Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜਟਾਧਾਰੀ ਅਖੌਤੀ ਸੰਤਾਂ ਨੂੰ ਲਾਸ਼ਾਂ ਫ਼ਰੋਲਦੇ ਵੇਖਿਆ

Posted on June 22nd, 2013

<p>ਉੱਤਰਾਖੰਡ ਤੋਂ ਪਰਤਿਆ ਹੁਸ਼ਿਆਰਪੁਰ ਦਾ ਨੌਜਵਾਨ ਨਵੀਨ ਹੱਡਬੀਤੀ ਸੁਣਾਉਂਦਾ ਹੋਇਆ&nbsp;<br></p>

ਹੁਸ਼ਿਆਰਪੁਰ- ਕਈ ਦਿਨ ਉੱਤਰਾਖੰਡ ’ਚ ਫ਼ਸੇ ਰਹਿਣ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਆਪਣੇ ਘਰੀਂ ਪਰਤੇ ਹੁਸ਼ਿਆਰਪੁਰ ਦੇ ਤਿੰਨ ਨੌਜਵਾਨ ਉੱਥੇ ਮੱਚੀ ਤਬਾਹੀ ਦੇ ਜੋ ਹਾਲਾਤ ਬਿਆਨ ਕਰਦੇ ਹਨ, ਉਹ ਸੁਣ ਕੇ ਦਿਲ ਕੰਬ ਉੱਠਦਾ ਹੈ। ਕਈ ਦਿਨ ਭੁੱਖੇ-ਪਿਆਸੇ ਰਹਿ ਕੇ ਮੀਲਾਂ ਦਾ ਪਹਾੜੀ ਸਫ਼ਰ ਪੈਦਲ ਤੈਅ ਕਰਕੇ ਜਦੋਂ ਭਾਲ ਵਿਚ ਨਿਕਲੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਤਾਂ ਉਨ੍ਹਾਂ ਦੇ ਘਰਦਿਆਂ ਲਈ ਉਨ੍ਹਾਂ ਨੂੰ ਪਛਾਨਣਾ ਔਖਾ ਸੀ। ਲਹੂ ਲੁਹਾਣ ਸਰੀਰ, ਪੈਰੋਂ ਨੰਗੇ, ਤਨ ’ਤੇ ਫ਼ਟੇ ਹੋਏ ਕੱਪੜੇ ਅਤੇ ਭੁੱਖ ਨਾਲ ਬੇਹਾਲ ਇਹ ਨੌਜਵਾਨ ਜਦੋਂ ਆਪਣੇ ਪਰਿਵਾਰਾਂ ਨੂੰ ਮਿਲੇ ਤਾਂ ਉਨ੍ਹਾਂ ਦਾ ਕਲੇਜਾ ਮੂੰਹ ਨੂੰ ਆ ਗਿਆ ਪਰ ਤਸੱਲੀ ਸੀ ਕਿ ਉਹ ਜਿਊਂਦੇ ਜਾਗਦੇ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਸਨ।

ਚਾਰ ਧਾਮ ਦੀ ਯਾਤਰਾ ਲਈ ਗਏ ਪੰਜ ਦੋਸਤ ਪੁਨੀਤ ਬਾਗਲਾ, ਨਵੀਨ ਆਦੀਆ, ਮਾਨਵ ਭਾਟੀਆ, ਵਿਕਰਾਂਤ ਅਤੇ ਅਮਨਦੀਪ ਵਿਚੋਂ ਕੇਵਲ ਪੁਨੀਤ, ਨਵੀਨ ਤੇ ਮਾਨਵ ਹੀ ਵਾਪਸ ਪਰਤੇ ਹਨ, ਬਾਕੀ ਦੋਹਾਂ ਦਾ ਕੋਈ ਖੁਰਾ-ਖੋਜ ਨਹੀਂ ਲੱਗ ਸਕਿਆ। ਵਾਪਸ ਆਏ ਨੌਜਵਾਨਾਂ ਨੇ ਜੋ ਹੱਡ ਬੀਤੀ ਸੁਣਾਈ ਉਹ ਰੌਂਗਟੇ ਖੜ੍ਹੇ ਕਰਨ ਵਾਲੀ ਹੈ। ਹਰ ਪਲ ਮੌਤ ਸਿਰ ’ਤੇ ਮੰਡਰਾ ਰਹੀ ਸੀ। ਖਾਣ ਨੂੰ ਹਵਾ ਅਤੇ ਪੀਣ ਨੂੰ ਹੜ੍ਹਾਂ ਦਾ ਉਹ ਪਾਣੀ ਸੀ ਜਿਸ ਵਿਚ ਸੈਂਕੜੇ ਲਾਸ਼ਾਂ ਤੈਰ ਰਹੀਆਂ ਸਨ।

ਕੇਦਾਰਨਾਥ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਜਦੋਂ ਇਹ ਪੰਜੇ ਦੋਸਤ ਆਪਣੀ ਕਾਰ ਵਿਚ ਵਾਪਸ ਆ ਰਹੇ ਸਨ ਤਾਂ ਅਚਾਨਕ ਕਹਿਰ ਢਹਿ ਪਿਆ ਜਿਸ ਥਾਂ ’ਤੇ ਇਨ੍ਹਾਂ ਦੀ ਗੱਡੀ ਖੜ੍ਹੀ ਸੀ ਉੱਥੇ ਪਾਣੀ ਦੀਆਂ ਲਹਿਰਾਂ ਆ ਗਈਆਂ। ਸਭ ਤੋਂ ਪਹਿਲਾਂ ਮਾਨਵ ਗੱਡੀ ’ਚੋਂ ਉਤਰਿਆ ਅਤੇ ਜਾਨ ਬਚਾਉਣ ਲਈ ਨਜ਼ਦੀਕ ਹੀ ਪਹਾੜੀ ’ਤੇ ਚੜ੍ਹ ਗਿਆ। ਇਸ ਪਿੱਛੋਂ ਪੁਨੀਤ ਅਤੇ ਨਵੀਨ ਵੀ ਗੱਡੀ ’ਚੋਂ ਨਿਕਲ ਕੇ ਦੌੜੇ ਪਰ ਪਾਣੀ ਦੀਆਂ ਲਹਿਰਾਂ ਉਨ੍ਹਾਂ ਨੂੰ ਦੂਰ ਤੱਕ ਲੈ ਗਈਆਂ। ਖੁਸ਼ਕਿਸਮਤੀ ਨਾਲ ਉਨ੍ਹਾਂ ਦੇ ਹੱਥ ਉੱਥੇ ਖੜ੍ਹੀ ਇਕ ਬੱਸ ਦੇ ਟਾਇਰ ਨੂੰ ਪੈ ਗਏ ਅਤੇ ਉਹ ਬਚ ਗਏ। ਉਨ੍ਹਾਂ ਨੂੰ ਨਹੀਂ ਪਤਾ ਲੱਗਿਆ ਕਿ ਕਾਰ ਵਿਚ ਬੈਠੇ ਉਨ੍ਹਾਂ ਦੇ ਦੋ ਸਾਥੀ ਅਮਨਦੀਪ ਅਤੇ ਵਿਕਰਾਂਤ ਗੱਡੀ ਸਮੇਤ ਰਾਤ ਦੇ ਹਨੇਰੇ ਅਤੇ ਪਾਣੀ ਦੇ ਕਹਿਰ ਵਿਚ ਕਿੱਥੇ ਗਾਇਬ ਹੋ ਗਏ? ਦੋਹਾਂ ਦਾ ਅੱਜ ਤੱਕ ਕੋਈ ਪਤਾ ਨਹੀਂ ਲੱਗਿਆ।ਲੰਬਾ ਪੈਂਡਾ ਤੈਅ ਕਰਨ ਤੋਂ ਬਾਅਦ ਅਗਲੇ ਦਿਨ ਉਹ ਫ਼ੌਜ ਦੇ ਕੈਂਪ ਵਿਚ ਪੁੱਜੇ ਜਿੱਥੇ ਕੁਝ ਹੋਰ ਸੈਲਾਨੀਆਂ ਨੇ ਉਨ੍ਹਾਂ ਨੂੰ ਕੱਪੜੇ ਦਿੱਤੇ। ਉਨ੍ਹਾਂ ਦੱਸਿਆ ਕਿ ਫ਼ੌਜੀ ਕੈਂਪ ਵਿਚ ਕੋਈ ਸਹੂਲਤ ਨਹੀਂ ਸੀ। ਉਹ ਆਪ ਹੀ ਹਿੰਮਤ ਕਰਕੇ ਕੁਦਰਤੀ ਕਰੋਪੀ ਤੋਂ ਬਚਦੇ-ਬਚਾਉਂਦੇ ਗੁਪਤ ਕਾਸ਼ੀ ਅਤੇ ਫ਼ਿਰ ਵਿਜੇ ਨਗਰ ਪੁੱਜੇ ਜਿੱਥੇ ਉਨ੍ਹਾਂ ਨੂੰ ਨਵੀਨ ਦੇ ਪਿਤਾਮਹਿੰਦਰ ਪਾਲ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਦੀਪਕ ਖੋਸਲਾ ਲੈਣ ਆਏ ਹੋਏ ਸਨ। ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀਆਂ ਅੱਖਾਂ ਸਾਹਮਣੇ ਯਾਤਰੀਆਂ ਨੂੰ ਮੌਤ ਦੇ ਮੂੰਹ ਵਿਚ ਪੈਂਦੇ ਵੇਖਿਆ। ਦੋ ਬੱਸਾਂ, ਜਿਨ੍ਹਾਂ ਵਿਚ ਪਤਾ ਨਹੀਂ ਕਿੰਨੀਆਂ ਸਵਾਰੀਆਂ ਸਨ, ਵੀ ਉਨ੍ਹਾਂ ਦੇ ਵੇਖਦੇ-ਵੇਖਦੇ ਪਾਣੀ ਵਿਚ ਡੁੱਬ ਗਈਆਂ। ਕਈ ਥਾਵਾਂ ’ਤੇ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ। ਇਕ ਥਾਂ ’ਤੇ ਉਨ੍ਹਾਂ ਨੇ 35-35 ਬੰਦਿਆਂ ਉੱਤੇ ਪਹਾੜੀ ਨੂੰ ਡਿੱਗਦੇ ਵੇਖਿਆ। ਖੌਫਜ਼ਦਾ ਸਥਾਨਕ ਵਾਸੀ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਦੌੜ ਰਹੇ ਸਨ। ਇਕ ਥਾਂ ’ਤੇ ਔਰਤਾਂ ਨੇ ਆਪਣੀਆਂ ਸਾੜ੍ਹੀਆਂ ਦੀਆਂ ਰੱਸੀਆਂ ਬਣਾ ਕੇ ਪੁਲ ਬਣਾਇਆ ਸੀ ਤਾਂ ਜੋ ਮੌਤ ਦੇ ਮੂੰਹ ’ਚੋਂ ਨਿਕਲਿਆ ਜਾ ਸਕੇ। ਨੌਜਵਾਨਾਂ ਨੇ ਦੱਸਿਆ ਕਿ ਜਿੱਥੇ ਕਈ ਲੋਕ ਇਸ ਤ੍ਰਾਸਦੀ ਦੌਰਾਨ ਹੋਰਨਾਂ ਨੂੰ ਬਚਾਉਣ ਵਿੱਚ ਲੱਗੇ ਹੋਏ ਸਨ, ਉੱਥੇ ਕਈ ਮੁਸੀਬਤ ’ਚ ਫ਼ਸੇ ਯਾਤਰੀਆਂ ਅਤੇ ਇੱਥੋਂ ਤੱਕ ਕਿ ਲਾਸ਼ਾਂ ਨੂੰ ਵੀ ਲੁੱਟ ਰਹੇ ਸਨ। ਉਨ੍ਹਾਂ ਦੱਸਿਆ ਕਿ ਜਟਾਧਾਰੀ ਅਖੌਤੀ ਸੰਤਾਂ ਨੂੰ ਵੀ ਲਾਸ਼ਾਂ ਫ਼ਰੋਲਦੇ ਵੇਖਿਆ ਗਿਆ। ਉਨ੍ਹਾਂ ਉੱਤਰਾਖੰਡ ਪ੍ਰਸ਼ਾਸਨ ਅਤੇ ਉੱਥੋਂ ਦੇ ਸਿਆਸਤਦਾਨਾਂ ਵੱਲੋਂ ਦਿਖਾਈ ਬੇਰੁਖੀ ਦੀ ਵੀ ਚਰਚਾ ਕੀਤੀ। ਆਪਣੇ ਬੱਚਿਆਂ ਨੂੰ ਲੈਣ ਲਈ ਗਏ ਵਾਲਮੀਕ ਆਗੂ ਮਹਿੰਦਰਪਾਲ ਨੇ ਦੱਸਿਆ ਕਿ ਫ਼ੌਜ ਨੇ ਉਨ੍ਹਾਂ ਦੀ ਮਦਦ ਤਾਂ ਕੀ ਕਰਨੀ ਸੀ, ਸਗੋਂ ਉਨ੍ਹਾਂ ਨੂੰ ਅੱਗੇ ਜਾਣ ਤੋਂ ਹੀ ਰੋਕ ਦਿੱਤਾ ਪਰ ਉਹ ਲੜ-ਝਗੜ ਕੇ ਅੱਗੇ ਨਿਕਲ ਗਏ ਅਤੇ ਲਗਪਗ 45-50 ਕਿਲੋਮੀਟਰ ਦਾ ਚੁਣੌਤੀਪੂਰਨ ਪੈਂਡਾ ਤੈਅ ਕਰਕੇ ਆਪਣੇ ਬੱਚਿਆਂ ਤੱਕ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਜੇਕਰ ਦੋ ਵਿਅਕਤੀ ਉਨ੍ਹਾਂ ਦੇ ਬੱਚਿਆਂ ਦੀ ਮਦਦ ਨਾ ਕਰਦੇ ਅਤੇ ਟੈਲੀਫ਼ੋਨ ਰਾਹੀਂ ਉਨ੍ਹਾਂ ਨਾਲ ਸੰਪਰਕ ਨਾ ਰੱਖਦੇ ਤਾਂ ਸ਼ਾਇਦ ਉਹ ਆਪਣੇ ਬੱਚਿਆਂ ਨੂੰ ਸਹੀ-ਸਲਾਮਤ ਵਾਪਸ ਲਿਆਉਣ ’ਚ ਕਾਮਯਾਬ ਨਾ ਹੁੰਦੇ ਅਤੇ ਪਤਾ ਨਹੀਂ ਕਿੰਨਾ ਹੋਰ ਸਮਾਂ ਬੱਚੇ ਮੁਸੀਬਤ ਵਿਚ ਫ਼ਸੇ ਰਹਿੰਦੇ।



Archive

RECENT STORIES