Posted on July 4th, 2020

ਆਹ ਜਿਹੜੇ ਕਿਸਾਨ ਘਰਾਂ ਵਿੱਚ ਸਰਕਾਰ ਤੋਂ ਡਰਦੇ ਲੁਕ ਕੇ ਬੈਠੇ ਹਨ। ਅਗਲਿਆਂ ਤੁਹਾਨੂੰ ਮਰਿਆ ਸਮਝ ਕੇ ਤੁਹਾਡੀ ਖੇਤੀ ਮੰਡੀ ਤੋੜ ਦਿੱਤੀ, ਨਾ ਕਣਕ ਸਰਕਾਰੀ ਵਿਕਣੀ ਨਾ ਝੋਨਾ, ਉੱਤੋਂ ਬਿਜਲੀ ਪ੍ਰਾਈਵੇਟ ਕਰਕੇ ਮੋਟਰਾਂ 'ਤੇ ਬਿੱਲ ਲੱਗ ਜਾਣੇ।
ਓ ਬਾਈ! ਤੁਹਾਡਾ ਕਿੱਤਾ ਖ਼ਤਮ ਹੋਣ ਜਾ ਰਿਹਾ, ਦਾਦਿਆਂ-ਬਾਬਿਆਂ ਦੀਆਂ ਬਣਾਈਆਂ ਜ਼ਮੀਨਾਂ ਵਿੱਚੋਂ ਤੁਹਾਨੂੰ ਸਾਜਿਸ਼ ਨਾਲ ਬਾਹਰ ਕੱਢਿਆ ਜਾ ਰਿਹਾ। ਪਹਿਲੇ ਇੱਕ ਦੋ ਸਾਲ ਤੁਹਾਨੂੰ ਚੰਗਾ ਭਾਅ ਦੇਣਗੇ, ਤੁਸੀਂ ਖੁਸ਼ ਹੋ ਜਾਣਾ ਕਿ ਜਥੇਬੰਦੀਆਂ ਐਵੇਂ ਭਕਾਈ ਮਾਰਦੀਆਂ ਸਨ, ਤੁਸੀਂ ਇਸ ਸਭ ਦਾ ਵਿਰੋਧ ਨਹੀਂ ਕਰੋਗੇ। ਫਿਰ ਹੌਲੀ-ਹੌਲੀ ਵਪਾਰੀ ਵਰਗ ਆਪਣਾ ਰੰਗ ਵਿਖਾਵੇਗਾ, ਤੁਹਾਡੀਆਂ ਫ਼ਸਲਾਂ ਮਨ ਮਰਜ਼ੀ ਨਾਲ ਖਰੀਦਣਗੇ।
ਤੁਹਾਨੂੰ ਵੱਧ ਠੇਕਾ ਦੇਣ ਦੀ ਵੱਡੀਆਂ ਕੰਪਨੀਆ ਵੱਲੋਂ ਆਫਰ ਆਵੇਗੀ, ਤੁਸੀਂ ਮਜਬੂਰਨ ਆਪਣੀ ਜ਼ਮੀਨ 5-10 ਸਾਲ ਲਈ ਲਿਖਤੀ ਠੇਕੇ 'ਤੇ ਦੇ ਦਿਉਂਗੇ। ਹੁਣ ਤੁਸੀਂ ਠੇਕੇ ਤੋਂ ਮਿਲੇ ਪੈਸੇ ਘਰੇਲੂ ਲੋੜਾਂ ਵਿਆਹ, ਜੀਣੇ-ਮਰਨੇ ਵਗ਼ੈਰਾ ਵਿੱਚ ਖ਼ਰਚ ਕਰ ਚੁੱਕੇ ਹੋਵੋਗੇ।
ਤੁਸੀਂ ਬੇਰੋਜ਼ਗਾਰ ਹੋ, ਕੰਪਨੀਆਂ ਜਿਨ੍ਹਾਂ ਨੂੰ ਤੁਸੀਂ ਜ਼ਮੀਨ ਠੇਕੇ ਤੇ ਦਿੱਤੀ ਸੀ, ਉਨ੍ਹਾਂ ਨੂੰ ਲੋਕਲ ਲੇਬਰ ਦੀ ਲੋੜ ਹੋਵੇਗੀ। ਤੁਸੀਂ ਹੁਣ ਕਿਸੇ ਦੇ ਖੇਤ ਵਿੱਚ ਮਜ਼ਦੂਰੀ ਤਾਂ ਕਰਨ ਨਹੀਂ ਜਾਉਗੇ, ਆਪਣੇ ਹੀ ਖੇਤਾਂ ਵਿੱਚ ਮਜ਼ਦੂਰੀ ਕਰਨ ਲਈ ਮਜਬੂਰ ਹੋ ਜਾਉਗੇ।
ਚਲੋ ਇਹ ਤਾਂ ਕਹਿਣ ਜੋਗੇ ਹੋ ਜਾਉਗੇ ਕਿ ਮੈਂ ਕਿਹੜਾ ਕਿਸੇ ਦੇ ਖੇਤ ਵਿੱਚ ਕੰਮ ਕਰਦਾਂ ਆਪਣੇ ਹੀ ਖੇਤਾਂ ਵਿੱਚ ਕੰਮ ਕਰ ਰਿਹਾਂ। ਛੋਟੇ ਕਿਸਾਨ 5-7 ਏਕੜ ਵਾਲੇ ਕਿਸਾਨ ਜਲਦ ਹੀ ਜ਼ਮੀਨਾਂ ਵੇਚਕੇ ਵਿਹਲੇ ਹੋ ਜਾਣਗੇ ਤੇ ਬਾਕੀ ਵੀ ਹੌਲੀ-ਹੌਲੀ ਇਸ ਸਿਲਸਿਲੇ ਤਹਿਤ ਬਾਹਰ ਹੁੰਦੇ ਜਾਣਗੇ।
ਓ ਭਰਾਵੋ! ਇਹ ਤੁਹਾਡੇ ਅਤੇ ਤੁਹਾਡੀਆਂ ਨਸਲਾਂ ਨੂੰ ਹੌਲੀ-ਹੌਲੀ ਮੁਨਾਫ਼ਾਖੋਰੀ ਦੀ ਆੜ ਹੇਠਾਂ ਉਜਾੜ ਦੇਣਗੇ, ਫਿਰ ਤੁਸੀਂ ਵਿਰੋਧ ਕਰਨ ਦੀ ਸੋਚੋਗੇ ਪਰ ਉਦੋਂ ਬਹੁਤ ਦੇਰ ਹੋ ਚੁੱਕੀ ਹੋਵੇਗੀ। ਲੋੜ ਅੱਜ ਹੈ ਇਹਨਾਂ ਕਿਸਾਨ ਮਾਰੂ ਐਕਟਾਂ ਦਾ ਵਿਰੋਧ ਕਰਨ ਦੀ।
ਤੁਸੀਂ ਇਹ ਨਾ ਸੋਚੋ ਕਿ ਫਲਾਣਾ ਬੰਦਾ ਵਿਹਲਾ ਘਰੋਂ ਤੁਰ ਪੈਂਦਾ ਯੂਨੀਅਨ ਵਾਲਿਆਂ ਨਾਲ, ਅਸਲ ਵਿੱਚ ਉਸਨੂੰ ਤੁਹਾਡੇ ਨਾਲੋਂ ਪਹਿਲਾਂ ਇਸ ਸਾਰੇ ਹੋਣ ਵਾਲੇ ਵਤੀਰੇ ਬਾਰੇ ਸਮਝ ਆ ਗਈ ਹੈ। ਬਾਕੀ ਤੁਹਾਡਾ ਸ਼ਾਨਾਂਮੱਤਾ ਇਤਿਹਾਸ ਤੁਹਾਨੂੰ ਹਲੂਣੇ ਦੇ ਰਿਹਾ ਹੈ, ਕੋਈ ਅੱਜ ਜਾਗ ਪਿਆ ਕੋਈ ਭਲਕੇ।
ਇੱਕ ਸਾਜਿਸ਼ ਤਹਿਤ ਪੰਜਾਬ ਦੀ ਧਰਤੀ ਅਤੇ ਪਾਣੀਆਂ ਨੂੰ ਜਬਤ ਕਰਨ ਦੇ ਮਨਸੂਬੇ ਤਿਆਰ ਹਨ, ਪੂਰੀ ਦੁਨੀਆਂ ਵਿੱਚ ਕਿੱਧਰੇ ਵੀ ਪੰਜਾਬ ਦੀ ਧਰਤੀ ਅਤੇ ਪਾਣੀਆਂ ਵਰਗਾ ਕੋਈ ਦੇਸ਼, ਸੂਬਾ ਨਹੀਂ। ਓ ਭਰਾਵੋ! ਨਿਕਲੋ ਘਰਾਂ ਤੋਂ ਬਾਹਰ, ਬਚਾਅ ਲਉ, ਜੇ ਬਚਾਅ ਹੁੰਦਾ ਆਪਣਾ ਕਿੱਤਾ, ਕਿਸਾਨੀ ਤੇ ਪੰਜਾਬ ਨੂੰ।
- ਲਿਖਤ: ਸ ਸਤਨਾਮ ਸਿੰਘ ਡਾਲੇਕੇ, ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ

Posted on October 26th, 2026

Posted on October 23rd, 2026

Posted on October 22nd, 2026

Posted on October 21st, 2026

Posted on October 20th, 2026

Posted on October 19th, 2026

Posted on October 16th, 2026

Posted on October 15th, 2026

Posted on October 14th, 2026

Posted on October 13th, 2026

Posted on October 9th, 2026

Posted on October 8th, 2026