Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮਾਮਲੇ ਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ- ਕਾਹਨ ਸਿੰਘ ਪੰਨੂ

Posted on June 25th, 2013

ਚੰਡੀਗੜ੍ਹ- ਪੰਜਾਬ ਦੇ ਆਈ.ਏ.ਐਸ. ਅਧਿਕਾਰੀ ਕਾਹਨ ਸਿੰਘ ਪੰਨੂ ਜਿਨ੍ਹਾਂ ਨੂੰ ਰਾਜ ਸਰਕਾਰ ਨੇ ਉੱਤਰਾਖੰਡ ਵਿੱਚੋਂ ਪੀੜਤਾਂ ਨੂੰ ਕੱਢਣ ਦੀ ਕਮਾਨ ਸੌਂਪੀ ਹੋਈ ਹੈ, ਨੇ ਆਪਣੇ ਨਾਲ ਹੋਈ ਬਦਸਲੂਕੀ ਦੀ ਪੁਸ਼ਟੀ ਕੀਤੀ ਹੈ। ਉੱਤਰਾਖੰਡ ਦੇ ਜੋਸ਼ੀ ਮੱਠ ਤੋਂ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ’ਤੇ ਯਕਦਮ ਹੱਲਾ ਬੋਲ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਪਗੜੀ ਵੀ ਉਤਰ ਗਈ ਤੇ ਕਾਫੀ ਧੱਕਾਮੁੱਕੀ ਕੀਤੀ। ਉਨ੍ਹਾਂ ਕਿਹਾ ਕਿ ਇਹ ਵਾਕਿਆ ਐਤਵਾਰ ਦੁਪਹਿਰ ਦੋ ਕੁ ਵਜੇ ਦਾ ਹੈ ਅਤੇ ਇਸ ਘਟਨਾ ਬਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮੁੱਖ ਸਕੱਤਰ ਰਾਕੇਸ਼ ਸਿੰਘ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਅਧਿਕਾਰੀ ਨੇ ਕਿਸੇ ਵਿਰੁੱਧ ਮਾੜੀ ਸ਼ਬਦਾਵਲੀ ਵਰਤਣ ਜਾਂ ਕੋਈ ਅਪਸ਼ਬਦ ਬੋਲਣ ਦਾ ਖੰਡਨ ਕਰਦਿਆਂ ਕਿਹਾ ਕਿ ਪਿਛਲੇ ਇਕ ਹਫ਼ਤੇ ਤੋਂ ਉਹ ਕਈ ਹੋਰ ਅਧਿਕਾਰੀਆਂ ਅਤੇ ਮੁਲਾਜ਼ਮਾਂ ਸਮੇਤ ਬਚਾਅ ਕਾਰਜਾਂ ਵਿੱਚ ਰੁੱਝੇ ਹੋਏ ਹਨ।

ਕਾਹਨ ਸਿੰਘ ਪੰਨੂ ਨੇ ਦੋਸ਼ ਲਾਇਆ ਕਿ ਕੁਝ ਵਿਅਕਤੀ ਗੋਬਿੰਦ ਘਾਟ ਤੋਂ ਪਹਿਲ ਦੇ ਆਧਾਰ ’ਤੇ ਹੈਲੀਕਾਪਟਰ ਵਿੱਚ ਸਵਾਰ ਹੋਣਾ ਚਾਹੁੰਦੇ ਸਨ ਪਰ ਭਾਰਤੀ ਸੈਨਾ ਦੇ ਕਰਨਲ ਅਮੀਤ ਸਿੰਘ ਅਤੇ ਪੰਜਾਬ ਤੋਂ ਆਈ ਟੀਮ ਨੇ ਪਹਿਲਾਂ ਬਜ਼ੁਰਗਾਂ, ਫਿਰ ਔਰਤਾਂ, ਉਸ ਤੋਂ ਬਾਅਦ ਬੱਚਿਆਂ ਤੇ ਸਭ ਤੋਂ ਬਾਅਦ ਜਵਾਨਾਂ ਨੂੰ ਕੱਢਣ ਦੀ ਯੋਜਨਾ ਬਣਾਈ ਹੋਈ ਹੈ। ਕੁਝ ਵਿਅਕਤੀਆਂ ਵੱਲੋਂ ਇਸ ਦਾ ਵਿਰੋਧ ਕਰਦਿਆਂ ਝੂਠੇ ਦੋਸ਼ ਵੀ ਲਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਵਿਅਕਤੀਆਂ ਵੱਲੋਂ ਮਾਮਲੇ ਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ।

ਇਸ ਦੌਰਾਨ ਸ੍ਰੀ ਪੰਨੂ ਨੇ ਦੱਸਿਆ ਕਿ ਗੋਬਿੰਦ ਘਾਟ ਤੋਂ ਸਾਰੇ ਸ਼ਰਧਾਲੂਆਂ ਨੂੰ ਕੱਢ ਲਿਆਂਦਾ ਹੈ ਤੇ ਉਹ ਇਸ ਸਮੇਂ ਜੋਸ਼ੀ ਮੱਠ ਵਿੱਚ ਹਨ। ਬਚਾਅ ਕਾਰਜ ਇਕ ਦੋ ਦਿਨ ਵਿੱਚ ਹੀ ਖ਼ਤਮ ਹੋ ਜਾਣਗੇ। ਘਟਨਾ ਦੇ ਸਮੇਂ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਕਮਲਜੀਤ ਸਿੰਘ ਸੰਘਾ ਤੇ ਹੋਰ ਮੁਲਾਜ਼ਮ ਵੀ ਹਾਜ਼ਰ ਸਨ। ਪੰਜਾਬ ਪੁਲੀਸ ਦਾ ਕੋਈ ਮੁਲਾਜ਼ਮ ਜਾਂ ਅਧਿਕਾਰੀ ਤਾਇਨਾਤ ਨਹੀਂ ਸੀ।



Archive

RECENT STORIES