Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜਾਬੀ ਦੇ ਅਜ਼ੀਮ ਸ਼ਾਇਰ ਸ. ਹਰਭਜਨ ਸਿੰਘ ਬੈਂਸ ਦਾ ਅਲਵਿਦਾਈ ਸੰਦੇਸ਼

Posted on July 16th, 2020

ਕੁਝ ਵਰ੍ਹੇ ਪਹਿਲਾਂ ਚੜ੍ਹਦੀ ਕਲਾ ਦੇ ਸਰੀ ਦਫਤਰ ਮਿਲਣ ਆਏ ਸ. ਹਰਭਜਨ ਸਿੰਘ ਬੈਂਸ ਇਹ ਕਵਿਤਾ ਕੋਲ ਬਹਿ ਕੇ ਟਾਈਪ ਕਰਵਾ ਕੇ ਗਏ ਸਨ ਕਿ ਜਾਣ ਮਗਰੋਂ ਸੱਜਣਾਂ ਪਿਆਰਿਆਂ ਨਾਲ ਸਾਂਝੀ ਕਰ ਦੇਈਂ। ਸੋ ਬਜ਼ੁਰਗਾਂ ਨਾਲ ਕੀਤਾ ਵਾਅਦਾ ਨਿਭਾਅ ਰਿਹਾਂ। ਉਕਤ ਤਸਵੀਰ ਵੀ ਉਦੋਂ ਹੀ ਖਿੱਚੀ ਸੀ।

  • ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ

ਕਰ ਸਫਰ ਤੈਅ ਆਪਣਾ, ਮੈਂ ਜਾ ਰਿਹਾ ਹਾਂ।

ਕਲਮ ਦੀ ਸੁਰ ਸਾਂਭਣਾ, ਮੈਂ ਜਾ ਰਿਹਾ ਹਾਂ।

ਕੁਲ ਮਿਲਾ ਕੇ ਬੋਲ ਮੇਰੇ ਮਿਹਰਬਾਨੋਂ।

ਅਦਬ ਦਾ ਕਣ ਜਾਚਣਾ, ਮੈਂ ਜਾ ਰਿਹਾ ਹਾਂ।

ਸਫਰ ਰੂਪੀ ਖਰੜਿਆਂ 'ਤੇ ਨਜ਼ਰ ਪਾ ਪਾ,

ਜੋ ਜਚੇ ਉਨਵਾਨਣਾ, ਮੈਂ ਜਾ ਰਿਹਾ ਹਾਂ।

ਆ ਰਿਹਾ ਤਾਂ ਸਮਝਣਾ ਮੰਜ਼ਿਲ ਮਿਰੀ ਨੇ,

ਠਹਿਰਿਆਂ ਨੂੰ ਜਾਪਣਾ, ਮੈਂ ਜਾ ਰਿਹਾ ਹਾਂ।

ਗੁਜ਼ਰ ਗਏ ਦੇ ਸ਼ਿਕਵਿਆਂ 'ਤੇ ਗੌਰ ਕਰ ਕਰ,

ਆ ਰਹੇ ਨੂੰ ਸਾਂਭਣਾ, ਮੈਂ ਜਾ ਰਿਹਾ ਹਾਂ।

ਸ਼ਸਤਰਾਂ ਸੱਭ ਅਸਤਰਾਂ ਦੇ ਜ਼ਖਮ ਕਹਿੰਦੇ,

ਕਲਮ ਹੀ ਵਿਸ਼ਵਾਸਣਾ, ਮੈਂ ਜਾ ਰਿਹਾ ਹਾਂ।

ਜਫਾ ਕਹਿੰਦੀ ਅੱਜ ਦੇ ਇਨਸਾਨ ਵਿਚਲੀ,

'ਓਨਸ' ਨੂੰ ਪਹਿਚਾਨਣਾ, ਮੈਂ ਜਾ ਰਿਹਾ ਹਾਂ।

ਐ ਅਦੀਬੋ! ਅਦਬ ਦੇ ਦਸਤੂਰ ਮੂਜਬ,

ਮਾਨਣਾ, ਸਨਮਾਨਣਾ, ਮੈਂ ਜਾ ਰਿਹਾ ਹਾਂ।

ਕਲਮ ਦੇ ਪਰਵਾਰੀਓ ਇੱਕ ਪੁੰਨ ਕਰਿਓ,

ਰਿਸ਼ਤਿਆਂ ਨੂੰ ਆਖਣਾ ਮੈਂ ਜਾ ਰਿਹਾ ਹਾਂ।

ਨੀਂਦ ਨਾ ਹੁਣ ਤੋੜਨੀ ਚਾਹਾਂ ਕਿਸੇ ਦੀ,

ਜਾਣ ਮਗਰੋਂ ਜਾਗਣਾ ਮੈਂ ਜਾ ਰਿਹਾ ਹਾਂ।

ਅੱਜ ਦੇ ਇਸ ਦੌਰ ਅੰਦਰ ਲੋਕਤਾ ਲਈ,

ਸਹਿਜ ਹੀ ਅਰਮਾਨਣਾ, ਮੈਂ ਜਾ ਰਿਹਾ ਹਾਂ।

ਕਲਮਕਾਰੋ! ਕਦਰਦਾਨੋਂ! ਮਿਹਰਬਾਨੋਂ!

ਅਲਵਿਦਾਅ ਪ੍ਰਵਾਨਣਾ, ਮੈਂ ਜਾ ਰਿਹਾ ਹਾਂ।

-ਹਰਭਜਨ ਸਿੰਘ ਬੈਂਸ




Archive

RECENT STORIES