Posted on April 12th, 2020

ਸੇਵਾ ਵਿਖੇ,
ਨਰਕ-ਨਿਵਾਸੀ ਮੱਸਾ ਰੰਘੜ ਜੀ
ਗਲੀ: ਭੂਤਾਂ ਵਾਲੀ, ਸਵਰਗਾਂ ਦੇ ਪਿੱਛੇ
ਧਰਮ ਰਾਜ ਹੈਡਕੁਆਰਟਰ (ਉਪਰ) ਪਿਨ ਕੋਡ 911911911
ਵਿਸ਼ਾ: ਤੁਹਾਡੇ ਕਤਲ ਦੀ ਮਾਫੀ
ਸ੍ਰੀਮਾਨ ਜੀ,
ਅਸੀਂ 2020 ਦੇ 5 ਸਿੱਖ ਲੱਕੀ, ਬੌਬ, ਗੈਰੀ, ਸੈਂਡੀ ਅਤੇ ਜੈਗ ਕੋਵਿਡ 19 ਦੇ ਚਲਦਿਆਂ ਖਾਲਸੇ ਦੇ ਸਿਰਜਣਾ ਦਿਵਸ ਮੌਕੇ ਆਤਮ ਚਿੰਤਨ ਕਰ ਰਹੇ ਸਾਂ ਕਿ ਅਸੀਂ ਹੁਣ ਵਿਗਿਅਨੀ ਅਤੇ ਨਵੀਨ ਉੱਚ-ਸੋਚ ਵਾਲੇ ਤਾਂ ਹਾਂ ਹੀ, ਕਿਉਂ ਨਾ ਬੀਤੇ ‘ਚ ਸਾਡੇ ਬਜੁਰਗਾਂ ਵਲੋਂ ਕੀਤੀਆਂ ਗਲਤੀਆਂ ਨੂੰ ਸੁਧਾਰ ਕੇ ਆਪਣਾ ਜੀਵਨ ਸਫਲਾ ਕਰ ਲਈਏ।
ਅਸੀਂ ਤਰਕ ਦੀ ਸਾਣ ‘ਤੇ ਆਪਣੀ ਬੁੱਧੀ ਘਸਾ ਕੇ ਸੋਚਿਆ ਕਿ ਤੁਸੀਂ ਦਰਬਾਰ ਸਾਹਿਬ ‘ਚ ਕੰਜਰੀ ਨਚਾ ਕੇ ਕੁਝ ਵੀ ਗਲਤ ਨਹੀਂ ਸੀ ਕਰ ਰਹੇ। ਇੱਕ ਇਮਾਰਤ ‘ਚ ਕੀਰਤਨ ਰੂਪੀ ਸੰਗੀਤ ਚੱਲੇ ਜਾਂ ਕੰਜਰੀ ਦੇ ਮੁਜਰੇ ਦਾ ਸੰਗੀਤ, ਹੈ ਤਾਂ ਸੰਗੀਤ ਹੀ ਨਾ। ਪਤਾ ਨੀ ਓਸ ਵੇਲੇ ਦੇ ਰੂੜੀਵਾਦੀ ਸਿੱਖਾਂ ਨੂੰ ਇਸ ਵਿੱਚ ਕੀ ਗਲਤ ਲੱਗਾ? ਉਹੀ ਵਾਜਾ ਸੀ, ਉਹੀ ਤਬਲਾ ਸੀ, ਓਨੇ ਕੁ ਬੰਦੇ ਅੰਦਰ ਹੁੰਦੇ ਸਨ। ਤਰਕ ਅਤੇ ਦਲੀਲ ਮੁਤਾਬਕ ਤੁਸੀਂ ਕੁਝ ਵੀ ਗਲਤ ਨਹੀਂ ਸੀ ਕਰ ਰਹੇ।
ਅਸੀਂ ਮਾਮਲੇ ਦੀ ਤੈਅ ਤੱਕ ਪੁੱਜ ਕੇ ਹਿਸਾਬ ਲਾਇਆ ਬਈ ਜ਼ਰੂਰ ਤੁਹਾਡਾ ਸੁੱਖਾ ਸਿੰਘ ਜਾਂ ਮਹਿਤਾਬ ਸਿੰਘ ਨਾਲ ਕੋਈ ਨਿੱਜੀ ਝਗੜਾ ਹੋਣਾ ਜਾਂ ਫਿਰ ਬਾਹਰਲੇ ਮੁਲਕਾਂ ‘ਚ ਬੈਠੇ ਸਿੱਖਾਂ ਨੇ ਉਨ੍ਹਾਂ ਨੂੰ ਭੜਕਾਇਆ ਹੋਣਾ। ਹੋ ਸਕਦਾ ਫੰਡਿੰਗ ਵੀ ਕੀਤੀ ਹੋਵੇ।
ਡੂੰਘੀ ਵਿਚਾਰ ਤੋਂ ਬਾਅਦ ਅਸੀਂ ਇਸ ਸਿੱਟੇ ‘ਤੇ ਪੁੱਜੇ ਹਾਂ ਕਿ ਸੁੱਖਾ ਸਿੰਘ ਜਾਂ ਮਹਿਤਾਬ ਸਿੰਘ ਤੁਹਾਡੇ ਨਾਲ ਬਹਿ ਕੇ ਵੀ ਗੱਲ ਕਰ ਸਕਦੇ ਸਨ। ਨਾਲੇ ਤੁਸੀਂ ਕਿਹੜਾ ਕੁਝ ਗਲਤ ਜਾਂ ਆਪਣੇ ਕੋਲੋਂ ਕਰ ਰਹੇ ਸੀ, ਤੁਸੀਂ ਤਾਂ ਸਰਕਾਰ ਦੇ ਤਨਖਾਹਦਾਰ ਮੁਲਾਜ਼ਮ ਹੋਣ ਕਾਰਨ ਆਪਣੀ ਡਿਊਟੀ ਹੀ ਨਿਭਾ ਰਹੇ ਸੀ। ਜੇ ਅੱਜ ਦੇ ਸਮੇਂ ਅਜਿਹਾ ਹੁੰਦਾ ਤਾਂ ਦੋਵਾਂ ਸਿੱਖਾਂ ‘ਤੇ ਤਾਜ਼ੀਰਾਤ-ਏ-ਹਿੰਦ ਦੀ ਕੋਈ ਦਫਾ ਲਾ ਕੇ ਤੁਹਾਡੀ ਡਿਊਟੀ ‘ਚ ਵਿਘਨ ਪਾਉਣ ਦਾ ਕੇਸ ਬਣਦਾ ਸੀ ਜੀ। ਕਰਫਿਊ ਦੀ ਉਲੰਘਣਾ ਕਰਕੇ ਰਾਜਸਥਾਨ ਤੋਂ ਅੰਮ੍ਰਤਸਰ ਆਉਣ ਦਾ ਕੇਸ ਅੱਡ ਪੈਣਾ ਸੀ।
ਅਸੀਂ ਤੁਹਾਡੇ ਅਣਮਨੁੱਖੀ ਕਤਲ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦੇ ਹਾਂ ਅਤੇ ਸਾਨੂੰ ਇਸ ਗੱਲ ਦਾ ਵੀ ਅਫਸੋਸ ਹੈ ਕਿ ਉਸ ਸਮੇਂ ਕੋਈ ਵੀ ਸਿੱਖ ਏਨਾ ਅੱਪਗਰੇਡ ਨਹੀਂ ਸੀ, ਜੋ ਇਸ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਉਲਟ ਸੁੱਖਾ ਸਿੰਘ, ਮਹਿਤਾਬ ਸਿੰਘ ਸਮੇਤ ਪੂਰੇ ਜਥੇ ਨੂੰ ਬਹਿਸ ਕਰਨ ਲਈ ਚੈਲੰਜ ਕਰਦਾ।
ਤੁਸੀਂ ਅੱਜ ਜਿਓਂਦੇ ਹੁੰਦੇ ਤਾਂ ਦੇਖਦੇ ਕਿ ਅਸੀਂ ਕਿਸ ਤਰਾਂ ਹੁਣ ਸਮੇਂ ਦੀਆਂ ਸਰਕਾਰਾਂ ਨਾਲ ਸਮਝੌਤੇ ਕਰਕੇ ਜਿਓਣਾ ਅਤੇ ਨਜ਼ਾਰੇ ਲੈਣੇ ਸਿੱਖ ਲਏ ਹਨ। “ਹੂ ਕੇਅਰਜ਼” ਬਹੁਤ ਸੌਖਾ ਸ਼ਬਦ ਹੈ, ਜਿਸ ਨਾਲ ਤੁਸੀਂ ਆਪਣੇ ਲੋਕਾਂ ‘ਤੇ ਹੋਏ ਸਰਕਾਰੀ ਜੁਲਮਾਂ ਨੂੰ ਮਾਤ ਪਾ ਕੇ ਉਲਟਾ ਸਰਕਾਰ ਪੱਖੀ ਗੱਲ ਬੜੀ ਠੋਕ ਕੇ ਕਰ ਸਕਦੇ ਹੋ।
ਅਸਲ ਵਿੱਚ ਤੁਹਾਡੀ ਵੀ ਗਲਤੀ ਹੈ, ਤੁਸੀਂ ਸਾਡੇ ਨਾਲ ਲੜਦੇ ਰਹੇ ਪਰ ਸਾਡੀ ਪੜ੍ਹਾਈ ਦਾ ਸਿਸਟਮ ਨੀ ਬਦਲਿਆ। ਜੇ ਕਿਤੇ ਤੁਸੀਂ ਸਾਡੀ ਸਿੱਖਿਆ ਨੂੰ ਆਪਣੀ ਸਿੱਖਿਆ ਪ੍ਰਣਾਲੀ ‘ਚ ਬਦਲ ਦਿੰਦੇ ਤਾਂ ਅਸੀਂ ਉਦੋਂ ਹੀ ਸਟੇਟ ਦੀ ਬੋਲੀ ਬੋਲਣ ਅਤੇ ਸਟੇਟ ਵਲੋਂ ਦਿੱਤੇ ਨਜ਼ਰੀਏ ਨੂੰ ਅੱਗੇ ਵਧਣ ਲਈ ਕੰਮ ਕਰਨਾ ਸ਼ੁਰੂ ਕਰ ਦੇਣਾ ਸੀ। ਤੁਹਾਨੂੰ ਇਹ ਗਲਤੀ ਕਬੂਲ ਕਰਨੀ ਹੀ ਪਵੇਗੀ।
ਖੈਰ ! ਹੁਣ ਸਮਾਂ ਵਾਪਸ ਨਹੀਂ ਨਾ ਲਿਆਂਦਾ ਜਾ ਸਕਦਾ। ਸਾਡੀ 2020 ਦੇ ਅੱਪਗਰੇਡ ਸਿੱਖਾਂ ਦੀ ਬੇਨਤੀ ਕਬੂਲ ਕਰਕੇ ਸਾਡਾ ਮਾਫੀਨਾਮਾ ਕਬੂਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਭਵਿੱਖ ‘ਚ ਤੁਹਾਡੇ ਵਰਗੀ ਕਿਸੇ ਵੀ ਨੇਕ ਰੂਹ ਨੂੰ ਤਕਲੀਫ ਨਹੀਂ ਦਿਆਂਗੇ, ਉਲਟਾ ਤੁਹਾਡੇ ਵਰਗੇ ਸਰਕਾਰੀ ਅਫਸਰਾਂ ਦੇ ਸੋਹਲੇ ਗਾ ਕੇ ਆਪਣੇ ਧੂਤਿਆਂ ਨੂੰ ਭੰਡਣ ‘ਚ ਮੋਹਰੀ ਭੂਮਿਕਾ ਨਿਭਾਵਾਂਗੇ।
ਹੋ ਸਕਦਾ ਸਾਡਾ ਮਾਫੀਨਾਮਾ ਪੜ੍ਹ ਕੇ ਰੱਬ ਦਾ ਨਜ਼ਰੀਆ ਵੀ ਬਦਲ ਜਾਵੇ ਤੇ ਉਹ ਨਰਕਾਂ ‘ਚੋਂ ਤੁਹਾਨੂੰ ਜੰਨਤ ਵੱਲ ਸ਼ਿਫਟ ਕਰ ਦੇਵੇ।
ਤੁਹਾਡੇ ਹਿਤੂ,
ਲੱਕੀ, ਬੌਬ, ਗੈਰੀ, ਸੈਂਡੀ ਅਤੇ ਜੈਗ
cc: ਰੱਬ ਜੀ, ਧਰਮ ਰਾਜ ਜੀ, ਫੇਸਬੁੁੱਕ
* ਵਿਅੰਗ- ਗੁਰਪ੍ਰੀਤ ਸਿੰਘ ਸਹੋਤਾ

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026