚ ਤੋਂ ਗਿਣ ਕੇ ਮਿਲਣਗੇ।

2. ਇਹ ਫਾਇਦੇ ਸਿਰਫ ਉਸ ਕੈਨੇਡਾ ਵਾਸੀ ਨੂੰ ਮਿਲਣਗੇ, ਜਿਸਦੀ ਜੌਬ ਚਲੀ ਗਈ ਹੈ, ਜਾਂ ਸਕੂਲ ਬੰਦ ਹੋਣ ਕਾਰਨ ਘਰ ਬੱਚੇ ਸਾਂਭਣੇ ਪੈ ਰਹੇ ਹਨ, ਜਾਂ ਕਿਸੇ ਬਾਹਰਲੇ ਮੁਲਕੋਂ ਬਾਹਰੋਂ ਆਉਣ ਕਰਕੇ ਅੱਡ ਰਹਿ ਰਹੇ ਹੋ, ਜਾਂ ਕਿਸੇ ਪਰਿਵਾਰਕ ਮੈਂਬਰ ਦੀ ਦੇਖ-ਭਾਲ਼ ਕਰ ਰਹੇ ਹੋ ਜਾਂ ਕੰਮ ‘ਤੇ ਘੰਟੇ ਘੱਟ ਗਏ ਹਨ। ਜਿਹੜੇ ਨੌਰਮਲ ਕੰਮ ‘ਤੇ ਜਾ ਰਹੇ ਹਨ ਜਾਂ ਆਪਣੀ ਮਰਜੀ ਨਾਲ ਘਰ ਬੈਠੇ ਹਨ, ਕੰਮ ਵਾਲੇ ਸੱਦਦੇ ਹਨ, ਉਨ੍ਹਾਂ ਨੂੰ ਕੁਝ ਨਹੀਂ ਮਿਲਣਾ।

3. ਕੈਨੇਡਾ ਵਾਸੀ ਤੋਂ ਭਾਵ ਹਰ ਉਸ ਸ਼ਖਸ ਤੋਂ ਹੈ, ਜੋ ਕੈਨੇਡਾ 'ਚ ਟੈਕਸ ਕਟਵਾ ਰਿਹਾ। ਬੇਸ਼ੱਕ ਉਹ ਪੇ-ਰੋਲ 'ਤੇ ਹੋਵੇ, ਸੈਲਫ ਇੰਪਲਾਇਡ ਹੋਵੇ, ਸਟੂਡੈਂਟ ਵਰਕ ਪਰਮਿਟ 'ਤੇ ਹੋਵੇ, ਆਰਜ਼ੀ ਵਰਕ ਪਰਮਿਟ 'ਤੇ ਹੋਵੇ ਜਾਂ ਕਿਸੇ ਪੱਕੇ ਵਰਕ ਪਰਮਿਟ 'ਤੇ ਹੋਵੇ।

4. ਸਟੂਡੈਂਟ ਜਾਂ ਵਰਕ ਪਰਮਿਟ ਵਾਲਿਆਂ ਸਬੰਧੀ ਬਾਰੇ ਅੱਜ ਪੂਰਾ ਸਪੱਸ਼ਟ ਹੋ ਗਿਆ ਕਿ ਜਿਸ ਕਿਸੇ ਨੇ ਵੀ ਕੈਨੇਡਾ ‘ਚ 2019 ਅੰਦਰ 5000 ਡਾਲਰ ਸਲਾਨਾ ਤੋਂ ਵੱਧ ਦਾ ਕੰਮ ਕਰਕੇ ਉਸ ‘ਤੇ ਟੈਕਸ ਭਰਿਆ ਹੋਇਆ ਹੈ, ਜਿਸਦਾ ਸਬੂਤ ਮਿਲੀ ਹੋਈ ਟੀ-4 ਜਾਂ ਟੀ-4 ਏ ਹੋ ਸਕਦੀ ਹੈ, ਉਹ ਮਦਦ ਲੈ ਸਕਦਾ। ਉਹ ਸਟੂਡੈਂਟ, ਵਰਕ ਪਰਮਿਟ ਵਾਲੇ, ਪੀ. ਆਰ. ਜਾਂ ਸਿਟੀਜ਼ਨ, ਜਿਨ੍ਹਾਂ 2019 'ਚ 500ਡਾਲਰ ਸਾਲ ਦੇ ਨਹੀਂ ਕਮਾਏ, ਉਨ੍ਹਾਂ ਨੂੰ ਕੋਈ ਮਦਦ ਨੀ ਮਿਲਣੀ।

5. ਈ ਆਈ (ਬੇਰੋਜ਼ਗਾਰੀ ਭੱਤਾ) ਵੱਧ ਤੋਂ ਵੱਧ $573 ਡਾਲਰ ਪ੍ਰਤੀ ਹਫ਼ਤਾ ਤੱਕ ਮਿਲ ਸਕੇਗੀ, ਜੇ ਤੁਸੀਂ ਸਾਲ ਦਾ $54,200 ਬਣਾਉਂਦੇ ਹੋ। ਵੱਧ ਬਣਾਉਣ ਵਾਲਿਆਂ ਨੂੰ ਵੱਧ ਨਹੀਂ ਮਿਲਣਗੇ। ਇਸਤੋਂ ਘੱਟ ਬਣਾਉਣ ਵਾਲੇ ਨੂੰ ਆਮਦਨ ਦੇ ਹਿਸਾਬ ਘੱਟ ਮਿਲਣਗੇ। ਗਰੌਸ ਆਮਦਨ ਦੀ 55 ਫੀਸਦੀ ਤੱਕ ਈ ਆਈ ਮਿਲੇਗੀ। ਸਟੂਡੈਂਟ ਅਤੇ ਵਰਕ ਪਰਮਿਟ ਵਾਲੇ ਧਿਆਨ ਰੱਖਣ ਕਿ ਈ ਆਈ ਅਪਲਾਈ ਕਰਨ ਨਾਲ ਤਜ਼ਰਬਾ ਰੁਕ ਸਕਦਾ ਹੈ ਪਰ ਸੀ ਆਈ ਸੀ ਤੇ ਪੀ ਆਰ ਤੇ ਕੋਈ ਇਫੈਕਟ ਨਹੀਂ ਪੈਂਦਾ। (ਬਿਹਤਰ ਹੈ ਕਿ ਆਪਣੇ ਅਕਾਊਂਟੈਂਟ ਜਾਂ ਇਮੀਗਰੇਸ਼ਨ ਸਲਾਹਕਾਰ ਤੋਂ ਇਸਦੀ ਬਾਰੀਕੀ 'ਚ ਜਾਣਕਾਰੀ ਲਈ ਜਾਵੇ)।

6. ਇਹ ਗੱਲ ਸਮਝਣ ਵਾਲੀ ਹੈ ਕਿ ਈ ਆਈ ਅਤੇ Canada Emergency Response Benefit (CERB) ਰਾਹੀਂ ਮਿਲਣ ਵਾਲੇ 2000 ਡਾਲਰ ਪ੍ਰਤੀ ਮਹੀਨਾ, ਦੋਵਾਂ ‘ਚੋਂ ਇੱਕ ਫਾਇਦਾ ਮਿਲੇਗਾ। ਇਹ ਨਹੀਂ ਕਿ ਈ ਆਈ ਵੀ ਮਿਲੇਗੀ ਤੇ 2000 ਡਾਲਰ ਪ੍ਰਤੀ ਮਹੀਨਾ ਵੀ। ਇਸ ਲਈ ਤੁਹਾਨੂੰ ਜਿਹੜੀ ਚੀਜ਼ ‘ਚ ਫਾਇਦਾ ਦਿਸਦਾ, ਉਸ ਲਈ ਅਪਲਾਈ ਕਰਿਓ।

7. ਇਹ ਫਾਇਦੇ ਹਾਸਲ ਕਰਨ ਲਈ ਵੈਬਸਾਈਟ ਇਸ ਹਫ਼ਤੇ ਦੇ ਅੰਤ ਤੱਕ ਕੰਮ ਕਰਨੀਆਂ ਸ਼ੁਰੂ ਕਰ ਸਕਦੀਆਂ ਹਨ ਪਰ ਤੁਸੀਂ ਤੁਰੰਤ ਕੈਨੇਡਾ ਰੈਵੇਨਿਊ ਏਜੰਸੀ ਦੀ ਵੈਬਸਾਈਟ https://www.canada.ca/en/revenue-agency.html 'ਤੇ ਜਾ ਕੇ "ਮਾਈ ਅਕਾਊਂਟ" ਖੋਲ੍ਹ ਲਵੋ। ਇਹ ਤੁਹਾਡਾ ਕੈਨੇਡਾ ਰੈਵੇਨਿਊ ਏਜੰਸੀ ਨਾਲ ਸਿੱਧਾ ਖਾਤਾ ਹੈ, ਜਿਸ ਰਾਹੀਂ ਤੁਸੀਂ ਐਮਰਜੈਂਸੀ ਮਦਦ ਲਈ ਅਪਲਾਈ ਕਰ ਸਕਦੇ ਹੋ।

8. ਜਨਵਰੀ ਤੋਂ ਜੂਨ ਦੇ ਅਖੀਰ ਤੱਕ ਜੰਮਣ ਵਾਲੇ 6 ਅਪ੍ਰੈਲ ਅਤੇ ਉਸਤੋਂ ਬਾਅਦ "ਮਾਈ ਅਕਾਊਂਟ" ਰਾਹੀਂ ਅਪਲਾਈ ਕਰ ਸਕਣਗੇ ਜਦਕਿ ਜੁਲਾਈ ਤੋਂ ਦਸੰਬਰ ਦੇ ਅਖੀਰ ਤੱਕ ਜੰਮਣ ਵਾਲੇ 7 ਅਪ੍ਰੈਲ ਅਤੇ ਉਸਤੋਂ ਬਾਅਦ ਅਪਲਾਈ ਕਰ ਸਕਣਗੇ।

ਦੋ ਟੋਲ ਫਰੀ ਨੰਬਰ ਵੀ ਇਸ ਸੇਵਾ ਲਈ ਹਾਜ਼ਰ ਹੋਣਗੇ, ਪਰ ਫੋਨ 'ਤੇ ਉਡੀਕ ਲੰਮੀ ਰਹੇਗੀ। ਆਨਲਾਈਨ ਅਪਲਾਈ ਕਰਨਾ ਸੌਖਾ ਹੋਵੇਗਾ।

ਫੋਨ ਹਨ: 1-800-959-2019 ਜਾਂ 1-800-959-2041

*************************

ਉਪਰਲੀ ਜਾਣਕਾਰੀ ਸਾਰੇ ਕੈਨੇਡਾ ਵਾਸੀਆਂ ਲਈ ਹੈ, ਹੇਠਲੀ ਜਾਣਕਾਰੀ ਕੇਵਲ ਬੀਸੀ ਵਾਸੀਆਂ ਲਈ:

1. ਜਿਹੜਾ ਵਿਅਕਤੀ ਇਨ੍ਹਾਂ ਫਾਇਦਿਆਂ ਲਈ ਕੁਆਲੀਫਾਈ ਕਰੇਗਾ, ਉਸਨੂੰ ਹੀ ਬੀਸੀ ਸਰਕਾਰ ਵੱਲੋਂ ਮਿਲਣ ਵਾਲਾ ਹਜ਼ਾਰ ਡਾਲਰ (ਸਿਰਫ ਇੱਕ ਵਾਰ) ਮਿਲੇਗਾ। ਬੀਸੀ ਹਾਊਸਿੰਗ ਰਾਹੀ ਬੀਸੀ ਸਰਕਰ ਵਲੋਂ ਐਲਾਨਿਆ 500 ਡਾਲਰ ਮਾਲਕ ਮਕਾਨਾਂ ਨੂੰ ਸਿੱਧਾ ਮਿਲੇਗਾ ਪਰ ਹਾਲੇ ਇਹ ਸਪੱਸ਼ਟ ਨੀ ਕਿ 500 ਡਾਲਰ ਇੱਕ ਯੂਨਿਟ ਦਾ ਮਿਲਣਾ ਜਾਂ ਇੱਕ ਪਰਿਵਾਰ ਨੂੰ। ਕਈ ਥਾਈਂ 2-3 ਪਰਿਵਾਰ ਵੱਡਾ ਘਰ ਲੈ ਕੇ ਰਹੇ ਹਨ, ਇਸ ਬਾਰੇ ਅਜੇ ਸਪੱਸ਼ਟ ਨਹੀਂ।

2. ਅਪਲਾਈ ਕਰਨ ਵੇਲੇ ਮਕਾਨ ਮਾਲਕ ਦੇਖ ਲੈਣ ਕਿ ਤੁਹਾਡੇ ਘਰ 'ਚ ਲੀਗਲ ਬੇਸਮੈਂਟਾਂ ਕਿੰਨੀਆਂ ਹਨ। ਗੈਰ-ਕਨੂੰਨੀ ਬੇਸਮੈਂਟਾਂ ਦਾ ਕਿਰਾਇਆ ਲੈਂਦੇ ਕਿਤੇ ਆਪੇ ਨਾ ਫੜ ਹੋ ਜਾਇਓ।

3. ਕਈ ਕਿਰਾਏਦਾਰਾਂ ਨੂੰ ਲਗਦਾ ਕਿ ਹੁਣ ਕਿਰਾਇਆ ਨਹੀਂ ਦੇਣਾ ਪੈਣਾ, ਇਹ ਗਲਤ ਹੈ। ਕਿਰਾਇਆ ਸਭ ਨੂੰ ਦੇਣਾ ਪੈਣਾ, ਮਦਦ ਲਈ ਅਪਲਾਈ ਕਰੋ ਤੇ ਉਸ ਪੈਸੇ ‘ਚੋਂ ਕਿਰਾਇਆ ਦੇਵੋ। ਸਰਕਾਰ ਮਦਦ ਇਸ ਲਈ ਹੀ ਦੇ ਰਹੀ ਹੈ ਤਾਂ ਕਿ ਸਭ ਕਿਰਾਇਆ ਦੇ ਸਕਣ ਅਤੇ ਗਰੋਸਰੀ ਖਰੀਦ ਸਕਣ।

4. ਇਹ ਗੱਲ ਹੈ ਕਿ ਮਕਾਨ ਮਾਲਕ ਨਾ ਹੁਣ ਕਿਰਾਇਆ ਵਧਾ ਸਕਦਾ ਹੈ ਤੇ ਨਾ ਹੀ ਹਾਲਾਤ ਸੁਧਰਨ ਤੱਕ ਮੂਵ ਹੋਣ ਲਈ ਕਹਿ ਸਕਦਾ ਹੈ। ਪਰ ਇਹ ਹੋ ਸਕਦਾ ਕਿ ਕਿਰਾਇਆ ਨਾ ਦੇਣ ਦੀ ਸੂਰਤ 'ਚ ਮਾਲਕ ਮਕਾਨ ਸਮਾਲ ਕਲੇਮ ਕੋਰਟ ‘ਚ ਚਲਾ ਜਾਵੇ। ਬਿਹਤਰ ਇਹੀ ਹੈ ਕਿ ਆਪਸੀ ਪਿਆਰ-ਸਤਿਕਾਰ ਨਾਲ, ਮੌਕੇ ਦੇ ਹਾਲਾਤ ਸਮਝ ਕੇ ਝਗੜੇ ਤੋਂ ਪਰਹੇਜ਼ ਕਰੋ, ਇੱਕ ਦੂਜੇ ਦੀ ਮੁਸ਼ਕਿਲ ਸਮਝੋ।

- ਗੁਰਪ੍ਰੀਤ ਸਿੰਘ ਸਹੋਤਾ

ਜ਼ਰੂਰੀ ਨੋਟ: ਹਰ ਰੋਜ਼ ਨਵੀਂ ਜਾਣਕਾਰੀ ਆ ਰਹੀ ਹੈ, ਜੇ ਇਸ ਜਾਣਕਾਰੀ ਵਿੱਚ ਕੋਈ ਅੱਪਡੇਟ ਹੋਈ ਤਾਂ ਜਾਣੂੰ ਕਰਵਾਇਆ ਜਾਵੇਗਾ।

*** ਨਾਮ ਕੱਟ ਕੇ ਇਹ ਪੋਸਟ ਪਾਉਣ ਵਾਲੇ ਦੀ ਫੇਸਬੁੱਕ ਆਈ. ਡੀ. ਹੈਕ ਹੋ ਜਵੇ, ਪੇਜ ਹੀ ਉਡ ਜਵੇ।***



Archive

RECENT STORIES