Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਐਸ ਪੀ ਮੋਹਨ ਲਾਲ ਨੇ ਕੀਤਾ ਆਤਮ ਸਮਰਪਣ

Posted on June 27th, 2013

ਜ਼ੀਰਕਪੁਰ : ਜ਼ੀਰਕਪੁਰ ਪੁਲਸ ਵਲੋਂ ਐਸ ਪੀ ਬਟਾਲਾ ਖ਼ਿਲਾਫ਼ ਬੀਤੀ 17 ਜੂਨ ਨੂੰ ਰਿਸ਼ੀ ਅਪਾਰਟਮੈਂਟ ਵਿਚ ਇਕ ਲੜਕੀ ਨੂੰ ਕਥਿਤ ਰੂਪ ਵਿਚ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰਨ ਤੋਂ ਬਾਅਦ ਵਧ ਰਹੇ ਦਬਾਅ ਹੇਠ ਬੁੱਧਵਾਰ ਨੂੰ ਐਸਪੀ ਮੋਹਨ ਲਾਲ ਨੇ ਆਤਮ ਸਮਰਪਣ ਕਰ ਦਿੱਤਾ। ਐਸਪੀ (ਡੀ) ਮੋਹਾਲੀ ਬਲਵਿੰਦਰ ਸਿੰਘ ਨੇ ਜ਼ੀਰਕਪੁਰ ਵਿਖੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ। ਐਸਪੀ ਮੋਹਨ ਲਾਲ ਦਾ ਮੈਡੀਕਲ ਕਰਵਾ ਕੇ ਉਸ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਪੀ (ਡੀ) ਬਲਵਿੰਦਰ ਸਿੰਘ ਨੇ ਦਸਿਆ ਕਿ ਬੀਤੀ 17 ਮਈ ਨੂੰ ਜਿਸ ਸਮੇ ਲਵਲੀਨ ਕੌਰ ਪੁੱਤਰੀ ਲਖਵਿੰਦਰ ਸਿੰਘ ਨੇ ਰਿਸ਼ੀ ਅਪਾਰਟਮੈਂਟ ਦੀ ਛੇਵੀਂ ਮੰਜ਼ਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ ਸੀ ਤਾਂ ਉਸ ਸਮੇਂ ਉਸ ਦੇ ਵਾਰਸਾਂ ਵਲੋਂ ਕੋਈ ਕਾਰਵਾਈ ਨਾ ਕਰਵਾਉਣ ਕਾਰਨ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰ ਦਿੱਤੀ ਸੀ ਪਰ ਬਾਅਦ ਵਿਚ ਉਸ ਦੇ ਪਿਤਾ ਲਖਵਿੰਦਰ ਸਿੰਘ ਵਾਸੀ ਧੀਦੋਵਾਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਐਸਪੀ ਮੋਹਨ ਲਾਲ ਨੇ ਉਸ ਦੀ ਧੀ ਨਾਲ ਵਿਆਹ ਕਰਵਾ ਲਿਆ ਸੀ ਅਤੇ ਹੁਣ ਉਹ ਉਸ ਨੂੰ ਅਪਨਾਉਣ ਤੋਂ ਇਨਕਾਰ ਕਰ ਰਿਹਾ ਸੀ। 

ਅਪਣੀ ਸ਼ਿਕਾਇਤ ਵਿਚ ਉਸ ਨੇ ਦਸਿਆ ਸੀ ਕਿ ਮੋਹਨ ਲਾਲ ਨੇ ਲਵਲੀਨ ਕੌਰ ਨੂੰ ਅਪਣੇ ਘਰ ਵਿਚ ਬੰਧਕ ਬਣਾ ਕੇ ਰੱਖਿਆ ਹੋਇਆ ਸੀ। ਇਸ ਤੋਂ ਇਲਾਵਾ ਉਸ ਨੇ ਐਸਪੀ ਮੋਹਨ ਲਾਲ ਉੱਤੇ ਅਪਣੀ ਧੀ ਦਾ ਕਤਲ ਕਰਨ ਦਾ ਵੀ ਦੋਸ਼ ਲਾਇਆ ਸੀ। ਐਸਪੀ ਬਲਵਿੰਦਰ ਸਿੰਘ ਨੇ ਦਸਿਆ ਕਿ ਕਾਨੂੰਨੀ ਮਾਹਰਾਂ ਦੀ ਸਲਾਹ ਤੋਂ ਬਾਅਦ ਪੁਲਸ ਨੇ ਐਸਪੀ ਮੋਹਨ ਲਾਲ ਖ਼ਿਲਾਫ਼ ਲਵਲੀਨ ਨੂੰ ਕਥਿਤ ਰੂਪ ਵਿਚ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਸੀ। ਜਿਸ ਤੋਂ ਬਾਅਦ ਪੁਲਸ ਵਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਦੋਸ਼ੀ ਮੋਹਨ ਲਾਲ ਦੀ ਭਾਲ ਵਿਚ ਰਾਜਪੁਰਾ, ਬੱਸੀ ਪਠਾਣਾ ਸਮੇਤ ਉਸ ਦੀਆਂ ਹੋਰ ਰਿਸ਼ਤੇਦਾਰੀਆਂ ਅਤੇ ਸਾਕ ਸਬੰਧੀਆਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਸੀ। ਪੁਲਸ ਦੇ ਵਧਦੇ ਦਬਾਅ ਕਾਰਨ ਐਸਪੀ ਮੋਹਨ ਲਾਲ ਨੇ ਬੁੱਧਵਾਰ ਨੂੰ ਜ਼ੀਰਕਪੁਰ- ਪਟਿਆਲਾ ਸੜਕ 'ਤੇ ਸਥਿਤ ਅਪਸਰਾ ਮੈਰਿਜ ਪੈਲਸ ਕੋਲ ਆਤਮ ਸਮਰਪਣ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਮਿ੍ਰਤਕ ਲਵਲੀਨ ਦੇ ਪੋਸਟ ਮਾਰਟਮ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਮੋਹਨ ਲਾਲ ਖ਼ਿਲਾਫ਼ ਦਰਜ ਮਾਮਲੇ ਵਿਚ ਹੋਰ ਧਾਰਾਵਾਂ ਦਾ ਵਾਧਾ ਵੀ ਕੀਤਾ ਜਾ ਸਕਦਾ ਹੈ। 




Archive

RECENT STORIES