Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹੁਣ ਹੁਸ਼ਿਆਰਪੁਰ ਸੀਟ 'ਤੇ ਅਕਾਲੀਆਂ ਦੀ ਨਜ਼ਰ

Posted on June 26th, 2013

ਚੰਡੀਗੜ੍ਹ : ਲੋਕ ਸਭਾ ਚੋਣਾਂ ਤੋਂ ਇਕ ਸਾਲ ਪਹਿਲਾਂ ਹੀ ਅਕਾਲੀ ਦਲ ਨੇ ਭਾਜਪਾ ਦੇ ਕੋਟੇ ਦੀ ਹੁਸ਼ਿਆਰਪੁਰ ਸੀਟ ਲੈ ਕੇ ਉਸ ਬਦਲੇ ਜਲੰਧਰ ਜਾਂ ਲੁਧਿਆਣਾ ਸੀਟ ਦੇਣ ਦਾ ਬਦਲ ਰੱਖਿਆ ਹੈ। ਸੂਤਰਾਂ ਮੁਤਾਬਕ ਵਿਧਾਨ ਸਭਾ ਸਪੀਕਰ ਚਰਨਜੀਤ ਸਿੰਘ ਅਟਵਾਲ ਹੁਸ਼ਿਆਰਪੁਰ ਸੀਟ ਤੋਂ ਚੋਣ ਲੜਨਾ ਚਾਹੁੰਦੇ ਹਨ ਅਤੇ ਸੂਤਰਾਂ ਦੀ ਮੰਨੀਏ ਤਾਂ ਪਾਰਟੀ ਪਹਿਲਾਂ ਹੀ ਇਸ ਦੀ ਤਿਆਰੀ ਸ਼ੁਰੂ ਕਰ ਚੁੱਕੀ ਹੈ। 

ਪਿਛਲੀ ਵਾਰ ਉਹ ਨਵੇਂ ਬਣੇ ਫਤਹਿਗੜ੍ਹ ਸਾਹਿਬ ਹਲਕੇ ਤੋਂ ਚੋਣ ਹਾਰ ਗਏ ਸਨ। ਅਗਲੇ ਕੁਝ ਦਿਨਾਂ 'ਚ ਹੁਸ਼ਿਆਰਪੁਰ ਨੂੰ ਨਗਰ ਨਿਗਮ ਦਾ ਦਰਜਾ ਮਿਲਣ ਜਾ ਰਿਹਾ ਹੈ ਅਤੇ ਅਕਾਲੀ ਦਲ ਇਸ ਫ਼ੈਸਲੇ ਨੂੰ ਅਗਾਮੀ ਲੋਕ ਸਭਾ ਚੋਣਾਂ ਵਿਚ ਕੈਸ਼ ਕਰਨ ਦੇ ਰੌਂਅ ਵਿਚ ਹੈ। ਹੁਸ਼ਿਆਰਪੁਰ ਨਗਰ ਕੌਂਸਲ ਦੇ ਕਰੀਬ ਸਾਢੇ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਭਵਨ ਨੂੰ ਨਗਰ ਨਿਗਮ ਦੇ ਹਿਸਾਬ ਨਾਲ ਹੀ ਤਿਆਰ ਕੀਤਾ ਗਿਆ ਹੈ। ਨਗਰ ਕੌਂਸਲ ਦਾ ਕਾਰਜਕਾਲ 30 ਜੂਨ ਨੂੰ ਸਮਾਪਤ ਹੋਣ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਚੋਣ ਦਾ ਐਲਾਨ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਅਗਲੇ ਕੁਝ ਦਿਨਾਂ 'ਚ ਇਸ ਨੂੰ ਨਗਰ ਨਿਗਮ ਬਣਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ ਅਤੇ ਅਗਲੀਆਂ ਚੋਣਾਂ ਕੌਂਸਲ ਦੀਆਂ ਨਾ ਹੋ ਕੇ ਨਗਰ ਨਿਗਮ ਦੀਆਂ ਹੋਣਗੀਆਂ। ਇਸ ਲਈ ਪਹਿਲਾਂ ਹੀ ਕੌਂਸਲ ਇਕ ਮਤਾ ਪਾਸ ਕਰਕੇ ਸਰਕਾਰ ਨੂੰ ਭੇਜ ਚੁੱਕੀ ਹੈ। ਇਸ ਨਗਰ ਨਿਗਮ 'ਚ ਕਿਹੜੇ-ਕਿਹੜੇ ਪਿੰਡ ਸ਼ਾਮਲ ਹੋਣਗੇ ਜਾਂ ਕੋਈ ਪਿੰਡ ਸ਼ਾਮਲ ਹੋਵੇਗਾ ਵੀ ਜਾਂ ਨਹੀਂ ਇਸ ਬਾਰੇ 'ਚ ਫਿਲਹਾਲ ਕੋਈ ਸਪਸ਼ਟ ਦੱਸਣ ਲਈ ਤਿਆਰ ਨਹੀਂ ਹੈ। 

ਹੁਸ਼ਿਆਰਪੁਰ ਲੋਕ ਸਭਾ ਹਲਕੇ ਦੀ ਪਿਛਲੀ ਚੋਣ ਵਿਚ ਭਾਜਪਾ ਦੇ ਉਮੀਦਵਾਰ ਸੋਮ ਪ੍ਰਕਾਸ਼ ਕਾਂਗਰਸ ਦੀ ਸੰਤੋਸ਼ ਚੌਧਰੀ ਤੋਂ ਕਰੀਬ 300 ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ। ਚੌਧਰੀ ਨੂੰ ਹਾਲ ਹੀ ਵਿਚ ਸਿਹਤ ਰਾਜ ਮੰਤਰੀ ਬਣਾਇਆ ਗਿਆ ਹੈ। ਅਕਾਲੀ ਦਲ ਦੇ ਦਾਅ ਤੋਂ ਬਾਅਦ ਭਾਜਪਾ ਨੂੰ ਆਪਣੀ ਰਣਨੀਤੀ ਬਦਲਣੀ ਪਵੇਗੀ। ਭਾਜਪਾ ਇਸ ਰਾਖਵੀਂ ਸੀਟ ਬਦਲੇ ਜਲੰਧਰ ਦੀ ਰਾਖਵੀਂ ਸੀਟ 'ਤੇ ਉਮੀਦਵਾਰ ਉਤਾਰ ਸਕਦੀ ਹੈ। ਜਿੱਥੇ ਵਿਜੈ ਸਾਂਪਲਾ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ। ਸਾਂਪਲਾ ਤੋਂ ਬਾਅਦ ਸੋਮ ਪ੍ਰਕਾਸ਼ ਨੂੰ ਸਭ ਤੋਂ ਤਕੜਾ ਉਮੀਦਵਾਰ ਮੰਨਿਆ ਜਾਂਦਾ ਹੈ ਜਦਕਿ ਰਾਜੇਸ਼ ਬਾਘਾ ਵੀ ਕਮਰ ਕੱਸ ਰਹੇ ਹਨ। ਵੈਸੇ ਵੀ ਸੋਮ ਪ੍ਰਕਾਸ਼ ਚੂੰਕਿ ਵਿਧਾਇਕ ਅਤੇ ਸੀਪੀਐਸ ਹਨ ਤਾਂ ਪਾਰਟੀ ਸ਼ਾਇਦ ਹੀ ਉਨ੍ਹਾਂ ਨੂੰ ਲੋਕ ਸਭਾ ਚੋਣ 'ਚ ਉਤਾਰ ਕੇ ਵਿਧਾਨ ਸਭਾ ਉਪ ਚੋਣ ਦਾ ਜੋਖ਼ਮ ਉਠਾਏ। ਅਜਿਹੇ ਵਿਚ ਸਾਂਪਲਾ ਤੇ ਬਾਘਾ ਵਿਚਾਲੇ ਹੀ ਟਿਕਟ ਨੂੰ ਲੈ ਕੇ ਮੁਕਾਬਲਾ ਹੋਵੇਗਾ। ਹਾਲਾਂਕਿ ਚਰਚਾ ਲੁਧਿਆਣਾ ਸੀਟ ਦੀ ਵੀ ਹੈ ਪਰ ਅਕਾਲੀ ਦਲ ਸ਼ਾਇਦ ਹੀ ਲੁਧਿਆਣਾ ਸੀਟ ਭਾਜਪਾ ਨੂੰ ਦੇਵੇ ਅਤੇ ਭਾਜਪਾ ਵੀ ਇਸ ਜਨਰਲ ਸੀਟ ਲਈ ਜ਼ਿਆਦਾ ਜ਼ਿੱਦ ਨਾ ਕਰੇ। 




Archive

RECENT STORIES