Posted on June 26th, 2013

<p>ਆਈ.ਏ.ਐਸ. ਅਧਿਕਾਰੀ ਕਾਹਨ ਸਿੰਘ ਪੰਨੂ <br></p>
ਵੀਡੀਉ ਅਪਲੋਡ ਕਰਨ ਵਾਲਾ ਵਿਅਕਤੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਕਣਕਵਾਲ ਨਾਲ ਸਬੰਧਤ
ਮੇਰੇ ਉੱਤੇ ਸਾਜ਼ਿਸ਼ ਤਹਿਤ ਹਮਲਾ ਹੋਇਆ: ਪੰਨੂ
ਜਥੇਦਾਰ, ਦਲ ਖਾਲਸਾ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਖਾਲਸਾ ਐਕਸ਼ਨ ਕਮੇਟੀ, ਦਮਦਮੀ ਟਕਸਾਲ ਤੇ ਸ਼੍ਰੋਮਣੀ ਕਮੇਟੀ ਵੱਲੋਂ ਹਮਲੇ ਦੀ ਨਿੰਦਾ
ਚੰਡੀਗੜ੍ਹ- ਪੰਜਾਬ ਦੇ ਆਈ.ਏ.ਐਸ. ਅਧਿਕਾਰੀ ਕਾਹਨ ਸਿੰਘ ਪੰਨੂ ਉਪਰ ਗੋਬਿੰਦ ਘਾਟ ਵਿਖੇ ਹਮਲਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਸੂਚਨਾ ਤਕਨਾਲੋਜੀ ਕਾਨੂੰਨ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕਰ ਲਿਆ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਹਦਾਇਤਾਂ ’ਤੇ ਡੀ.ਜੀ.ਪੀ. ਨੇ ਆਈ.ਜੀ. ਰੈਂਕ ਦੇ ਪੁਲੀਸ ਅਧਿਕਾਰੀ ਸੰਜੀਵ ਕਾਲੜਾ ਦੀ ਅਗਵਾਈ ਹੇਠ ਇੱਕ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕਰ ਦਿੱਤਾ ਹੈ। ਇਸ ਟੀਮ ਵਿੱਚ ਸਾਈਬਰ ਅਪਰਾਧ ਸ਼ਾਖਾ ਦੇ ਮੁਖੀ ਡੀ.ਆਈ.ਜੀ. ਕੁੰਵਰ ਵਿਜੇ ਪ੍ਰਤਾਪ, ਡੀ.ਆਈ.ਜੀ. ਗੌਤਮ ਚੀਮਾ ਤੇ ਐਸ.ਐਸ.ਪੀ. ਮੁਹਾਲੀ ਗੁਰਪ੍ਰੀਤ ਸਿੰਘ ਭੁੱਲਰ ਸ਼ਾਮਲ ਹਨ। ਏ.ਡੀ.ਜੀ.ਪੀ. ਸੁਰੱਖਿਆ ਦਿਨਕਰ ਗੁਪਤਾ ਇਸ ਵਿਸ਼ੇਸ਼ ਜਾਂਚ ਦੀ ਨਿਗਰਾਨੀ ਕਰਨਗੇ।
ਸੂਤਰਾਂ ਦਾ ਦੱਸਣਾ ਹੈ ਕਿ ਪੰਜਾਬ ਪੁਲੀਸ ਦੇ ਸਾਈਬਰ ਵਿੰਗ ਵੱਲੋਂ ਇਸ ਵਿੱਚ ਵੀਡੀਉ ਫਿਲਮ ਬਨਾਉਣ ਵਾਲੇ ਵਿਅਕਤੀ, ਵੀਡੀਉ ਫਿਲਮ ਨੂੰ ਯੂ ਟਿਊਬ ਅਤੇ ਹੋਰਨਾਂ ਸ਼ੋਸ਼ਲ ਸਾਈਟਾਂ ’ਤੇ ਅਪਲੋਡ ਕਰਨ ਵਾਲੇ ਵਿਅਕਤੀਆਂ ਦਾ ਪਤਾ ਲਾਇਆ ਜਾਣਾ ਹੈ। ਸਾਈਬਰ ਅਪਰਾਧ ਸ਼ਾਖਾ ਨੇ ਬੇਸ਼ੱਕ ਵੀਡੀਉ ਅਪਲੋਡ ਕਰਨ ਵਾਲੇ ਵਿਅਕਤੀ ਦਾ ਪਤਾ ਲਗਾ ਲਿਆ ਹੈ ਪਰ ਵੀਡੀਉ ਫਿਲਮ ਬਨਾਉਣ ਵਾਲੇ ਦੀ ਪੈੜ ਨੱਪਣ ਲਈ ਜਾਂਚ ਕੀਤੀ ਜਾ ਰਹੀ ਹੈ। ਸੂਚਨਾ ਤਕਨਾਲੋਜੀ ਐਕਟ ਦਾ ਮਾਮਲਾ ਮੁਹਾਲੀ ਦੇ ਪੁਲੀਸ ਸਟੇਸ਼ਨ ਚ ਦਰਜ ਕੀਤਾ ਹੈ। ਵੀਡੀਉ ਅਪਲੋਡ ਕਰਨ ਵਾਲਾ ਵਿਅਕਤੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਕਣਕਵਾਲ ਨਾਲ ਸਬੰਧਤ ਦੱਸਿਆ ਗਿਆ ਹੈ।
ਜਾਣਕਾਰੀ ਮੁਤਾਬਕ ਪੁਲੀਸ ਨੇ ਇਸ ਘਟਨਾ ਨਾਲ ਸਬੰਧਤ ਦੋ ਹੋਰ ਵਿਅਕਤੀਆਂ ਦੀ ਪਛਾਣ ਕਰ ਲਈ ਹੈ। ਪੁਲੀਸ ਨੂੰ ਕੁੱਝ ਗੱਡੀਆਂ ਦੇ ਨੰਬਰ ਵੀ ਉਪਲੱਭਧ ਹੋਏ ਹਨ। ਇਨ੍ਹਾਂ ਕਾਰਾਂ ਰਾਹੀਂ ਹੀ ਕਾਹਨ ਸਿੰਘ ਪੰਨੂ ’ਤੇ ਹਮਲਾ ਕਰਨ ਵਾਲੇ ਵਿਅਕਤੀ ਸਵਾਰ ਹੋ ਕੇ ਪੰਜਾਬ ਨੂੰ ਆਏ ਹਨ। ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਨੂੰ ਮੁੱਖ ਮੰਤਰੀ ਰਾਹੀਂ ਉਤਰਾਖੰਡ ਸਰਕਾਰ ਨੂੰ ਭੇਜਿਆ ਜਾਵੇਗਾ ਕਿਉਂਕਿ ਗੋਬਿੰਦ ਘਾਟ ’ਤੇ ਹੋਈ ਘਟਨਾ ਦੇ ਦੋਸ਼ੀਆਂ ਵਿਰੁੱਧ ਮਾਮਲਾ ਉਤਰਾਖੰਡ ਵਿੱਚ ਹੀ ਦਰਜ ਕੀਤਾ ਜਾ ਸਕਦਾ ਹੈ।
ਪੰਜਾਬ ਦੇ ਆਈ.ਏ.ਐਸ. ਅਧਿਕਾਰੀਆਂ ਦੇ ਇੱਕ ਵਫ਼ਦ ਨੇ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਕਾਹਨ ਸਿੰਘ ਪੰਨੂ ’ਤੇ ਹਮਲਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਨੇ ਆਈ.ਏ.ਐਸ. ਆਫੀਸਰਜ਼ ਐਸੋਸੀਏਸ਼ਨ ਦੇ ਵਫ਼ਦ ਨਾਲ ਗੱਲਬਾਤ ਦੌਰਾਨ ਸ੍ਰੀ ਪੰਨੂ ’ਤੇ ਹੋਏ ਹਮਲੇ ਨੂੰ ‘ਪੰਜਾਬ ਸਰਕਾਰ ’ਤੇ ਹੋਇਆ ਹਮਲਾ’ ਦੱਸਦੇ ਹੋਏ ਇਸ ਘਟਨਾ ਦੀਆਂ ਜੜ੍ਹਾਂ ਤੱਕ ਜਾਣ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਸਥਾਪਤ ਕਰਨ ਦੇ ਹੁਕਮ ਦਿੱਤੇ ਹਨ। ਐਸੋਸੀਏਸ਼ਨ ਦੇ ਵਫ਼ਦ ਵਿੱਚ ਤਿੰਨ ਦਰਜਨ ਦੇ ਕਰੀਬ ਅਧਿਕਾਰੀ ਸ਼ਾਮਲ ਸਨ। ਸ੍ਰੀ ਬਾਦਲ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਪੂਰੀ ਤਰ੍ਹਾਂ ਅਧਿਕਾਰੀ ਦੇ ਨਾਲ ਹੈ ਅਤੇ ਇਸ ਘਟਨਾ ਨੂੰ ਪੂਰੀ ਤਰ੍ਹਾਂ ਭੜਕਾਹਟ ਪੈਦਾ ਕਰਨ ਵਾਲੀ ਮੰਨਦੀ ਹੈ ਅਤੇ ਇਹ ਘਟਨਾ ਜਿੰਨੀ ਵੀ ਗੰਭੀਰਤਾ ਮੰਗਦੀ ਹੈ, ਉਸਦੇ ਅਨੁਸਾਰ ਹੀ ਸਰਕਾਰ ਪ੍ਰਭਾਵੀ ਤਰੀਕੇ ਨਾਲ ਕਾਰਵਾਈ ਕਰੇਗੀ।
ਮੇਰੇ ਉੱਤੇ ਸਾਜ਼ਿਸ਼ ਤਹਿਤ ਹਮਲਾ ਹੋਇਆ: ਪੰਨੂ
ਮੁਹਾਲੀ- ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਅਤੇ ਸੀਨੀਅਰ ਆਈ.ਏ.ਐਸ. ਅਧਿਕਾਰੀ ਕਾਹਨ ਸਿੰਘ ਪੰਨੂ ਨੇ ਆਪਣੀ ਚੁੱਪ ਤੋੜਦਿਆਂ ਸਪੱਸ਼ਟ ਆਖਿਆ ਹੈ ਕਿ ਉੱਤਰਾਖੰਡ ਵਿੱਚ ਉਸ ਨਾਲ ਵਾਪਰੀ ਘਟਨਾ ਮਹਿਜ਼ ਇੱਕ ਹਾਦਸਾ ਨਹੀਂ ਸੀ ਸਗੋਂ ਇਹ ਸਾਰਾ ਕੁੱਝ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਹੋਇਆ ਹੈ। ਅਧਿਕਾਰੀ ਨੇ ਇਹ ਟਿੱਪਣੀ ਕਰਕੇ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਵੱਖ-ਵੱਖ ਪਹਿਲੂਆਂ ਉੱਤੇ ਬਰੀਕੀ ਨਾਲ ਝਾਤ ਮਾਰੀਏ ਤਾਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਕਿਸੇ ਸਾਜ਼ਿਸ਼ ਅਧੀਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ। ਸ੍ਰੀ ਪੰਨੂ ਨੇ ਕਿਹਾ ਕਿ ਉਨ੍ਹਾਂ ਦੀ ਉੱਤਰਾਖੰਡ ਵਿੱਚ ਪਹੁੰਚਦੇ ਸਾਰ ਹੀ ਵੀਡੀਓ ਬਣਨੀ ਸ਼ੁਰੂ ਹੋ ਗਈ ਸੀ। ਇਹ ਵੀਡੀਓ ਸਪੈਸ਼ਲ ਕੈਮਰੇ ਰਾਹੀਂ ਬਣਾਈ ਗਈ ਹੈ। ਜੇ ਸ਼ਰਧਾਲੂ ਚਾਰ ਦਿਨਾਂ ਤੋਂ ਉਥੇ ਫਸੇ ਹੋਏ ਸਨ ਕਿ ਤਾਂ ਉਥੇ ਮੌਜੂਦ ਲੋਕਾਂ ਨੇ ਆਪਣੇ ਮੋਬਾਈਲ ਕਿਥੋਂ ਚਾਰਜ ਕੀਤੇ? ਸਬੰਧਤ ਵੀਡੀਓ ਤੁਰੰਤ ਯੂ ਟਿਊਬ ’ਤੇ ਕਿਵੇਂ ਪੈ ਗਈ?
ਉਨ੍ਹਾਂ ਦੱਸਿਆ ਕਿ ਇਹ ਘਟਨਾ ਦੁਪਹਿਰ ਵੇਲੇ ਕਰੀਬ 1 ਵਜੇ ਵਾਪਰੀ। ਉਹ ਆਪਣਾ ਦਰਦ ਛੁਪਾ ਕੇ ਅੱਧੇ ਘੰਟੇ ਬਾਅਦ ਹੀ ਦੁਬਾਰਾ ਦਸਤਾਰ ਸਜ਼ਾ ਕੇ ਫਿਰ ਤੋਂ ਆਪਣੀ ਡਿਊਟੀ ’ਤੇ ਲੱਗ ਗਏ ਸੀ। ਉਨ੍ਹਾਂ ਦੱਸਿਆ ਕਿ ਘਟਨਾ ਸਥਾਨ ਤੋਂ ਥੋੜ੍ਹਾ ਪਿੱਛੇ ਹਟ ਕੇ 50 ਕੁ ਵਿਅਕਤੀਆਂ ਦਾ ਇੱਕ ਗਰੁੱਪ ਖੜ੍ਹਾ ਸੀ। ਉਸ ਨੇ ਉਨ੍ਹਾਂ ਕੋਲ ਜਾ ਕੇ ਹਾਲ-ਚਾਲ ਪੁੱਛਣਾ ਚਾਹਿਆ ਤਾਂ ਉਨ੍ਹਾਂ ’ਚੋਂ ਕਿਸੇ ਨੇ ਪੁੱਛਿਆ ਕਿ ਤੂੰ ਹੀ ਪੰਨੂ ਹੈ? ਇਸ ਤੋਂ ਤੁਰੰਤ ਬਾਅਦ ਉਹ ਇਹ ਗੱਲ ਕਹਿ ਕੇ ਉਸ ਦੇ ਪਿੱਛੇ ਪੈ ਗਏ ਕਿ ਉਸ ਨੇ ਉਨ੍ਹਾਂ ਦੇ ਗੁਰੂਆਂ ਬਾਰੇ ਅਪਸ਼ਬਦ ਬੋਲੇ ਹਨ ਅਤੇ ਦੇਖਦੇ ਹੀ ਦੇਖਦੇ ਉਹ ਸਾਰੇ ਜਣੇ ਉਸ ਨਾਲ ਬਦਸਲੂਕੀ ’ਤੇ ਉੱਤਰ ਆਏ ਅਤੇ ਉਸ ਦੀ ਕਾਫੀ ਖਿੱਚ-ਧੂਹ ਕੀਤੀ ਗਈ।
ਪੰਨੂ ਨੇ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਅਤੇ ਸਮੁੱਚੇ ਘਟਨਾ´ਮ ਤੋਂ ਜਾਣੂ ਕਰਵਾਇਆ। ਸ੍ਰੀ ਪੰਨੂ ਨੇ ਆਪਣੇ ਉੱਤੇ ਹੋਏ ਹਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਪਰ ਇਸ ਸਬੰਧੀ ਹਾਲੇ ਤੱਕ ਉਨ੍ਹਾਂ ਮੁੱਖ ਮੰਤਰੀ ਨੂੰ ਲਿਖਤੀ ਸ਼ਿਕਾਇਤ ਨਹੀਂ ਦਿੱਤੀ। ਇਸ ਬਾਰੇ ਸ੍ਰੀ ਪੰਨੂ ਦਾ ਕਹਿਣਾ ਹੈ ਕਿ ਜੇ ਸ੍ਰੀ ਬਾਦਲ ਕਹਿਣਗੇ ਤਾਂ ਉਹ ਘਟਨਾ ਬਾਰੇ ਜ਼ਰੂਰ ਲਿਖਤੀ ਸ਼ਿਕਾਇਤ ਦੇਣਗੇ।
ਉੱਤਰਾਖੰਡ ਵਿੱਚ ਘਟੀ ਇਸ ਘਟਨਾ ਸਬੰਧੀ ਪੰਜਾਬ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ, ਸਮਾਜਸੇਵੀ ਸੰਸਥਾਵਾਂ ਅਤੇ ਵੱਡੀ ਗਿਣਤੀ ਲੋਕਾਂ ਨੇ ਸ੍ਰੀ ਪੰਨੂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ। ਗੋਬਿੰਦਘਾਟ ਵਿਖੇ ਪੰਨੂੰ ਨਾਲ ਵਾਪਰੇ ਹਾਦਸੇ ਸਬੰਧੀ ਯੂ ਟਿਊਬ ’ਤੇ ਪਾਈ ਵੀਡੀਓ ਨੂੰ ਹੁਣ ਤੱਕ ਕਰੀਬ 20 ਹਜ਼ਾਰ 397 ਲੋਕਾਂ ਨੇ ਦੇਖਿਆ ਹੈ ਅਤੇ ਟਿੱਪਣੀਆਂ ਕੀਤੀਆਂ ਹਨ। ਇਸ ਵਿੱਚ ਜ਼ਿਆਦਾਤਰ ਲੋਕਾਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ
ਸ੍ਰੀ ਪੰਨੂ ਕਈ ਦਿਨਾਂ ਮਗਰੋਂ ਅੱਜ ਮੁਹਾਲੀ ਦੇ ਫੇਜ਼-8 ਸਥਿਤ ਆਪਣੇ ਦਫ਼ਤਰ ਪਹੁੰਚੇ। ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਪੰਨੂ ਨੇ ਇਸ ਸਮੁੱਚੇ ਘਟਨਾਕ੍ਰਮ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉੱਤਰਾਖੰਡ ਵਿੱਚ ਉਸ ਨਾਲ ਬਦਸਲੂਕੀ ਕਰਨ ਵਾਲੇ ਵਿਅਕਤੀਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਖ਼ਿਲਾਫ਼ ਤੁਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਘਟਨਾ ਸਬੰਧੀ ਪੰਜਾਬ ਦੇ ਇੱਕ ਕੈਬਨਿਟ ਮੰਤਰੀ ਦਾ ਨਾਂ ਚਰਚਾ ਵਿੱਚ ਆਉਣ ਅਤੇ ਮੰਤਰੀ ਵੱਲੋਂ ਉਨ੍ਹਾਂ ’ਤੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹਮਲਾ ਕਰਵਾਉਣ ਸਬੰਧੀ ਪੁੱਛੇ ਜਾਣ ’ਤੇ ਸ੍ਰੀ ਪੰਨੂ ਨੇ ਕਿਹਾ ਕਿ ਪਹਿਲਾਂ ਤਾਂ ਉਸ ਨੂੰ ਅਜਿਹੀ ਕੋਈ ਗੱਲ ਨਹੀਂ ਜਾਪਦੀ ਸੀ ਪਰ ਹੁਣ ਲੱਗਦਾ ਹੈ ਕਿ ਇਸ ਦੇ ਪਿੱਛੇ ਕੋਈ ਸਾਜ਼ਿਸ਼ ਜ਼ਰੂਰ ਹੈ ਪਰ ਉਹ ਹਮਲਾਵਰ ਨੂੰ ਨਿੱਜੀ ਤੌਰ ’ਤੇ ਨਹੀਂ ਜਾਣਦੇ।
ਜਥੇਦਾਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਹਮਲੇ ਦੀ ਨਿੰਦਾ
ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਿਪਟੀ ਜਨਰਲ ਸਿੱਖਿਆ ਐਜੂਕੇਸ਼ਨ ਕਾਹਨ ਸਿੰਘ ਪੰਨੂ ’ਤੇ ਹੋਏ ਹਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਿਨ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਅੰਤ੍ਰਿੰਗ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ ਤੇ ਨਿਰਮਲ ਸਿੰਘ ਜੌਲਾਂ ’ਤੇ ਆਧਾਰਤ ਇਹ ਕਮੇਟੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਰੂਪ ਸਿੰਘ ਦੀ ਅਗਵਾਈ ਹੇਠ ਜਾਂਚ ਕਰਕੇ ਰਿਪੋਰਟ ਦੇਵੇਗੀ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਹੁਤ ਅਫਸੋਸ ਵਾਲੀ ਘਟਨਾ ਹੈ, ਜਿਸਦੀ ਵੱਧ ਤੋਂ ਵੱਧ ਨਿੰਦਾ ਕੀਤੀ ਜਾਣੀ ਚਾਹੀਦੀ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਬਿਪਤਾ ਦੀ ਘੜੀ ਵਿਚ ਪੰਜਾਬ ਸਰਕਾਰ ਨੇ ਸੀਨੀਅਰ ਆਈ.ਏ.ਐਸ. ਅਧਿਕਾਰੀ ਸ੍ਰੀ ਪੰਨੂ ਨੂੰ ਭੇਜ ਕੇ ਹੜ੍ਹ ’ਚ ਫਸੇ ਲੋਕਾਂ ਦੀ ਫੌਰੀ ਮਦਦ ਸ਼ੁਰੂ ਕਰਾਈ ਪਰ ਕੁੱਝ ਗਲਤ ਕਿਸਮ ਦੇ ਲੋਕਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਕਾਬਲ ਅਫ਼ਸਰ ’ਤੇ ਗੁਰੂ ਸਾਹਿਬ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਦਾ ਬਹਾਨਾ ਬਣਾ ਕੇ ਉਨ੍ਹਾਂ ਉਤੇ ਹਮਲਾ ਕੀਤਾ, ਜੋ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸ੍ਰੀ ਪਨੂੰ ਤੇ ਹਮਲਾ ਗਿਣੀ ਮਿੱਥੀ ਸਾਜਿਸ਼ ਜਾਪਦੀ ਹੈ ਕਿਉਂਕਿ ਸਾਜਿਸ਼ਕਾਰਾਂ ਨੂੰ ਇਹ ਕਿਵੇਂ ਪਤਾ ਸੀ ਕਿ ਪਨੂੰ ਨੇ ਗੁਰੂ ਸਾਹਿਬ ਪ੍ਰਤੀ ਮਾੜਾ ਬੋਲਣਾ ਹੈ ਤੇ ਉਸਦੀ ਪਹਿਲਾਂ ਹੀ ਵੀਡੀਊ ਫਿਲਮ ਬਣਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਵੀਡੀਊ ਵਿਚ ਵਾਰ ਵਾਰ ਇੱਕ ਵਿਅਕਤੀ ਪਨੂੰ ਨੂੰ ਕਹਿੰਦਾ ਹੈ ਕਿ ਗੁਰੂ ਸਾਹਿਬ ਪ੍ਰਤੀ ਬੋਲਣ ਬਾਰੇ ਉਸ ਪਾਸ ਵੀਡੀਊ ਮੌਜੂਦ ਹੈ ਪਰ ਅਜੇ ਤਕ ਅਜਿਹੀ ਕੋਈ ਵੀਡੀਊ ਨੂੰ ਪਬਲਿਕ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਲੋਕਾਂ ਨੇ ਜਾਣਬੁੱਝ ਕੇ ਪਹਿਲਾਂ ਇਕ ਤਰਫਾ ਝਗੜਾ ਕੀਤਾ ਤੇ ਫਿਰ ਸਿੱਖ ਅਧਿਕਾਰੀ ਦੀ ਪੱਗ ਉਤਾਰੀ, ਕੇਸ ਪੁੱਟੇ। ਉਨ੍ਹਾਂ ਕਿਹਾ ਕਿ ਇਸ ਤੋਂ ਮਾੜੀ ਹਰਕਤ ਇਹ ਕੀਤੀ ਕਿ ਉਸੇ ਵੇਲੇ ਵੀਡੀਊ ਯੂ ਟਿਊਬ ’ਤੇ ਪਾਈ ਗਈ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਹ ਸਾਰਾ ਕੁਝ ਇਕ ਧਾਰਮਿਕ ਅਸਥਾਨ ’ਤੇ ਵਾਪਰਿਆ ਹੈ, ਇਸ ਲਈ ਸ਼੍ਰੋਮਣੀ ਕਮੇਟੀ ਦਾ ਵੀ ਇਹ ਫਰਜ਼ ਬਣਦਾ ਹੈ ਕਿ ਆਪਣੇ ਤੌਰ ’ਤੇ ਇਸ ਮਾਮਲੇ ਦੀ ਜਾਂਚ ਕਰਾਏ। ਉਨ੍ਹਾਂ ਕਿਹਾ ਕਿ ਇਸੇ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਵੀਡਿਓ ਫਿਲਮ ਵੇਖ ਕੇ ਅਤੇ ਕਾਹਨ ਸਿੰਘ ਪਨੂੰ ਨੂੰ ਮਿਲ ਕੇ ਇਹ ਕਮੇਟੀ ਸਾਰੀ ਅਸਲੀਅਤ ਦਾ ਪਤਾ ਲਾਵੇਗੀ ਅਤੇ ਛੇਤੀ ਤੋਂ ਛੇਤੀ ਜਾਂਚ ਰਿਪੋਰਟ ਪੇਸ਼ ਕਰੇਗੀ।
ਇਸੇ ਤਰ੍ਹਾਂ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ,ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ , ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਅਤੇ ਦਮਦਮੀ ਟਕਸਾਲ ਦੇ ਬੁਲਾਰੇ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਪਨੂੰ ਵਰਗੇ ਇਮਾਨਦਾਰ ਤੇ ਗੁਰੂ ਘਰ ਵਿਚ ਸ਼ਰਧਾ ਰੱਖਣ ਵਾਲੇ ਵਿਅਕਤੀ ’ਤੇ ਹਮਲਾ ਕਰਨਾ ਤੇ ਉਨ੍ਹਾਂ ਦੀ ਪੱਗ ਲਾਹੁਣੀ, ਬਹੁਤ ਹੀ ਅਫ਼ਸੋਸਨਾਕ ਤੇ ਦੁਖਦਾਈ ਘਟਨਾ ਹੈ।

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025

Posted on December 22nd, 2025