Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਉੱਤਰਾਖੰਡ 'ਚ 40 ਹਜ਼ਾਰ ਨੂੰ ਬਚਾਉਣ ਦੀ ਚੁਣੌਤੀ - ਮੌਸਮ ਫਿਰ ਵਿਗੜਨ ਦੇ ਸੰਕੇਤ

Posted on June 22nd, 2013

ਦੇਹਰਾਦੂਨ : ਉੱਤਰਾਖੰਡ 'ਚ ਮੌਸਮ ਫਿਰ ਵਿਗੜਨ ਦੇ ਸੰਕੇਤ ਦੇ ਰਿਹਾ ਹੈ। ਸ਼ਨਿਚਰਵਾਰ ਸਵੇਰੇ ਦੇਹਰਾਦੂਨ 'ਚ ਕੁਝ ਦੇਰ ਲਈ ਬਾਰਸ਼ ਵੀ ਹੋਈ ਤੇ ਹੋਰ ਇਲਾਕਿਆਂ 'ਚ ਬੱਦਲ ਵੀ ਛਾਏ ਰਹੇ। ਪਰ ਮੌਸਮ ਵਿਭਾਗ ਦਾ ਤਾਜ਼ਾ ਅਨੁਮਾਨ ਮੰਗਲਵਾਰ (25 ਜੂਨ) ਤੱਕ ਦੀ ਰਾਹਤ ਦੇ ਰਿਹਾ ਹੈ। ਵਿਭਾਗ ਦੇ ਨਿਰਦੇਸ਼ਕ ਡਾ. ਆਨੰਦ ਸ਼ਰਮਾ ਮੁਤਾਬਕ ਮੰਗਲਵਾਰ ਤੋਂ ਬਾਰਸ਼ ਸ਼ੁਰੂ ਹੋ ਸਕਦੀ ਹੈ। 

ਪ੍ਰਸ਼ਾਸਨਿਕ ਅਵਿਵਸਥਾ ਵਿਚਕਾਰ ਫ਼ੌਜ ਦੀ ਅਗਵਾਈ 'ਚ ਚਲ ਰਹੇ ਰਾਹਤ ਤੇ ਬਚਾਅ ਕਾਰਜਾਂ 'ਚ ਸ਼ਨਿਚਰਵਾਰ ਨੂੰ ਵੀ ਲਗਪਗ 20 ਹਜ਼ਾਰ ਲੋਕ ਕੱਢੇ ਗਏ ਪਰ 40 ਹਜ਼ਾਰ ਹਾਲੇ ਵੀ ਉਥੇ ਹੀ ਫਸੇ ਹੋਏ ਹਨ। ਜੇਕਰ ਮੌਸਮ ਵਿਗੜਿਆ ਤਾਂ ਉਨ੍ਹਾਂ ਲਈ ਮੁਸ਼ਕਲ ਖੜ੍ਹੀ ਹੋਣੀ ਤੈਅ ਹੈ। ਮੌਸਮ ਵਿਭਾਗ ਨੇ ਸੋਮਵਾਰ ਸ਼ਾਮ ਤੋਂ ਬਾਅਦ ਕਿਸੇ ਸਮੇਂ ਉੱਤਰਾਖੰਡ 'ਚ ਫਿਰ ਤੋਂ ਬਾਰਸ਼ ਸ਼ੁਰੂ ਹੋਣ ਦਾ ਸ਼ੱਕ ਪ੍ਰਗਟਾਇਆ ਹੈ। ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦਾ ਦਾਅਵਾ ਹੈ ਕਿ ਰਾਹਤ ਕਾਰਜ ਜੰਗੀ ਪੱਧਰ 'ਤੇ ਚਲ ਰਿਹਾ ਹੈ। ਪਰ ਇਹ ਵੀ ਸਹੀ ਹੈ ਕਿ ਇਹ ਤੇਜ਼ੀ ਵੀਰਵਾਰ ਨੂੰ ਉਦੋਂ ਆਈ ਜਦੋਂ ਬੁੱਧਵਾਰ ਨੂੰ ਮੌਸਮ ਵਿਭਾਗ ਨੇ 24-25 ਜੂਨ ਨੂੰ ਮੌਸਮ ਵਿਗੜਨ ਦਾ ਸ਼ੱਕ ਪ੍ਰਗਟ ਕਰ ਦਿੱਤਾ। ਇਸ ਤੋਂ ਬਾਅਦ ਦੇਹਰਾਦੂਨ 'ਚ ਬਣੇ ਰਾਹਤ ਕੇਂਦਰ ਨੂੰ ਗੌਚਰ ਵਿਖੇ ਟਰਾਂਸਫਰ ਕੀਤਾ ਗਿਆ, ਜੋ ਪ੍ਰਭਾਵਤ ਇਲਾਕਿਆਂ ਤੋਂ ਦੇਹਰਾਦੂਨ ਦੀ ਤੁਲਨਾ 'ਚ ਅੱਧੀ ਦੂਰੀ 'ਤੇ ਹੈ। ਇਸ ਕਾਰਨ ਜੋ ਹੈਲੀਕਾਪਟਰ ਤਿੰਨ ਘੰਟੇ 'ਚ ਇਕ ਚੱਕਰ ਲਗਾ ਰਿਹਾ ਸੀ, ਉਸ ਦਾ ਚੱਕਰ ਸਿਰਫ਼ ਦੋ ਘੰਟੇ 'ਚ ਲੱਗਣ ਲੱਗਾ। ਇਸ ਨਾਲ ਜ਼ਿਆਦਾ ਲੋਕਾਂ ਨੂੰ ਕੱਿਢਆ ਜਾ ਸਕਿਆ, ਨਾਲ ਹੀ ਸਮੇਂ ਤੇ ਈਂਧਣ ਦੀ ਵੀ ਬਚਤ ਹੋਈ। 

ਸੂਬੇ ਦੀ ਪ੍ਰਸ਼ਾਸਨਿਕ ਮਸ਼ੀਨਰੀ ਦੀ ਨਾਕਾਮੀ ਕਾਰਨ ਹੀ ਕੇਂਦਰ ਸਰਕਾਰ ਨੂੰ ਉਥੇ ਸਾਬਕਾ ਕੇਂਦਰੀ ਗ੍ਰਹਿ ਸਕੱਤਰ ਵੀ ਕੇ ਦੁੱਗਲ ਦੀ ਨਿਯੁਕਤੀ ਕਰਨੀ ਪਈ। ਗ੍ਰਹਿ ਮੰਤਰੀ ਸ਼ਿੰਦੇ ਨੇ ਵੀ ਸਰਕਾਰੀ ਏਜੰਸੀਆਂ ਵਿਚਕਾਰ ਬਿਹਤਰ ਤਾਲਮੇਲ ਦੀ ਕਮੀ ਨੂੰ ਸਵੀਕਾਰ ਕੀਤਾ ਹੈ। ਜਦਕਿ ਫ਼ੌਜ ਦੀ ਉੱਤਰੀ ਕਮਾਂਡ ਦੇ ਕਮਾਂਡਿੰਗ ਅਫਸਰ ਲੈਫਟੀਨੈਂਟ ਜਨਰਲ ਅਨਿਲ ਚੈਤ ਨੇ ਵੱਡੇ ਆਕਾਰ ਦੇ ਹੈਲੀਕਾਪਟਰਾਂ ਦੀ ਲੋੜ ਦੱਸਦਿਆਂ ਪੂਰੇ ਰਾਹਤ ਕਾਰਜ ਫ਼ੌਜ ਦੇ ਹੱਥ ਦਿੱਤੇ ਜਾਣ ਦੀ ਜ਼ਰੂਰਤ ਪ੍ਰਗਟ ਕੀਤੀ ਹੈ। ਇਸ ਸਭ ਦੇ ਵਿਚਕਾਰ 73 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਕੱਢੇ ਜਾਣ ਦੀ ਖ਼ਬਰ ਹੈ ਪਰ ਹਾਲੇ ਬਦਰੀਨਾਥ 'ਚ ਲਗਪਗ ਦਸ ਹਜ਼ਾਰ ਲੋਕ ਫਸੇ ਹੋਏ ਹਨ।




Archive

RECENT STORIES