Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡਾ ਦਿਵਸ 'ਤੇ ਇੱਕ ਦੋਸਤ ਦੇ ਵਲਵਲੇ, ਜੋ ਮੇਰੇ ਤੁਹਾਡੇ ਵਲਵਲਿਆਂ ਦੀ ਤਰਜਮਾਨੀ ਕਰਦੇ ਹੋ ਸਕਦੇ ਨੇ !

Posted on June 30th, 2020


ਮੈਨੂੰ ਯਾਦ ਆਉਂਦੈ,
ਜਦੋਂ ਮੇਰੇ ਮਾਪੇ ਕਹਿੰਦੇ ਸ਼ੁਕਰ ਆ ਪੁੱਤਰਾ
ਤੂੰ ਕੋਹਾਂ ਦੂਰ ਹੀ ਸਹੀ,
ਪਰ ਨਸ਼ੇ ਦੀ ਦਲਦਲ ਚੋਂ ਬਚ ਤਾਂ ਗਿਆਂ ।

ਮੈਨੂੰ ਯਾਦ ਆਉਂਦੈ,
ਜਦੋਂ ਸਕੂਟਰ ਵੀ ਸੈਕੰਡ ਹੈਂਡ ਲੈਣ ਵਾਲਾ ਬੰਦਾ,
ਮਿਹਨਤ ਨਾਲ ਖੜਾ ਖੜੋਤਾ ਇਸ ਮੁਲਕ ਚ,
ਲੱਖਾਂ ਦਾ ਨਵਾਂ ਟਰੱਕ ਚੁੱਕ ਲਿਆਉਂਦੈ।

ਮੈਨੂੰ ਯਾਦ ਆਉਂਦੈ,
ਜਦੋਂ ਇੱਕ ਜੋੜੀ ਲੀੜੇ ਧੋ ਧੋ ਪਾਉਣੇ,
ਤੇ ਅੱਜ ਮਾਸਟਰ ਬੈਡਰੂਮ ਦੀ,
ਦੋ ਖਣਾਂ ਜਿੱਡੀ ਅਲਮਾਰੀ ਤੁੰਨੀ ਪਈ ਹੈ ਲੀੜਿਆਂ ਨਾਲ।

ਮੈਨੂੰ ਯਾਦ ਆਉਂਦੈ,
ਜਦੋਂ ਕੋਈ ਮਿੱਤਰ ਮਦਦ ਮੰਗਦੈ ,
ਕੀ ਉਸ ਮੁਲਖ ਰਹਿ ਕੇ,
ਮੈਂ ਕਿਸੇ ਦਾ ਕੁਝ ਸਵਾਰ ਸਕਦਾ ਸਾਂ?

ਮੈਨੂੰ ਯਾਦ ਆਉਂਦੈ,
ਜਦੋਂ ਦਿਨ ਭਰ ਮਿਹਨਤ ਕਰਕੇ ਵੀ,
ਕਿੱਲੋ ਦੁੱਧ ਨਾਲ ਤਿੰਨ ਡੰਗ ਸਾਰਨਾ,
ਤੇ ਇਥੇ ਦੁੱਧ ਵੀ ਪਾਣੀ ਨਾਲ਼ੋਂ ਸਸਤਾ।

ਮੈਨੂੰ ਯਾਦ ਆਉਂਦੈ,
ਜਦੋਂ ਮਜ਼ਦੂਰੀ ਦੱਬਦਾ ਸੀ ਕੋਈ ਦੇਸ਼ ਤੇਰੇ,
ਤੇ ਇਥੇ ਇਕ ਚਿੱਠੀ ਨਾਲ ਈ,
ਅਗਲਾ ਭਾਜੀ ਕਹਿ ਕੇ ਪੈਸੇ ਦਿੰਦਾ।

ਮੈਨੂੰ ਯਾਦ ਆਉਂਦੈ,
ਜਦੋਂ ਟੁੱਟੀਆਂ ਚੱਪਲ਼ਾਂ ਵਿੱਚ,
ਗੂਠੇ ਨਾਲ ਬੱਧਰੀ ਪਾਉਣ ਵਾਲਾ ਮੈਂ,
ਘਰ 'ਚ ਨਾਈਕੀ, ਐਡੀਡਾਸ ਪਾਉਂਨਾਂ।

ਮੈਨੂੰ ਯਾਦ ਆਉਂਦੈ,
ਜਦੋਂ ਸਰਮਾਏਦਾਰ ਪੈਸੇ ਦੇ ਜ਼ੋਰ ਨਾਲ ਉੱਥੇ,
ਤੇ ਇੱਥੇ ਸਾਡਾ ਆਮ ਜਿਹਾ ਮਿੱਤਰ,
ਆਪਣਾ ਕੰਮ ਕਾਰ ਸੈੱਟ ਕਰੀ ਫਿਰਦਾ।

ਮੈਨੂੰ ਯਾਦ ਆਉਂਦੈ,
ਜਦੋਂ ਪੰਜਾਬ 'ਚ ਪੰਜਾਬੀ ਭਾਸ਼ਾ ਲੱਭਦੀ ਨਹੀਂ,
ਤੇ ਇਥੇ ਦੁਕਾਨਾਂ, ਸਟਰੀਟਾਂ, ਏਅਰਪੋਰਟਾਂ,
ਉਪਰ ਗੁਰਮੁਖੀ ਸੋਂਹਦੀ ਹੈ।

ਮੈਨੂੰ ਯਾਦ ਆਉਂਦੈ,
ਜਦੋਂ ਇੱਕ ਦਰਖ਼ਤ ਦੇ ਨਾਲ ਦਿੱਲੀ ਹਿੱਲੀ ਸੀ,
ਤੇ ਇਸ ਮੁਲਖ ਦਾ ਪ੍ਰਧਾਨ ਮੰਤਰੀ,
ਪੂਰਵਜਾਂ ਦੇ ਕੀਤੇ ਦੀ ਮਾਫ਼ੀ ਮੰਗਦਾ।

ਯਾਦ ਤਾਂ ਮੈਨੂੰ ਆਪਣਾ ਵਤਨ ਪੰਜਾਬ,
ਬਹੁਤ ਆਉਂਦੈ ਸੋਹਣਿਆ,
ਤੇ ਨਾਲ ਹੀ ਸਮਝ ਆਉਂਦੈ, ਬਾਬੇ ਨਾਨਕ ਦਾ,
ਵਸਦੇ ਰਹੋ, ਉਜੜ ਜਾਉ ਵਾਲਾ ਸਿਧਾਂਤ !!

#ਕਮਸਿੰਘ



Archive

RECENT STORIES