Posted on July 6th, 2020

ਯੂਨਾਈਟਿਡ ਟਰੱਕਰਜ਼ ਐਸੋਸੀਏਸ਼ਨ ਵੱਲੋਂ ਸਿਆਸੀ ਦਖ਼ਲਅੰਦਾਜ਼ੀ ਦੀ ਮੰਗ
ਸਰੀ, ਬੀ ਸੀ (ਚੜ੍ਹਦੀ ਕਲਾ ਬਿਉਰੋ)- ਬੀ ਸੀ ਕਨਟੇਨਰ ਟਰੱਕਿੰਗ ਕਮਿਸ਼ਨਰ ਦੇ ਹੁਕਮਾਂ ਨਾਲ਼ ਉਸ ਦੇ ਦਫ਼ਤਰੀ ਸਟਾਫ਼ ਨੇ ਅੱਜ ਤੋਂ, ਕਾਨੂੰਨ ਅਤੇ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ, ਨਵੇਂ ਲਾਇਸੈਂਸਾਂ ਲਈ ਦਰਖ਼ਾਸਤਾਂ ਮੰਗੀਆਂ ਹਨ, ਪਰ ਕਮਿਸ਼ਨਰ ਦੀ ਇਸ ਬੇਨਿਯਮੀ ਅਤੇ ਧੱਕੇਸ਼ਾਹੀ ਦੀ ਨਿਖੇਧੀ ਕਰਦਿਆਂ ਯੂਨਾਈਟਿਡ ਟਰੱਕਰਜ਼ ਐਸੋਸੀਏਸ਼ਨ ਨੇ ਇਸ ਸਬੰਧ ਵਿਚ ਸਿਆਸੀ ਦਖ਼ਲਅੰਦਾਜ਼ੀ ਦੀ ਮੰਗ ਕੀਤੀ ਹੈ। ਇਕ ਲਿਖਤੀ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ, ਟਰੱਕਰਾਂ ਦੀ ਇਸ ਜਥੇਬੰਦੀ ਦੇ ਮੁੱਖ ਬੁਲਾਰੇ ਗਗਨ ਸਿੰਘ ਨੇ ਕਿਹਾ ਕਿ ਜੇ ਕਮਿਸ਼ਨਰ ਦੀ ਇਹ ਧੱਕੇਸ਼ਾਹੀ ਨਾ ਰੁਕਵਾਈ ਗਈ ਤਾਂ ਇਸ ਸਾਲ ਨਵੰਬਰ ਤਕ, ਦੋ-ਤਿੰਨ ਸੌ ਉਨਰ ਅਪਰੇਟਰ ਕੰਮ ਤੋਂ ਵਾਂਝੇ ਹੋ ਜਾਣਗੇ।
ਉਨ੍ਹਾਂ ਨੇ ਦੱਸਿਆ ਕਿ ਇਸ ਅਧਿਕਾਰੀ ਦੀ ਦਫ਼ਤਰੀ ਕਾਰਗੁਜ਼ਾਰੀ ਵਿਚ ਮੋਟੇ ਤੌਰ 'ਤੇ ਛੇ ਵੱਡੀਆਂ ਬੇਨਿਯਮੀਆਂ ਹਨ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਕਮਿਸ਼ਨਰ ਦਾ ਇਹ ਫੈਸਲਾ, ਉਸ ਵੱਲੋਂ ਇਸੇ ਹੀ ਸਾਲ 17 ਅਪ੍ਰੈਲ ਨੂੰ ਜਾਰੀ ਕੀਤੇ ਹੋਏ ਬੁਲੇਟਿਨ ਦੀਆਂ ਸ਼ਰਤਾਂ ਦੀ ਉਲੰਘਣਾ ਕਰਦਾ ਹੈ। ਇਸ ਤੋਂ ਇਲਾਵਾ, ਉਸ ਦੇ ਦਫ਼ਤਰ ਦਾ ਇਹ ਅਮਲ, 'ਕਨਟੇਨਰ ਟਰੱਕਿੰਗ ਐਕਟ' ਦੇ ਸੈਕਸ਼ਨ 23 ਦੀ ਉਲੰਘਣਾ ਕਰਦਾ ਹੈ, ਜਿਸ ਵਿਚ ਦਰਜ ਹੈ ਕਿ ਸਾਰੀਆਂ ਲਾਇਸੈਂਸੀ ਕੰਪਨੀਆਂ ਲਾਜ਼ਮੀ ਤੌਰ 'ਤੇ ਨਿਯਮਤ ਫੀਸ ਅਦਾ ਕਰਨ। ਉਨ੍ਹਾਂ ਨੇ ਇਸ ਵੀ ਦੱਸਿਆ ਕਿ ਇਸੇ ਹੀ ਸਾਲ 16 ਜੂਨ ਨੂੰ ਹੋਈ, ਇੰਡਸਟਰੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਵਿਚ ਕਮਿਸ਼ਨਰ ਨੇ ਆਪ ਕਿਹਾ ਸੀ ਕਿ ਕਿਸੇ ਡਰਾਈਵਰ ਨੂੰ ਨਾਲ਼ੋ-ਨਾਲ਼ ਦੋ ਦਰਾਂ ਅਨੁਸਾਰ ਭੁਗਤਾਨ ਕੀਤੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਬੁਲਾਰੇ ਦੇ ਕਹਿਣ ਅਨੁਸਾਰ, ਇਸੇ ਹੀ ਸਾਲ ਅਪ੍ਰੈਲ ਤੋਂ ਕਮਿਸ਼ਨਰ ਨੇ ਬੁਲੇਟਿਨ ਤਾਂ ਜਾਰੀ ਕੀਤੇ, ਪਰ ਇਸ ਸਬੰਧੀ ਕਾਨੂੰਨੀ ਸ਼ਰਤਾਂ ਇਕ ਵਾਰ ਵੀ ਲਾਗੂ ਨਹੀਂ ਕਰਾਈਆਂ।
ਇਨ੍ਹਾਂ ਉਲੰਘਣਾਵਾਂ ਦੇ ਸਬੰਧ ਵਿਚ ਹੀ ਗਗਨ ਸਿੰਘ ਨੇ ਦੱਸਿਆ ਕਿ 20 ਫਰਵਰੀ, 2019 ਨੂੰ ਕਮਿਸ਼ਨਰ ਵੱਲੋਂ 'ਕੈਨੇਡੀਅਨ ਨੈਸ਼ਨਲ ਟਰਾਂਸਪੋਰਟੇਸ਼ਨ ਲਿਮ.' ਦੇ ਸਬੰਧ ਵਿਚ ਦਿੱਤੇ ਗਏ ਇਕ ਫੈਸਲੇ ਅਨੁਸਾਰ, ਇਸ ਕੰਪਨੀ ਨੂੰ 'ਕਨਟੇਨਰ ਟਰੱਕਿੰਗ ਰੈਗੂਲੇਸ਼ਨਜ਼' ਦੀ ਉਲੰਘਣਾ ਕਰ ਕੇ ਭੁਗਤਾਨ ਕਰਨ ਦੀ ਦੋਸ਼ੀ ਪਾਉਣ ਦੇ ਬਾਵਜੂਦ, ਭੁਗਤਾਨ ਦਾ ਇਹ ਢੰਗ ਜਾਰੀ ਰੱਖਣ ਦਿੱਤਾ ਗਿਆ ਸੀ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ 'ਕੈਨੇਡਾ ਡਰਾਏਜ ਇੰਕ.' ਇਸ ਲਾਇਸੈਂਸਯਾਫ਼ਤਾ ਕੰਪਨੀ ਹੈ, ਜੋ 'ਡੌਕ ਵਰਕ' ਲਈ ਇਕ ਢੰਗ ਨਾਲ਼ ਤੇ 'ਔਫ ਡੌਕ ਵਰਕ' ਲਈ ਇਕ ਹੋਰ ਢੰਗ ਨਾਲ਼ ਭੁਗਤਾਨ ਕਰਦੀ ਹੈ। ਉਨ੍ਹਾਂ ਨੇ ਕਮਿਸ਼ਨਰ ਅਤੇ ਉਸ ਦੇ ਦਫ਼ਤਰ ਵੱਲੋਂ ਇਸ ਸਬੰਧ ਵਿਚ ਕੀਤੀਆਂ ਹੋਈਆਂ ਹੋਰ ਕਈ ਉਲੰਘਣਾਵਾਂ ਵੀ ਗਿਣਾਈਆਂ।
ਉਨ੍ਹਾਂ ਨੇ ਕਿਹਾ ਕਿ ਕਮਿਸ਼ਨਰ ਵੱਲੋਂ ਬਣਦਾ ਢੰਗ ਛੱਡ ਕੇ, ਮਨ-ਮਰਜ਼ੀਆਂ ਕਰਨ ਦੀ ਵਜ੍ਹਾ ਨਾਲ਼ ਟਰੱਕਰਜ਼ ਭਾਈਚਾਰਾ ਬਹੁਤ ਬੇਚੈਨ ਹੈ। ਇਸ ਸਬੰਧ ਵਿਚ ਕੀਤੇ ਜਾਂਦੇ ਰਹੇ ਹੀਲਿਆਂ-ਬੁੱਤਿਆਂ ਬਾਰੇ ਦੱਸਦਿਆਂ ਉਨ੍ਹਾਂ ਨੇ ਕਿਹਾ ਕਿ ਯੂਨਾਈਟਿਡ ਟਰੱਕਰਜ਼ ਐਸੋਸੀਏਸ਼ਨ, ਪਿਛਲੇ ਮਹੀਨੇ ਤੋਂ ਟਰਾਂਸਪੋਰਟ ਮੰਤਰੀ ਕਲੇਅਰ ਟਰੇਵੇਨਾ ਨੂੰ ਤਿੰਨ ਚਿੱਠੀਆਂ ਲਿਖ ਚੁੱਕੀ ਹੈ, ਜਿਨ੍ਹਾਂ ਦਾ ਅੱਜ ਤਕ ਕੋਈ ਜੁਆਬ ਨਹੀਂ ਆਇਆ। ਉਨ੍ਹਾਂ ਨੇ ਕਿਹਾ ਕਿ ਜੇ ਕਮਿਸ਼ਨਰ ਨੇ ਆਪਣੀਆਂ ਮਨ-ਆਈਆਂ ਨਾ ਛੱਡੀਆਂ ਤੇ ਟਰਾਂਸਪੋਰਟ ਮੰਤਰੀ ਨੇ ਅੱਖਾਂ ਮੀਚੀ ਰੱਖੀਆਂ ਤਾਂ ਉਨ੍ਹਾਂ ਦੀ ਜਥੇਬੰਦੀ, ਇਸ ਆਪਹੁਦਰੇ ਅਧਿਕਾਰੀ ਵੱਲੋਂ ਕੀਤੀ ਜਾਂਦੀ, ਕਾਨੂੰਨ ਦੀ ਬੇਕਦਰੀ ਦਾ ਭਾਂਡਾ ਚੌਰਾਹੇ ਵਿਚ ਭੰਨੇਗੀ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026