Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਉੱਤਰਾਖੰਡ ਤਰਾਸਦੀ 'ਚੋਂ ਬਚੇ ਨੌਜਵਾਨ ਦੀ ਹੱਡਬੀਤੀ

Posted on June 22nd, 2013

<p></p><h2>ਰਵਿੰਦਰ ਸਿੰਘ ਬੱਬੂ ਆਪਣੀ ਦਾਸਤਾਨ ਸੁਣਾਉਂਦਾ ਹੋਇਆ <br></h2>

ਖੰਨਾ- ਉੱਤਰਾਖੰਡ ਵਿਚ ਪਿਛਲੇ ਹਫ਼ਤੇ ਹੋਈ ਭਾਰੀ ਤਬਾਹੀ ਵਿਚ ਜਿੱਥੇ ਹਜ਼ਾਰਾਂ ਜਾਨਾਂ ਚਲੀਆਂ ਗਈਆਂ ਹਨ, ਉੱਥੇ ਕਈ ਅਜਿਹੇ ਖ਼ੁਸ਼ਕਿਸਮਤ ਲੋਕ ਹਨ, ਜੋ ਇਸ ਭਿਆਨਕ ਤਬਾਹੀ ਨਾਲ ਜੂਝਦੇ ਹੋਏ ਬਚਦੇ-ਬਚਾਉਂਦੇ ਆਪਣੇ ਘਰਾਂ ਨੂੰ ਪਰਤ ਰਹੇ ਹਨ। ਇਨ੍ਹਾਂ ’ਚੋਂ ਹੀ ਇਕ ਗੁਰਸਿੱਖ ਨੌਜਵਾਨ ਰਵਿੰਦਰ ਸਿੰਘ ਬੱਬੂ ਵਾਸੀ ਕ੍ਰਿਸ਼ਨਾ ਨਗਰ ਖੰਨਾ ਹੈ, ਜੋ ਮੌਤ ਦੇ ਮੂੰਹ ਵਿਚੋਂ ਬਚ ਕੇ ਘਰ ਪਰਤਿਆ ਹੈ। ਬੱਬੂ ਨੇ ਦੱਸਿਆ ਕਿ ਉਹ 12 ਜੂਨ ਨੂੰ ਖੰਨੇ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਿਆ ਅਤੇ 16 ਜੂਨ ਨੂੰ ਜਦੋਂ ਉਹ ਸ੍ਰੀ ਹੇਮਕੁੰਟ ਸਾਹਿਬ ਪੁੱਜਿਆ ਤਾਂ ਉਸੇ ਦਿਨ ਬਾਰਸ਼ ਆਰੰਭ ਹੋ ਗਈ। ਉਹ ਆਪਣੇ 9 ਹੋਰ ਸਾਥੀਆਂ, ਜਿਨ੍ਹਾਂ ਪੰਜ ਮੈਂਬਰ ਦਿੱਲੀ ਤੋਂ, ਤਿੰਨ ਅੰਮ੍ਰਿਤਸਰ ਤੋਂ ਅਤੇ ਇਕ ਮੈਂਬਰ ਲੁਧਿਆਣੇ ਤੋਂ ਸੀ, ਨਾਲ ਹੇਮਕੁੰਟ ਤੋਂ ਵਾਪਸ ਪਰਤ ਰਹੇ ਸਨ ਅਤੇ ਅਜੇ ਉਹ ਸ਼ਾਮ ਸਮੇਂ ਗੋਬਿੰਦਧਾਮ ਨੇੜੇ ਹੀ ਪੁੱਜੇ ਸਨ ਕਿ ਭਾਰੀ ਬਾਰਸ਼ ਨੇ ਸਭ ਕੁਝ ਤਬਾਹ ਕਰ ਦਿੱਤਾ, ਜਿੱਥੇ ਗੁਰਦੁਆਰੇ ਦਾ ਕਾਫ਼ੀ ਨੁਕਸਾਨ ਹੋਇਆ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਪਵਿੱਤਰ ਬੀੜਾਂ ਤੇ ਹੋਰ ਸਾਮਾਨ ਰੁੜ੍ਹ ਗਿਆ, ਉੱਥੇ ਨੇੜਲੇ ਸਾਰੇ ਹੋਟਲ ਅਤੇ ਢਾਬੇ ਰੁੜ੍ਹਦੇ ਉਨ੍ਹਾਂ ਖ਼ੁਦ ਅੱਖੀਂ ਦੇਖੇ। ਬੱਬੂ ਨੇ ਦੱਸਿਆ ਕਿ ਇਸੇ ਦੌਰਾਨ ਉਨ੍ਹਾਂ ਦੇ ਛੇ ਸਾਥੀ ਵਿਛੜ ਗਏ, ਜਿਨ੍ਹਾਂ ਦਾ ਅਜੇ ਤੱਕ ਕੋਈ ਥਹੁ-ਪਤਾ ਨਹੀਂ ਲੱਗਿਆ ਅਤੇ ਉਹ ਆਪਣੇ ਤਿੰਨ ਹੋਰ ਸਾਥੀਆਂ ਨਾਲ ਨੇੜਲੇ ਜੰਗਲ ਵਿਚ ਚਲੇ ਗਏ ਅਤੇ ਦਰੱਖ਼ਤਾਂ ਦੇ ਸਹਾਰਿਆਂ ਨਾਲ ਬੈਠ ਗਏ। ਭਾਰੀ ਬਾਰਸ਼ ਕਰਕੇ ਉਨ੍ਹਾਂ ਦਾ ਸਾਰਾ ਸਾਮਾਨ ਵੀ ਰੁੜ੍ਹ ਗਿਆ।

ਉਸ ਨੇ ਦੱਸਿਆ ਕਿ ਹੇਠਾਂ ਜਾਣ ਦਾ ਰਸਤਾ ਨਜ਼ਰ ਨਾ ਆਉਣ ਕਾਰਨ ਉੱਥੇ ਹੀ ਭੁੱਖੇ-ਪਿਆਸੇ ਲਗਾਤਾਰ ਦੋ ਦਿਨ, ਦੋ ਰਾਤਾਂ ਨਾਮ-ਸਿਮਰਨ ਕਰਕੇ ਵਕਤ ਲੰਘਾਉਂਦੇ ਰਹੇ। ਉਸ ਤੋਂ ਅਗਲੇ ਦਿਨ ਜਦੋਂ ਉਹ ਟੇਢੇ-ਮੇਢੇ ਰਸਤਿਆਂ ਤੋਂ ਹੁੰਦੇ ਹੋਏ ਹੇਠਾਂ ਵੱਲ ਨੂੰ ਚੱਲੇ ਤਾਂ ਇਕ ਸਥਾਨ ’ਤੇ ਉਨ੍ਹਾਂ ਕੋਲ ਇਕ ਹੈਲੀਕਾਪਟਰ ਪੁੱਜਿਆ, ਜਿਸ ਦੇ ਪਾਇਲਟ ਨੇ ਉਨ੍ਹਾਂ ਪਾਸੋਂ ਪੰਜ-ਪੰਜ ਸੌ ਰੁਪਏ ਪ੍ਰਤੀ ਸਵਾਰੀ ਮੰਗੇ। ਬੱਬੂ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਮੈਂਬਰਾਂ ਕੋਲ ਕੋਈ ਪੈਸਾ ਨਹੀਂ ਸੀ ਅਤੇ ਭੁੱਖੇ-ਪਿਆਸੇ ਵੀ ਸਾਂ, ਪਰ ਪਾਇਲਟ ਨੇ ਉਨ੍ਹਾਂ ’ਤੇ ਕੋਈ ਤਰਸ ਨਾ ਖਾਧਾ ਅਤੇ ਉਨ੍ਹਾਂ ਵਿਚੋਂ ਦੋ ਸਾਥੀ ਪੈਸੇ ਦੇ ਕੇ ਉਸ ਹੈਲੀਕਾਪਟਰ ਵਿਚ ਚਲੇ ਗਏ। ਇਸੇ ਦੌਰਾਨ ਜਦੋਂ ਉਹ ਗੁਰਦੁਆਰਾ ਗੋਬਿੰਦਘਾਟ ਨੇੜੇ ਪੁੱਜੇ ਤਾਂ ਉੱਥੇ ਪੁਲ ਟੁੱਟਣ ਕਰਕੇ ਰੁਕ ਗਏ, ਇਸੇ ਦੌਰਾਨ ਮਿਲਟਰੀ ਵਾਲੇ ਉਨ੍ਹਾਂ ਲਈ ਰੱਬ ਬਣ ਕੇ ਬਹੁੜੇ ਅਤੇ ਉਨ੍ਹਾਂ ਲੱਕ ਨਾਲ ਰੱਸੀਆਂ ਬੰਨ੍ਹ ਕੇ ਨਦੀ ਪਾਰ ਕਰਵਾਈ ਅਤੇ ਦੂਜੇ ਪਾਸੇ ਪਹੁੰਚਾਇਆ। ਉਸ ਨੇ ਦੱਸਿਆ ਕਿ ਇਥੋਂ ਅਸੀਂ ਦੋਵੇਂ ਨੇ ਤਕਰੀਬਨ 20 ਕਿਲੋਮੀਟਰ ਪੈਦਲ ਯਾਤਰਾ ਕਰਦੇ ਹੋਏ ਹੇਠਾਂ ਵੱਲ ਆਏ, ਰਸਤੇ ਵਿਚ ਅਸੀਂ ਨਦੀ ਵਿਚ ਰੁੜ੍ਹਦੀਆਂ ਲਾਸ਼ਾਂ, ਕਾਰਾਂ, ਟਰੱਕ ਅਤੇ ਮੋਟਰਸਾਈਕਲ ਤੋਂ ਇਲਾਵਾ ਅਨੇਕਾਂ ਮਕਾਨ ਰੁੜੇ ਜਾਂਦੇ ਦੇਖੇ, ਪ੍ਰੰਤੂ ਉਹ ਤਨ ’ਤੇ ਪਿਛਲੇ ਛੇ ਦਿਨਾਂ ਤੋਂ ਪਾਏ ਉਨ੍ਹਾਂ ਕੱਪੜਿਆਂ ਨਾਲ ਹੀ ਰੁਦਰਪ੍ਰਯਾਗ ਨੇੜੇ ਪੁੱਜੇ, ਜਿੱਥੇ ਉਨ੍ਹਾਂ ਨੂੰ ਲੰਗਰ ਦਾ ਖਾਣਾ ਨਸੀਬ ਹੋਇਆ ਅਤੇ ਇਸ ਤੋਂ ਅੱਗੇ ਉਥੇ ਖੜ੍ਹੀਆਂ ਪੰਜਾਬ ਦੀਆਂ ਬੱਸਾਂ ਨੇ ਸਾਨੂੰ ਬਿਨਾਂ ਕੋਈ ਕਿਰਾਇਆ ਲਿਆਂ ਹਰਿਦੁਆਰ ਪਹੁੰਚਾਇਆ, ਜਿੱਥੋਂ ਉਨ੍ਹਾਂ ਇਕ ਵਿਅਕਤੀ ਨੂੰ ਉਪਰੋਕਤ ਘਟਨਾ ਦੱਸੀ ਤਾਂ ਉਸ ਨੇ ਉਨ੍ਹਾਂ ਨੂੰ ਕਿਰਾਏ ਲਈ ਪੈਸੇ ਦਿੱਤੇ ਅਤੇ ਉਹ ਬੀਤੀ ਰਾਤ ਆਪਣੇ ਘਰ ਪੁੱਜੇ। ਉਸ ਨੇ ਦੱਸਿਆ ਕਿ ਉਸ ਨੇ ਮੌਤ ਦਾ ਤਾਂਡਵ ਆਪਣੇ ਅੱਖੀਂ ਦੇਖਿਆ ਹੈ, ਜੋ ਜ਼ਿੰਦਗੀ ਵਿਚ ਕਦੇ ਵੀ ਨਹੀਂ ਭੁੱਲੇਗਾ।



Archive

RECENT STORIES