Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮਰਨ ਵਾਲਿਆਂ ਦੀ ਗਿਣਤੀ 1000 ’ਤੇ ਜਾ ਪਹੁੰਚੀ - ਹੁਣ ਭੁੱਖ ਨਾਲ ਮਰ ਰਹੇ ਨੇ ਸ਼ਰਧਾਲੂ

Posted on June 22nd, 2013

ਦੇਹਰਾਦੂਨ- ਉੱਤਰਾਖੰਡ ਵਿਚ ਆਏ ਅਚਨਚੇਤੀ ਹੜ੍ਹਾਂ ਅਤੇ ਕੁਦਰਤੀ ਕਰੋਪੀ ਦੀਆਂ ਹੋਰ ਘਟਨਾਵਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 1000 ’ਤੇ ਜਾ ਪਹੁੰਚੀ ਹੈ। ਇਹ ਤੱਥ ਮੁੱਖ ਮੰਤਰੀ ਵਿਜੈ ਬਹੁਗੁਣਾ ਨੇ ਕਬੂਲਿਆ। ਉਨ੍ਹਾਂ ਕਿਹਾ ਕਿ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ। ਪਹਿਲਾਂ ਦਿਨ ਵੇਲੇ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਇਥੇ ਰਾਹਤ ਕਾਰਜਾਂ ਦੀ ਸਮੀਖਿਆ ਕਰਦਿਆਂ 557 ਮੌਤਾਂ ਦੀ ਪੁਸ਼ਟੀ ਕੀਤੀ ਸੀ ਅਤੇ ਕਿਹਾ ਸੀ ਕਿ 30 ਹਜ਼ਾਰ ਤੋਂ ਵੱਧ ਸ਼ਰਧਾਲੂ ਅਜੇ ਵੀ ਵੱਖ-ਵੱਖ ਥਾਵਾਂ ’ਤੇ ਫਸੇ ਹੋਏ ਹਨ। ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਫੌਜ ਸਮੇਤ ਸਾਰੀਆਂ ਸਰਕਾਰੀ ਏਜੰਸੀਆਂ ਨੂੰ ਰਾਹਤ ਕਾਰਜ ਪੂਰੇ ਕਰਨ ਲਈ ਤਿੰਨ ਦਿਨਾਂ ਦਾ ਸਮਾਂ ਦਿੱਤਾ ਹੈ। ਉਨ੍ਹਾਂ ਇਹ ਵੀ ਮੰਨਿਆ ਸੀ ਕਿ ਬਚਾਅ ਕਾਰਜਾਂ ਵਿਚ ਤਾਲਮੇਲ ਦੀ ਘਾਟ ਨੇ ਮੁੱਢ ਵਿਚ ਕਈ ਅੜਿੱਕੇ ਪੈਦਾ ਕੀਤੇ।

ਮੁੱਖ ਮੰਤਰੀ ਬਹੁਗੁਣਾ ਨੇ ਕੇਂਦਰੀ ਗ੍ਰਹਿ ਮੰਤਰੀ ਦੇ ਕਥਨਾਂ ਬਾਰੇ ਟਿੱਪਣੀ ਕਰਦਿਆਂ ਦੱਸਿਆ ਕਿ ਬਚਾਅ ਟੋਲੀਆਂ ਨੂੰ ਵੱਖ-ਵੱਖ ਥਾਵਾਂ ਤੋਂ ਲਾਸ਼ਾਂ ਮਿਲਣ ਕਾਰਨ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।

ਇਸ ਦੌਰਾਨ 1000 ਦੇ ਕਰੀਬ ਅਜਿਹੇ ਲੋਕ ਦੇਖੇ ਗਏ ਹਨ, ਜਿਹੜੇ ਖ਼ਤਰਨਾਕ ਖੱਡਾਂ ਤੇ ਪਹਾੜੀ ਖੰਦਕਾਂ ਵਿੱਚ ਫ਼ਸੇ ਹੋਏ ਹਨ, ਜਿਨ੍ਹਾਂ ਨੂੰ ਪਹਿਲਾਂ ਕੱਢਣ ਲਈ ਤਰਜੀਹ ਦਿੱਤੀ ਜਾ ਰਹੀ ਸੀ। ਉਂਜ, ਮੁੜ ਤੋਂ ਮੌਸਮ ਖ਼ਰਾਬ ਹੋਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਲੋਕਾਂ ਤੇ ਰਾਹਤ ਕਰਮੀਆਂ ਵਿੱਚ ਘਬਰਾਹਟ ਪਾਈ ਜਾ ਰਹੀ ਹੈ।

ਅਧਿਕਾਰੀਆਂ ਮੁਤਾਬਕ ਕੇਦਾਰਨਾਥ ਅਤੇ ਗੌਰੀਕੁੰਡ ਇਲਾਕੇ ਵਿੱਚ ਅਜਿਹੇ 1000 ਦੇ ਕਰੀਬ ਲੋਕਾਂ ਦਾ ਪਤਾ ਲਾਇਆ ਗਿਆ ਹੈ, ਜੋ ਵੱਖ-ਵੱਖ ਥਾਈਂ ਪਹਾੜੀ ਖੱਡਾਂ ਅਤੇ ਖੰਦਕਾਂ ਵਿੱਚ ਖ਼ਤਰਨਾਕ ਹਾਲਾਤ ਵਿੱਚ ਫ਼ਸੇ ਹੋਏ ਹਨ। ਇਨ੍ਹਾਂ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹੁਣ ਭੁੱਖ ਨਾਲ ਮਰ ਰਹੇ ਨੇ ਸ਼ਰਧਾਲੂ

ਸੋਨਪ੍ਰਯਾਗ (ਉੱਤਰਾਖੰਡ)- ਕੁਦਰਤ ਦੀ ਕਰੋਪੀ ਤੋਂ ਜ਼ਿੰਦਾ ਬਚੇ ਵੱਡੀ ਗਿਣਤੀ ਲੋਕ ਕੋਈ ਰਾਹਤ ਨਾ ਪੁੱਜਣ ਕਾਰਨ ਭੁੱਖ ਨਾਲ ਮਰਨ ਲਈ ਮਜਬੂਰ ਹੋ ਰਹੇ ਦੱਸੇ ਜਾਂਦੇ ਹਨ। ਅਨੇਕਾਂ ਸ਼ਰਧਾਲੂ ਪਹਿਲਾਂ ਹੀ ਭੁੱਖੇ-ਤਿਹਾਏ ਦਮ ਤੋੜ ਚੁੱਕੇ ਹਨ ਅਤੇ ਅਨੇਕਾਂ ਹੋਰ ਗੌਰੀਕੁੰਡ, ਭੈਰਵਛਟੀ, ਜੰਗਲਛਟੀ ਅਤੇ ਗਰੂਰਛਟੀ ਦੇ ਜੰਗਲਾਂ ਵਿੱਚ ਆਪਣੇ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਲੱਭਣ ਲਈ ਭਟਕ ਰਹੇ ਹਨ। ਇਹ ਜਾਣਕਾਰੀ ਕੇਦਾਰਨਾਥ ਤੋਂ ਤੁਰ ਕੇ ਕਿਸੇ ਤਰ੍ਹਾਂ ਇੱਥੇ ਅੱਪੜੇ ਹੜ੍ਹ ਪੀੜਤਾਂ ਨੇ ਦਿੱਤੀ ਹੈ। ਸੋਨਪ੍ਰਯਾਗ ਕਸਬਾ ਵੀ ਬੁਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ। ਕਰੀਬ 100 ਮੀਟਰ ਡੂੰਘੀ ਵਗਣ ਵਾਲੀ ਮੰਦਾਕਿਨੀ ਨਦੀ ਰੇਤ ਅਤੇ ਪੱਥਰਾਂ ਨਾਲ ਭਰ ਚੁੱਕੀ ਹੈ। ਦਰਜਨ ਤੋਂ ਵੱਧ ਹੋਟਲਾਂ ਤੇ ਦੁਕਾਨਾਂ ਵਿੱਚ ਮਣਾਂ-ਮੂੰਹੀਂ ਗਾਰ ਭਰੀ ਹੋਈ ਹੈ।



Archive

RECENT STORIES